ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿੰਬੂ ਜਾਤੀ ਦੇ ਬੂਟਿਆਂ ਦਾ ਗੂੰਦੀਆ ਰੋਗ

08:54 AM Sep 07, 2024 IST

ਪਰਮਿੰਦਰ ਕੌਰ ਅਤੇ ਸਵਰੀਤ ਖਹਿਰਾ*

Advertisement

ਫਲਦਾਰ ਬੂਟਿਆਂ ਦੀਆਂ ਬਿਮਾਰੀਆਂ ਫਲਾਂ ਦੀ ਉਤਪਾਦਕਤਾ ਵਧਾਉਣ ਵਿੱਚ ਮੁੱਖ ਰੁਕਾਵਟਾਂ ਹਨ। ਫਲਦਾਰ ਬੂਟੇ ਬਰਸਾਤ ਰੁੱਤ ਵਿੱਚ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਸਿੱਟੇ ਵਜੋਂ ਫਲਾਂ ਦੀ ਗੁਣਵੱਤਾ ਅਤੇ ਪੈਦਾਵਾਰ ’ਤੇ ਮਾੜਾ ਅਸਰ ਪੈਂਦਾ ਹੈ ਅਤੇ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ। ਨਿੰਬੂ-ਜਾਤੀ ਦੇ ਬੂਟਿਆਂ ਵਿੱਚ ਗੂੰਦੀਆ ਰੋਗ ਇਕ ਗੰਭੀਰ ਸਮੱਸਿਆ ਹੈ ਇਸ ਲੇਖ ਵਿੱਚ ਗੂੰਦੀਆ ਰੋਗ ਦੇ ਲੱਛਣ ਅਤੇ ਉਨ੍ਹਾਂ ਦੀ ਸਰਵਪੱਖੀ ਰੋਕਥਾਮ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ ਤਾਂ ਜੋ ਬਾਗ਼ਬਾਨ ਨਿੰਬੂ ਜਾਤੀ ਦੇ ਫਲਦਾਰ ਬੂਟਿਆਂ ਤੋਂ ਚੰਗਾ ਝਾੜ ਪ੍ਰਾਪਤ ਕਰ ਕੇ ਵੱਧ ਮੁਨਾਫ਼ਾ ਕਮਾ ਸਕਣ।
ਗੂੰਦੀਆ ਰੋਗ ਦੀਆਂ ਨਿਸ਼ਾਨੀਆਂ: ਇਹ ਬਿਮਾਰੀ ਉੱਲੀ ਦੇ ਹਮਲੇ ਕਾਰਨ ਹੁੰਦੀ ਹੈ। ਇਸ ਦਾ ਹਮਲਾ ਹੁਸ਼ਿਆਰਪੁਰ ਅਤੇ ਅਬੋਹਰ ਵਿੱਚ ਕਿੰਨੂ ਦੇ ਬਾਗ਼ਾਂ ਤੇ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਤਣੇ ਦੇ ਪਿਉਂਦ ਵਾਲੇ ਹਿੱਸੇ ਨੇੜਿਓਂ ਗੂੰਦ ਨਿੱਕਲਣਾ ਇਸ ਬਿਮਾਰੀ ਦੀ ਪਹਿਲੀ ਨਿਸ਼ਾਨੀ ਹੈ। ਇਸ ਕਰ ਕੇ ਇਸ ਨੂੰ ਗੂੰਦੀਆ ਰੋਗ ਕਿਹਾ ਜਾਂਦਾ ਹੈ। ਬਿਮਾਰੀ ਵਾਲੇ ਹਿੱਸੇ ਅਤੇ ਨਾਲ ਲੱਗਦੇ ਤਣੇ ਦੇ ਹਿੱਸੇ ਦੀ ਛਿੱਲ ਭੂਰੀ ਤੋਂ ਕਾਲੀ ਹੋ ਜਾਂਦੀ ਹੈ ਜਿਵੇਂ-ਜਿਵੇਂ ਜ਼ਖ਼ਮ ਵੱਡੇ ਹੁੰਦੇ ਹਨ, ਛਿੱਲ ਵਿੱਚ ਲੰਬੇ ਰੁਖ਼ ਤਰੇੜਾਂ ਪੈ ਜਾਂਦੀਆਂ ਹਨ। ਪੱਤੇ ਪੀਲੇ ਪੈ ਜਾਂਦੇ ਹਨ, ਉੱਲੀ ਜ਼ਮੀਨ ਦੇ ਅੰਦਰ ਪਲਦੀ ਰਹਿੰਦੀ ਹੈ ਅਤੇ ਰੋਗੀ ਬੂਟਿਆਂ ਦੀਆਂ ਜੜ੍ਹਾਂ ਨੂੰ ਖ਼ਤਮ ਕਰ ਦਿੰਦੀ ਹੈ। ਇਸ ਕਾਰਨ ਬੂਟੇ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟਾ ਹੌਲੀ-ਹੌਲੀ ਮਰ ਜਾਂਦਾ ਹੈ। ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਬਿਮਾਰੀ ਵਾਲੇ ਹਿੱਸੇ ਵਿੱਚੋਂ ਕਾਲੇ ਰੰਗ ਦਾ ਤਰਲ ਪਦਾਰਥ ਵੀ ਨਿਕਲਦਾ ਹੈ। ਇਹ ਵੀ ਇਸੇ ਬਿਮਾਰੀ ਦੀ ਇੱਕ ਮੁੱਖ ਨਿਸ਼ਾਨੀ ਹੈ। ਰੋਗੀ ਬੂਟੇ ਨੂੰ ਫੁੱਲ ਜ਼ਿਆਦਾ ਪੈਂਦਾ ਹੈ ਜੋ ਪਹਿਲਾਂ ਹੀ ਕਿਰ ਜਾਂਦੇ ਹਨ ਅਤੇ ਫਲ ਦੇ ਪੱਕਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਇਹ ਬਿਮਾਰੀ ਕਈ ਵਾਰ ਨਰਸਰੀ ਵਿੱਚ ਵੀ ਹਮਲਾ ਕਰਦੀ ਹੈ ਜਿਸ ਨਾਲ ਪਨੀਰੀ ਮੁਰਝਾ ਜਾਂਦੀ ਹੈ ਅਤੇ ਤਣਾ ਅਤੇ ਜੜ੍ਹਾਂ ਗਲ ਜਾਂਦੀਆਂ ਹਨ।
ਕਿਹੜੇ ਕਾਰਨਾਂ ਕਰ ਕੇ ਗੂੰਦੀਆ ਰੋਗ ਵੱਧ ਆਉਂਦਾ ਹੈ-
* ਭਾਰੀਆਂ ਅਤੇ ਸੇਮ ਵਾਲੇ ਇਲਾਕੇ ਵਿੱਚ ਇਹ ਬਿਮਾਰੀ ਜ਼ਿਆਦਾ ਆਉਂਦੀ ਹੈ।
