For the best experience, open
https://m.punjabitribuneonline.com
on your mobile browser.
Advertisement

ਗੁਰਚਰਨ ਸਿੰਘ ਟੌਹੜਾ ਢਾਈ ਦਹਾਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ

08:56 AM Oct 28, 2024 IST
ਗੁਰਚਰਨ ਸਿੰਘ ਟੌਹੜਾ ਢਾਈ ਦਹਾਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ
ਮਾਸਟਰ ਤਾਰਾ ਸਿੰਘ, ਗੁਰਚਰਨ ਸਿੰਘ ਟੌਹੜਾ, ਅਵਤਾਰ ਸਿੰਘ ਮੱਕੜ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਮੌਕੇ ਪਟਿਆਲਾ ਵੀ ਕੇਂਦਰ ਬਿੰਦੂ ਬਣਦਾ ਰਿਹਾ ਹੈ। ਪ੍ਰਧਾਨਗੀ ਦੇ ਇਸ ਵੱਕਾਰੀ ਅਹੁਦੇ ’ਤੇ ਸਭ ਤੋਂ ਵੱਧ ਸਮਾਂ (ਢਾਈ ਦਹਾਕੇ) ਇੱਥੋਂ ਦੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਕਾਬਜ਼ ਰਹੇ ਹਨ। 6 ਜਨਵਰੀ 1973 ਨੂੰ ਪਹਿਲੀ ਵਾਰ ਪ੍ਰਧਾਨ ਬਣੇ ਟੌਹੜਾ 23 ਮਾਰਚ 1986 ਤੱਕ ਲਗਾਤਾਰ 13 ਸਾਲ ਕਾਬਜ਼ ਰਹੇ। ਉਂਜ 31 ਮਾਰਚ 2004 ਨੂੰ ਆਖਰੀ ਸਾਹ ਵੀ ਪ੍ਰਧਾਨ ਵਜੋਂ ਹੀ ਲਿਆ। ਗੋਪਾਲ ਸਿੰਘ ਕੌਮੀ ਅਜਿਹੇ ਸ਼ਖ਼ਸ ਰਹੇ ਹਨ ਜੋ ਕੇਵਲ ਇੱਕ ਦਿਨ (17 ਜੂਨ 1933) ਪ੍ਰਧਾਨ ਰਹੇ।
ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਟੌਹੜਾ 1960 ਤੋਂ 2004 ਤੱਕ 44 ਸਾਲ ਮੈਂਬਰ ਰਹੇ। ਪ੍ਰਧਾਨਗੀ ਉਨ੍ਹਾਂ ਨੂੰ ਪਹਿਲੀ ਵਾਰ 6 ਜਨਵਰੀ 1973 ਨੂੰ ਮਿਲੀ ਤੇ ਉਹ 23 ਮਾਰਚ 1986 ਤੱਕ ਲਗਾਤਾਰ 13 ਸਾਲ ਪ੍ਰਧਾਨ ਰਹੇ। ਫਿਰ ਭਾਵੇਂ ਕਾਬਲ ਸਿੰਘ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਪਰ ਨਵੰਬਰ 1986 ’ਚ ਸੱਤ ਮਹੀਨਿਆਂ ਮਗਰੋਂ ਹੀ ਪ੍ਰਧਾਨਗੀ ਮੁੜ ਟੌਹੜਾ ਕੋਲ ਆ ਗਈ ਤੇ ਉਹ 28 ਨਵੰਬਰ 1990 ਤੱਕ ਚਾਰ ਸਾਲ ਫੇਰ ਪ੍ਰਧਾਨ ਰਹੇ। ਇਸ ਮਗਰੋਂ ਬਲਦੇਵ ਸਿੰਘ ਸਿਬੀਆ ਪ੍ਰਧਾਨ ਬਣ ਗਏ ਪਰ ਸਾਲ ਮਗਰੋਂ ਆਈ ਅਗਲੀ ਹੀ ਚੋਣ ’ਚ ਨਵੰਬਰ 1991 ’ਚ ਸ੍ਰੀ ਟੌਹੜਾ ਨੂੰ ਹੀ ਮੁੜ ਪ੍ਰਧਾਨ ਬਣਾਉਣਾ ਪਿਆ ਤੇ ਇਸ ਵਾਰ ਉਹ ਅਕਤੂਬਰ 1996 ਤੱਕ ਪੰਜ ਸਾਲ ਪ੍ਰਧਾਨਗੀ ’ਤੇ ਕਾਬਜ਼ ਰਹੇ।
ਕਾਬਿਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਫੁੱਟ ਦੌਰਾਨ 1999 ਵਿੱਚ ਬਾਦਲ ਧੜੇ ਨੇ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਹਟਾ ਦਿੱਤਾ ਸੀ ਤੇ ਬਾਦਲ ਦਲ ਦੇ ਉਮੀਦਵਾਰ ਵਜੋਂ ਬੀਬੀ ਜਗੀਰ ਕੌਰ ਪਹਿਲੇ ਮਹਿਲਾ ਪ੍ਰਧਾਨ ਬਣੇ ਤੇ ਉਹ ਨਵੰਬਰ 2000 ਤੱਕ 19 ਮਹੀਨੇ ਪ੍ਰਧਾਨ ਰਹੇ। ਉਂਜ ਸ੍ਰੀ ਟੌਹੜਾ ਦੀ ਗੈਰਮੌਜੂਦਗੀ ’ਚ ਨਵੰਬਰ 2001 ਤੱਕ ਇੱਕ ਸਾਲ ਲਈ ਜਗਦੇਵ ਸਿੰਘ ਤਲਵੰਡੀ ਨੂੰ ਵੀ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ। ਫਿਰ 27 ਨਵੰਬਰ 2001 ਅਤੇ 2002 ’ਚ ਦੋ ਵਾਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਬਣਦੇ ਰਹੇ ਪਰ ਉਨ੍ਹਾਂ ਰਾਹੀਂ ਪ੍ਰਧਾਨਗੀ ਅਜਿਹੀ ਪਟਿਆਲੇ ਆਈ ਕਿ ਟੌਹੜਾ ਨੇ ਵਾਪਸ ਨਾ ਪਰਤਣ ਦਿੱਤੀ। ਕਿਉਂਕਿ ਬਾਦਲ-ਟੌਹੜਾ ’ਚ ਸਮਝੌਤੇ ਦੇ ਤਹਿਤ ਪੰਥਕ ਏਕਤਾ ਲਈ ਤਿਆਗ ਕਰਦਿਆਂ ਪ੍ਰੋ. ਬਡੂੰਗਰ ਨੇ 20 ਜੁਲਾਈ 2003 ਨੂੰ ਅਸਤੀਫ਼ਾ ਦੇ ਦਿੱਤਾ ਜਿਨ੍ਹਾਂ ਦੀ ਥਾਂ ਸ੍ਰੀ ਟੌਹੜਾ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ। ਇਹ ਉਨ੍ਹਾਂ ਲਈ ਆਖਰੀ ਗੇੜ ਦੀ ਪ੍ਰਧਾਨਗੀ ਸਾਬਤ ਹੋਈ ਕਿਉਂਕਿ ਅੱਠ ਮਹੀਨਿਆਂ ਮਗਰੋਂ 31 ਮਾਰਚ 2004 ਦੀ ਰਾਤ ਨੂੰ ਪੰਥ ਦੀ ਮਹਾਨ ਸ਼ਖਸੀਅਤ ਟੌਹੜਾ ਦਾ ਦੇਹਾਂਤ ਹੋ ਗਿਆ। ਹੁਣ ਉਨ੍ਹਾਂ ਧੀ ਬੀਬੀ ਕੁਲਦੀਪ ਕੌਰ ਟੌਹੜਾ ਵੀ ਡਕਾਲਾ ਤੋਂ ਮੈਂਬਰ ਹਨ ਪਰ ਟੌਹੜਾ ਦੇ ਹਲਕੇ ਭਾਦਸੋਂ ਤੋਂ ਉਨ੍ਹਾਂ ਦੇ ਕਰੀਬੀ ਰਹੇ ਸਤਵਿੰਦਰ ਸਿੰਘ ਟੌਹੜਾ 2004 ਤੋਂ ਮੈਂਬਰ ਚੱਲੇ ਆ ਰਹੇ ਹਨ।

