For the best experience, open
https://m.punjabitribuneonline.com
on your mobile browser.
Advertisement

ਗੁਰਦਾਸਪੁਰ: ਲੱਤ ਤੋਂ ਅਪਾਹਜ ਮੁਲਜ਼ਮ ਸਿਵਲ ਹਸਪਤਾਲ ਦੀ 7 ਫੁੱਟ ਉੱਚੀ ਕੰਧ ਟੱਪ ਕੇ ਫ਼ਰਾਰ, ਪੁਲੀਸ ਨੂੰ ਹੱਥਾਂ-ਪੈਰਾਂ ਦੀ ਪਈ

06:09 PM Dec 05, 2023 IST
ਗੁਰਦਾਸਪੁਰ  ਲੱਤ ਤੋਂ ਅਪਾਹਜ ਮੁਲਜ਼ਮ ਸਿਵਲ ਹਸਪਤਾਲ ਦੀ 7 ਫੁੱਟ ਉੱਚੀ ਕੰਧ ਟੱਪ ਕੇ ਫ਼ਰਾਰ  ਪੁਲੀਸ ਨੂੰ ਹੱਥਾਂ ਪੈਰਾਂ ਦੀ ਪਈ
Advertisement

ਕੇਪੀ ਸਿੰਘ
ਗੁਰਦਾਸਪੁਰ, 5 ਦਸੰਬਰ
ਲੱਤ ਤੋਂ ਅਪਾਹਜ ਮੁਲਜ਼ਮ ਇਥੋਂ ਦੇ ਸਿਵਲ ਹਸਪਤਾਲ ਦੀ ਕਰੀਬ ਸੱਤ ਫੁੱਟ ਦੀ ਕੰਧ ਟੱਪ ਕੇ ਫ਼ਰਾਰ ਹੋ ਗਿਆ, ਜਿਸ ਨੂੰ ਕਰੀਬ ਘੰਟੇ ਮਗਰੋਂ ਨੌਜਵਾਨ ਨੇ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਥਾਣਾ ਸਦਰ ਦੇ ਪੁਲੀਸ ਮੁਲਾਜ਼ਮ ਸ਼ਰਾਬ ਦੇ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਇੱਕ ਹੋਰ ਮੁਲਜ਼ਮ ਵੀ ਸੀ, ਜਿਸ ਨੂੰ ਹੱਥਕੜੀ ਲਗਾਈ ਸੀ ਪਰ ਅਪਾਹਜ ਨੂੰ ਹੱਥਕੜੀ ਨਹੀਂ ਲੱਗੀ ਸੀ। ਸਿਵਲ ਹਸਪਤਾਲ ਵਿੱਚ ਮੌਜੂਦ ਮੈਡੀਕਲ ਵਿਦਿਆਰਥੀਆਂ ਨੇ ਦੱਸਿਆ ਕਿ ਮੈਡੀਕਲ ਜਾਂਚ ਲਈ ਮੁਲਜ਼ਮ ਦਾ ਸੈਂਪਲ ਲੈਣ ਤੋਂ ਬਾਅਦ ਪੁਲੀਸ ਨੇ ਉਸ ਨੂੰ ਵਾਰਡ ਦੇ ਬਾਹਰ ਬੈਠਾ ਦਿੱਤਾ। ਇਸ ਦਾ ਫ਼ਾਇਦਾ ਉਠਾਉਂਦੇ ਹੋਏ ਇਹ ਮੁਲਜ਼ਮ ਕਰੀਬ ਸੱਤ ਫੁੱਟ ਉੱਚੀ ਕੰਧ ਟੱਪ ਕੇ ਉੱਥੋਂ ਫ਼ਰਾਰ ਹੋ ਗਿਆ। ਇਸ ਦਾ ਪਤਾ ਲੱਗਦਿਆਂ ਹੀ ਹਸਪਤਾਲ 'ਚ ਭਾਜੜਾਂ ਪੈ ਗਈਆਂ, ਜਿਵੇਂ ਹੀ ਪੁਲੀਸ ਮੁਲਾਜ਼ਮਾਂ ਨੇ ਮੁਲਜ਼ਮ ਦਾ ਪਿੱਛਾ ਕੀਤਾ ਤਾਂ ਉੱਥੇ ਮੌਜੂਦ ਨੌਜਵਾਨ ਜੋ ਖ਼ੁਦ ਵੀ ਉੱਥੇ ਮੈਡੀਕਲ ਕਰਵਾਉਣ ਲਈ ਆਇਆ ਹੋਇਆ ਸੀ, ਨੇ ਵੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਰੀਬ ਇੱਕ ਘੰਟੇ ਬਾਅਦ ਉਸ ਨੂੰ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ।
ਨੌਜਵਾਨ ਨੇ ਦੱਸਿਆ ਕਿ ਜਦੋਂ ਉਸ ਨੇ ਮੁਲਜ਼ਮ ਦਾ ਪਿੱਛਾ ਕੀਤਾ ਤਾਂ ਨੇੜਲੇ ਪਿੰਡ ਬੱਬਰੀ ਕੋਲ ਪੁੱਜਾ ਤਾਂ ਇਕ ਵਿਅਕਤੀ ਨੂੰ ਝਾੜੀਆਂ ਵਿੱਚ ਲੁੱਕ ਕੇ ਭੰਗ ਰਗੜ ਰਿਹਾ ਸੀ, ਜਦੋਂ ਉਸ ਕੋਲੋਂ ਪੁੱਛ ਪੜਤਾਲ ਕੀਤੀ ਤਾਂ ਮੁਲਜ਼ਮ ਨੇ ਦੱਸਿਆ ਕਿ ਉਹ ਪੋਲਟਰੀ ਫਾਰਮ ਤੋਂ ਗੱਡੀ ਲੈ ਕੇ ਆਇਆ ਸੀ। ਮੁਲਜ਼ਮ ਨੇ ਜੋ ਟੀ-ਸ਼ਰਟ ਪਹਿਨੀ ਸੀ, ਉਹ ਵੀ ਬਦਲ ਚੁੱਕਿਆ ਸੀ। ਨੌਜਵਾਨ ਨੂੰ ਸ਼ੱਕ ਹੋਇਆ ਤਾਂ ਉਹ ਉਸ ਨੂੰ ਆਪਣੇ ਨਾਲ ਹਸਪਤਾਲ ਲੈ ਗਿਆ, ਜਿੱਥੇ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਪਛਾਣ ਲਿਆ ਅਤੇ ਵਾਪਸ ਸਦਰ ਥਾਣੇ ਲੈ ਗਏ। ਸਦਰ ਥਾਣਾ ਇੰਚਾਰਜ ਅਮਨਦੀਪ ਸਿੰਘ ਨੇ ਇਸ ਮਾਮਲੇ ਵਿੱਚ ਸਿਰਫ਼ ਇਹ ਜਾਣਕਾਰੀ ਦਿੱਤੀ ਕਿ ਮੁਲਜ਼ਮ ਸ਼ਰਾਬ ਦੇ ਕਿਸੇ ਕੇਸ ਵਿੱਚ ਭਗੌੜਾ ਹੈ, ਜਦਕਿ ਉਸ ਦਾ ਨਾਂ ਅਤੇ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਡੀਐੱਸਪੀ ਸਿਟੀ ਸੁਖਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।

Advertisement

Advertisement
Author Image

Advertisement
Advertisement
×