* ਇਹ ਬਿਮਾਰੀ 25-28 ਡਿਗਰੀ ਤਾਪਮਾਨ ’ਤੇ ਵੱਧ ਫੈਲਦੀ ਹੈ।
* ਜੇ ਪਿਉਂਦ ਕੀਤੀ ਅੱਖ ਜ਼ਮੀਨ ਵਿੱਚ ਡੂੰਘੀ ਦੱਬੀ ਗਈ ਹੋਵੇ।
* ਬਿਮਾਰੀ ਵਾਲੇ ਬੂਟੇ ਬਾਗ਼ ਵਿੱਚ ਲਗਾਏ ਗਏ ਹੋਣ।
* ਪਾਣੀ ਖੁੱਲ੍ਹਾ ਲੱਗਿਆ ਹੋਵੇ।
* ਗੋਡੀ ਕਰਨ ਨਾਲ ਮੁੱਢ ਅਤੇ ਜੜ੍ਹਾਂ ’ਤੇ ਕੱਟ ਲੱਗ ਗਏ ਹੋਣ।
* ਤਣੇ ਦੇ ਨੇੜੇ ਰੂੜੀ ਦੇ ਢੇਰ ਲੱਗੇ ਹੋਣ।
* ਬੂਟੇ ਦੇ ਹੇਠਾਂ ਨਦੀਨਾਂ ਹੋਣ।
* ਤਣੇ ਦੁਆਲੇ ਜ਼ਿਆਦਾ ਮਿੱਟੀ ਚੜ੍ਹਾਈ ਹੋਵੇ ਆਦਿ ਹਾਲਤਾਂ ਇਸ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੁੰਦੀਆਂ ਹਨ।
* ਜੁਲਾਈ-ਅਕਤੂਬਰ ਦੇ ਮਹੀਨਿਆਂ ਦੌਰਾਨ ਵਾਤਾਵਰਨ ਵਿੱਚ ਸਿੱਲ੍ਹ ਵਧ ਜਾਂਦੀ ਹੈ, ਜਿਸ ਕਰ ਕੇ ਬਿਮਾਰੀ ਦਾ ਹਮਲਾ ਬੜੀ ਤੇਜ਼ੀ ਨਾਲ ਵਧਦਾ ਹੈ।
ਗੂੰਦੀਆ ਰੋਗ ਦੇ ਇਲਾਜ ਲਈ ਕੁਝ ਸਾਵਧਾਨੀਆਂ ਜ਼ਰੂਰੀ ਹਨ-
* ਬੂਟੇ ਹਮੇਸ਼ਾ ਰੋਗ ਰਹਿਤ ਨਰਸਰੀ ਤੋਂ ਹੀ ਖ਼ਰੀਦੋ।
* ਬੂਟੇ ਲਗਾਉਣ ਸਮੇਂ ਪਿਉਂਦ ਕੀਤੀ ਅੱਖ ਨੂੰ ਜ਼ਮੀਨ ਤੋਂ 9 ਇੰਚ ਉੱਚਾ ਰੱਖੋ।
* ਬਾਗ਼ ਵਿੱਚ ਜ਼ਮੀਨ ਦੀ ਪੀਐੱਚ ਜੇ 8.0 ਤੋਂ ਘੱਟ ਹੋਵੇ ਤਾਂ ਕਿੰਨੂ ਲਈ ਕੈਰੀਜ਼ੋ ਜੜ੍ਹ-ਮੁੱਢ ਵੀ ਵਰਤਿਆ ਜਾ ਸਕਦਾ ਹੈ। ਇਹ ਜੜ੍ਹ-ਮੁੱਢ ਗੂੰਦੀਆ ਰੋਗ ਨੂੰ ਰੋਕਣ ਵਿੱਚ ਸਮਰੱਥ ਹੁੰਦਾ ਹੈ।
* ਬੂਟੇ ਉਸ ਜ਼ਮੀਨ ’ਤੇ ਹੀ ਲਗਾਉ ਜਿੱਥੇ ਪਾਣੀ ਦੇ ਨਿਕਾਸ ਦਾ ਚੰਗਾ ਪ੍ਰਬੰਧ ਹੋਵੇ ਭਾਰੀ ਜ਼ਮੀਨ ਨਾ ਹੋਵੇ ਤਾਂ ਚੰਗਾ ਹੈ।
