ਲੋੜਵੰਦਾਂ ਨੂੰ ਪੜ੍ਹਾਉਣ ’ਚ ਭੂਮਿਕਾ ਨਿਭਾਅ ਰਹੀ ਹੈ ਗੁਰਬਚਨ ਸੇਵਾ ਸੁਸਾਇਟੀ
ਪੱਤਰ ਪ੍ਰੇਰਕ
ਚਾਉਕੇ, 8 ਜੂਨ
ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਲੋੜਵੰਦ ਬੱਚਿਆਂ ਨੂੰ ਪੜ੍ਹਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਬੱਲ੍ਹੋ ਦੇ ਮਜ਼ਦੂਰ ਕਾਕਾ ਸਿੰਘ ਦੀ ਧੀ ਗੁਰਜੀਤ ਕੌਰ ਦੀ ਉੱਚੇਰੀ ਸਿੱਖਿਆ ਲਈ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਤਰਫ਼ੋਂ ਕੀਤੇ ਗਏ ਉਪਰਾਲੇ ਕਰਕੇ ਉਸ ਨੇ ਉੱਚ ਵਿੱਦਿਆ ਹਾਸਲ ਕੀਤੀ ਹੈ। ਗੁਰਜੀਤ ਕੌਰ ਪੜ੍ਹਾਈ ‘ਚ ਹੁਸ਼ਿਆਰ ਹੋਣ ਕਰਕੇ ਬੀਏ, ਬੀਐੱਡ, ਅੰਗਰੇਜ਼ੀ ਦੀ ਐੱਮਏ ਅਤੇ ਟੈੱਟ ਦੀ ਪ੍ਰੀਖਿਆ ਪਾਸ ਕਰ ਚੁੱਕੀ ਹੈ। ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਤੇ ਦਵਿੰਦਰ ਸਿੰਘ ਫਰਾਂਸ ਨੇ ਕਿਹਾ ਕਿ ਇਸ ਪਿੰਡ ਦੀ ਧੀ ਨੇ ਆਪਣੀ ਕਾਬਲੀਅਤ ਸਾਬਤ ਕਰਕੇ ਦੱਸ ਦਿੱਤਾ ਹੈ ਕਿ ਲੜਕੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਹਨ। ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਧੀ ਗੁਰਜੀਤ ਕੌਰ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਹੌਂਸਲਾ ਅਫਜ਼ਾਈ ਕੀਤੀ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜੂ ਢੱਡੇ ਨੇ ਬੇਟੀ ਦਾ ਵਿਸ਼ੇਸ਼ ਸਨਮਾਨ ਕੀਤਾ। ਸੰਸਥਾ ਦੇ ਮੈਂਬਰ ਕਰਮਜੀਤ ਸਿੰਘ ਨੇ ਦੱਸਿਆ ਕਿ ਗੁਰਜੀਤ ਦੇ ਪਿਤਾ ਮਾਤਾ ਦਿਹਾੜੀ ਕਰਦੇ ਹਨ ਤੇ ਬੱਚਿਆਂ ਨੂੰ ਪੜ੍ਹਾਉਣ ਤੋਂ ਅਸਮਰੱਥ ਸਨ। ਗੁਰਜੀਤ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਮੀਤ ਸਿੰਘ ਮਾਨ ਵੱਲੋਂ ਕੀਤੀ ਗਈ ਸਹਾਇਤਾ ਕਰਕੇ ਪੜ੍ਹਨ ਵਿੱਚ ਸਫਲਤਾ ਹਾਸਲ ਕੀਤੀ ਹੈ।