ਗੰਦਰਬਲ ਹਮਲਾ
ਕੇਂਦਰ ਸ਼ਾਸਿਤ (ਯੂਟੀ) ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਸ਼ਾਂਤੀਪੂਰਬਕ ਵਿਧਾਨ ਸਭਾ ਚੋਣਾਂ ਕਰਾਉਣ ਅਤੇ ਚੁਣੀ ਹੋਈ ਸਰਕਾਰ ਕਾਇਮ ਕਰਨ ਨੂੰ ਲੈ ਕੇ ਬਣਿਆ ਉਤਸ਼ਾਹ ਦਾ ਮਾਹੌਲ ਥੋੜ੍ਹ ਚਿਰਾ ਸਾਬਿਤ ਹੋਇਆ ਹੈ। ਗੰਦਰਬਲ ਵਿੱਚ ਹੋਏ ਦਹਿਸ਼ਤਗਰਦ ਹਮਲੇ ਵਿੱਚ ਇੱਕ ਡਾਕਟਰ ਅਤੇ ਸੁਰੰਗ ਨਿਰਮਾਣ ਵਿੱਚ ਲੱਗੇ ਛੇ ਮਜ਼ਦੂਰਾਂ ਦੀਆਂ ਜਾਨਾਂ ਚਲੀਆਂ ਗਈਆਂ ਜਿਸ ਨਾਲ ਇੱਕ ਵਾਰ ਫਿਰ ਇਹ ਗੱਲ ਉਜਾਗਰ ਹੋਈ ਹੈ ਕਿ ਪਾਕਿਸਤਾਨ ਵੱਲੋਂ ਭਾਰਤ, ਖ਼ਾਸਕਰ ਜੰਮੂ ਕਸ਼ਮੀਰ ਨੂੰ ਲਹੂ ਲੁਹਾਣ ਕਰਨ ਦੀ ਆਪਣੀ ਨੀਤੀ ਜਾਰੀ ਰੱਖੀ ਹੋਈ ਹੈ। ਇਹ ਕੋਈ ਘੱਟ ਚਿੰਤਾ ਦੀ ਗੱਲ ਨਹੀਂ ਹੈ ਕਿ ਇਹ ਹਮਲਾ ਉਦੋਂ ਹੋਇਆ ਹੈ ਜਦੋਂ ਵਿਦੇਸ਼ ਮਾਮਲਿਆਂ ਦੇ ਮੰਤਰੀ ਐੱਸ ਜੈਸ਼ੰਕਰ ਇਸਲਾਮਾਬਾਦ ਵਿੱਚ ਸ਼ੰਘਾਈ ਸਹਿਯੋਗ ਸੰਘ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਦੇ ਦੌਰੇ ’ਤੇ ਗਏ ਸਨ।
ਜੰਮੂ ਕਸ਼ਮੀਰ ਦੀਆਂ ਚੋਣਾਂ ਵਿੱਚ ਲੋਕਾਂ ਨੇ ਕਾਫ਼ੀ ਵਧ ਚੜ੍ਹ ਕੇ ਹਿੱਸਾ ਲਿਆ ਸੀ ਅਤੇ ਇਸ ਤੋਂ ਬਾਅਦ ਭਾਰਤੀ ਸੁਰੱਖਿਆ ਤੇ ਸੂਹੀਆ ਏਜੰਸੀਆਂ ਨੇ ਮੁਸਤੈਦੀ ਘਟਾ ਦਿੱਤੀ ਸੀ। ਪਿਛਲੇ ਕੁਝ ਮਹੀਨਿਆਂ ਤੋਂ ਜੰਮੂ ਖੇਤਰ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਪਾਕਿਸਤਾਨ ਆਧਾਰਿਤ ਦਹਿਸ਼ਤਪਸੰਦ ਗਰੁੱਪਾਂ ਨੇ ਹੁਣ ਮੁੜ ਕਸ਼ਮੀਰ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਦਾ ਮੰਤਵ ਵਾਦੀ ਦੇ ਵਿਕਾਸ ਨੂੰ ਰੋਕਣਾ ਅਤੇ ਬਾਹਰੀ ਕਾਮਿਆਂ ਵਿੱਚ ਡਰ ਪੈਦਾ ਕਰਨਾ ਹੋ ਸਕਦਾ ਹੈ। ਕੇਂਦਰ ਅਤੇ ਯੂਟੀ ਸਰਕਾਰ ਨੂੰ ਆਮ ਵਰਗੇ ਹਾਲਾਤ ਅਤੇ ਸ਼ਾਂਤੀ ਕਾਇਮ ਕਰਨ ਲਈ ਮਿਲਜੁਲ ਕੇ ਕੰਮ ਕਰਨ ਦੀ ਲੋੜ ਪਵੇਗੀ। ਜੰਮੂ ਕਸ਼ਮੀਰ ਦੇ ਅਰਥਚਾਰੇ ਨੂੰ ਹੁਲਾਰਾ ਦੇਣ ਵਿੱਚ ਪਰਵਾਸੀ ਕਾਮਿਆਂ ਅਤੇ ਸੈਲਾਨੀਆਂ ਦੀ ਅਹਿਮ ਭੂਮਿਕਾ ਰਹੇਗੀ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਯਕੀਨਦਹਾਨੀ ਕਰਾਈ ਜਾਣੀ ਜ਼ਰੂਰੀ ਹੈ।
ਨਵੀਂ ਦਿੱਲੀ ਨੇ ਕਈ ਵਾਰ ਸਪੱਸ਼ਟ ਕੀਤਾ ਹੈ ਕਿ ਦੁਵੱਲੀ ਵਾਰਤਾ ਉਦੋਂ ਤੱਕ ਬਹਾਲ ਨਹੀਂ ਹੋ ਸਕਦੀ ਜਦੋਂ ਤੱਕ ਇਸਲਾਮਾਬਾਦ/ਰਾਵਲਪਿੰਡੀ ਅਤਿਵਾਦ ’ਤੇ ਲਗਾਮ ਨਹੀਂ ਕਸਦੇ। ਇੰਝ ਜਾਪਦਾ ਹੈ ਕਿ ਪਾਕਿਸਤਾਨ ਨੇ ਲਗਭਗ ਦਹਾਕੇ ਬਾਅਦ ਭਾਰਤੀ ਵਿਦੇਸ਼ ਮੰਤਰੀ ਦੀ ਮੇਜ਼ਬਾਨੀ ਕਰ ਕੇ ਜਿਹੜਾ ਲਾਭ ਖੱਟਿਆ ਸੀ, ਉਸ ਨੂੰ ਦਿਨਾਂ ਵਿੱਚ ਹੀ ਗੁਆ ਲਿਆ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਪਿਛਲੇ ਹਫ਼ਤੇ ਕਿਹਾ ਸੀ, “ਅਸੀਂ ਪਿਛਲੇ 75 ਸਾਲ ਤਾਂ ਗੁਆ ਲਏ ਹਨ ਪਰ ਅਹਿਮ ਇਹ ਹੈ ਕਿ ਅਗਲੇ 75 ਨਾ ਗੁਆ ਲਈਏ।” ਹਾਲਾਂਕਿ ਉਦੋਂ ਤੱਕ ਖੜੋਤ ਟੁੱਟਣ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ ਜਦੋਂ ਤੱਕ ਸ਼ਰੀਫ ਭਰਾ ਪਾਕਿਸਤਾਨੀ ਸੈਨਾ ਅੱਗੇ ਬੇਵਸ ਹਨ ਤੇ ਇਸ ਨੂੰ ਭਾਰਤ ਦਾ ਨੁਕਸਾਨ ਕਰਨ ਤੋਂ ਰੋਕਣ ’ਚ ਨਾਕਾਮ ਹਨ।