* ਬੂਟਿਆਂ ਨੂੰ ਪਾਣੀ ਲੋੜ ਦੇ ਅਨੁਸਾਰ ਹੀ ਲਗਾਉ ਕਿਉਂਕਿ ਇਹ ਬਿਮਾਰੀ ਪਾਣੀ ਰਾਹੀਂ ਬੜੀ ਤੇਜ਼ੀ ਨਾਲ ਫੈਲਦੀ ਹੈ।
* ਸਿੰਜਾਈ ਵਾਲਾ ਪਾਣੀ ਸਿੱਧਾ ਬੂਟਿਆਂ ਦੇ ਤਣੇ ਨਾਲ ਨਾ ਲੱਗਣ ਦਿਉ ਬਿਮਾਰੀ ਹੇਠ ਆਏ ਬੂਟਿਆਂ ਨੂੰ ਵੱਟਾਂ ਬਣਾ ਕੇ ਪਾਣੀ ਲਗਾਉ ਤਾਂ ਜੋ ਬਿਮਾਰੀ ਅੱਗੇ ਨਾ ਵਧ ਸਕੇ।
* ਇਸ ਬਿਮਾਰੀ ਦੇ ਹਮਲੇ ਨੂੰ ਡਰਿੱਪ (ਤੁਪਕਾ) ਸਿੰਜਾਈ ਵਿਧੀ ਨਾਲ ਪਾਣੀ ਦੀ ਸਹੀ ਵਰਤੋਂ ਕਰ ਕੇ ਵੀ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
* ਬੂਟਿਆਂ ਦਾ ਘੇਰਾ ਅਤੇ ਆਲਾ-ਦੁਆਲਾ ਸਾਫ਼ ਸੁਥਰਾ ਰੱਖੋ ਅਤੇ ਸਾਰੇ ਰੋਗੀ ਬੂਟਿਆਂ ਨੂੰ ਜੜ੍ਹੋਂ ਪੁੱਟ ਕੇ ਸਾੜ ਦਿਉ।
* ਬਾਗ਼ ਵਿੱਚ ਕੰਮ ਕਰਦੇ ਸਮੇਂ ਤਣੇ ਅਤੇ ਜੜ੍ਹਾਂ ਨੂੰ ਜ਼ਖ਼ਮੀ ਹੋਣ ਤੋਂ ਬਚਾਓ। ਇਸ ਵਾਸਤੇ ਡੂੰਘੀ ਵਹਾਈ ਨਾ ਕਰੋ।
* ਤਣੇ ਦੇ ਆਲੇ-ਦੁਆਲੇ ਮਿੱਟੀ ਚੜ੍ਹਾਉਣ ਤੋਂ ਗੁਰੇਜ਼ ਕਰੋ।

ਗੂੰਦੀਆ ਰੋਗ ਦੀ ਰੋਕਥਾਮ-

Advertisement

* ਬਿਮਾਰੀ ਵਾਲੇ ਹਿੱਸੇ ਨਾਲ ਥੋੜ੍ਹਾ ਜਿਹਾ ਤੰਦਰੁਸਤ ਹਿੱਸਾ ਵੀ ਖ਼ੁਰਚ ਦਿਉ ਅਤੇ ਛਿੱਲ ਨੂੰ ਇਕੱਠਾ ਕਰ ਕੇ ਨਸ਼ਟ ਕਰ ਦਿਉੇ ਤਾਂ ਜੋ ਉੱਲੀ ਜ਼ਮੀਨ ਵਿੱਚ ਵਧ ਨਾ ਸਕੇ। ਜ਼ਖ਼ਮਾਂ ਨੂੰ ਰੋਗ ਰਹਿਤ ਕਰਨ ਦੇ ਘੋਲ ਨਾਲ ਸਾਫ਼ ਕਰ ਕੇ ਬੋਰਡੋ ਪੇਸਟ (ਮੱਲ੍ਹਮ) ਲਗਾ ਦਿਉ। ਜਦੋਂ ਬੋਰਡੋ ਪੇਸਟ ਸੁੱਕ ਜਾਵੇ ਤਾਂ ਇਸ ਉੱਤੇ ਬੋਰਡੋ ਪੇਂਟ ਲਾ ਦਿਉ। ਫਿਰ ਇਸ ਤੋਂ ਬਾਅਦ ਬੋਰਡੋ ਮਿਸ਼ਰਨ (2:2:250) ਦਾ ਛਿੜਕਾਅ ਕਰ ਦਿਉ।