Advertisement

ਮਾਸਟਰ ਤਾਰਾ ਸਿੰਘ 16 ਸਾਲ ਪ੍ਰਧਾਨਗੀ ’ਤੇ ਰਹੇ ਕਾਬਜ਼

ਸ਼੍ਰੋਮਣੀ ਕਮੇਟੀ ਦਾ ਵੱਧ ਸਮਾਂ ਪ੍ਰਧਾਨ ਰਹਿਣ ਵਾਲਿਆਂ ’ਚੋਂ ਮਾਸਟਰ ਤਾਰਾ ਸਿੰਘ 16 ਸਾਲ, ਅਵਤਾਰ ਸਿੰਘ ਮੱਕੜ 11 ਸਾਲ ਅਤੇ ਸੰਤ ਚੰਨਣ ਸਿੰਘ 10 ਸਾਲ ਪ੍ਰਧਾਨ ਰਹੇ ਹਨ। ਪਹਿਲੇ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਬਣੇ ਪਰ ਕਮੇਟੀ ਦਾ ਐਕਟ ਬਣਨ ਮਗਰੋਂ ਪਲੇਠੀ ਪ੍ਰਧਾਨਗੀ ਬਾਬਾ ਖੜਕ ਸਿੰਘ ਦੇ ਹਿੱਸੇ ਆਈ ਸੀ। ਮਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹਨ ਜੋ ਤਿੰਨ ਵਾਰ ਪ੍ਰਧਾਨ ਬਣਨ ਮਗਰੋਂ ਐਤਕੀਂ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਹਨ। ਅਕਾਲੀ ਦਲ ਸੁਧਾਰ ਲਹਿਰ ਨੇ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਣਾਇਆ ਹੈ।

Advertisement

Advertisement
Author Image

sukhwinder singh

View all posts

Advertisement