* ਸਾਫ਼ ਕੀਤੇ ਜ਼ਖ਼ਮਾਂ ’ਤੇ 2 ਗ੍ਰਾਮ ਕਰਜ਼ੈਟ ਐਮ-8 ਨੂੰ 100 ਮਿਲੀਲਿਟਰ ਅਲਸੀ ਦੇ ਤੇਲ ਵਿੱਚ ਘੋਲ ਕੇ ਸਾਲ ਵਿੱਚ ਦੋ ਵਾਰ (ਫਰਵਰੀ-ਮਾਰਚ ਅਤੇ ਜੁਲਾਈ-ਅਗਸਤ) ਜ਼ਖ਼ਮਾਂ ਤੇ ਮਲ ਦਿਉ। ਉਸ ਤੋਂ ਬਾਅਦ 25 ਗ੍ਰਾਮ ਕਰਜ਼ੈਟ ਐਮ-8 ਨੂੰ 10 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਤਣੇ ਦੇ ਚਾਰੇ ਪਾਸੇ ਵਾਲੀ ਮਿੱਟੀ ਨੂੰ ਚੰਗੀ ਤਰ੍ਹਾਂ ਗੜੁੱਚ ਕਰ ਦਿਉ।
* ਇਸ ਤੋਂ ਇਲਾਵਾ ਬੂਟਿਆਂ ਦੇ ਮੁੱਢਾਂ ਅਤੇ ਉਨ੍ਹਾਂ ਦੀ ਛਤਰੀ ਹੇਠ 50 ਮਿਲੀਲਿਟਰ ਸੋਡੀਅਮ ਹਾਈਪੋਕਲੋਰਾਈਟ 5% ਪ੍ਰਤੀ ਬੂਟੇ ਦੇ ਹਿਸਾਬ ਨਾਲ 10 ਲਿਟਰ ਪਾਣੀ ਵਿੱਚ ਘੋਲ ਕੇ ਫਰਵਰੀ-ਮਾਰਚ ਅਤੇ ਜੁਲਾਈ-ਅਗਸਤ ਵਿੱਚ ਚੰਗੀ ਤਰ੍ਹਾਂ ਛਿੜਕਾਅ ਕਰੋ।
* ਜਿਹੜੇ ਕਿਸਾਨ ਜੈਵਿਕ ਖੇਤੀ ਨੂੰ ਤਰਜ਼ੀਹ ਦਿੰਦੇ ਹਨ, ਉਹ ਇਸ ਰੋਗ ਦੀ ਰੋਕਥਾਮ ਲਈ 100 ਗ੍ਰਾਮ ਟਰਾਈਕੋਡਰਮਾ ਐਸਪੈਰੇਲਮ ਪਾਊਡਰ ਨੂੰ 2.5 ਕਿਲੋ ਰੂੜੀ ਨਾਲ ਮਿਲਾ ਕੇ ਸੋਡੀਅਮ ਹਾਈਪੋਕਲੋਰਾਈਟ ਦੇ ਛਿੜਕਾਅ ਤੋਂ ਇੱਕ ਹਫ਼ਤਾ ਬਾਅਦ, ਬੂਟੇ ਦੇ ਮੁੱਢਾਂ ਅਤੇ ਘੇਰੇ ਵਿੱਚ ਫਰਵਰੀ-ਮਾਰਚ ਅਤੇ ਫਿਰ ਜੁਲਾਈ-ਅਗਸਤ ਵਿੱਚ ਪਾਉਣ ਨਾਲ ਇਸ ਬਿਮਾਰੀ ਦੀ ਰੋਕਥਾਮ ਬੜੀ ਚੰਗੀ ਤਰ੍ਹਾਂ ਕਰ ਸਕਦੇ ਹਨ।
*ਪੀਏਯੂ, ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ।

Advertisement