ਗੁਲਵੀਰ ਸਿੰਘ ਏਸ਼ਿਆਈ ਕਰਾਸ ਕੰਟਰੀ ਲਈ ਅੱਠ ਮੈਂਬਰੀ ਭਾਰਤੀ ਟੀਮ ’ਚ ਸ਼ਾਮਲ
ਨਵੀਂ ਦਿੱਲੀ, 7 ਅਕਤੂਬਰ
ਏਸ਼ਿਆਈ ਖੇਡਾਂ ਦੇ ਤਗ਼ਮਾ ਜੇਤੂ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੂੰ 20 ਅਕਤੂਬਰ ਨੂੰ ਹਾਂਗਕਾਂਗ ਵਿੱਚ ਹੋਣ ਵਾਲੀ ਏਸ਼ਿਆਈ ਕਰਾਸ ਕੰਟਰੀ ਚੈਂਪੀਅਨਸ਼ਿਪ ਲਈ ਅੱਜ ਅੱਠ ਮੈਂਬਰੀ ਭਾਰਤੀ ਸੀਨੀਅਰ ਟੀਮ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਫ਼ੌਜ ਦੇ ਇਸ 26 ਸਾਲਾ ਖਿਡਾਰੀ ਨੇ ਪਿਛਲੇ ਸਾਲ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਰਤੀ ਐਥਲੈਟਿਕਸ ਫੈਡਰੇਸ਼ਨ (ਏਐੱਫਆਈ) ਦੀ ਚੋਣ ਕਮੇਟੀ ਨੇ 24 ਨਵੰਬਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਹੋਣ ਵਾਲੀ ਦੱਖਣੀ ਏਸ਼ਿਆਈ ਕਰਾਸ ਕੰਟਰੀ ਚੈਂਪੀਅਨਸ਼ਿਪ ਲਈ ਕੌਮੀ ਸੀਨੀਅਰ ਅਤੇ ਜੂਨੀਅਰ ਟੀਮਾਂ ਦਾ ਐਲਾਨ ਕਰ ਦਿੱਤਾ ਹੈ।
ਏਸ਼ਿਆਈ ਕਰਾਸ ਕੰਟਰੀ ਵਿੱਚ ਹਿੱਸਾ ਲੈਣ ਵਾਲੀ ਕੌਮੀ ਟੀਮ ਨੂੰ ਨਵੰਬਰ ’ਚ ਪਾਕਿਸਤਾਨ ’ਚ ਏਸ਼ਿਆਈ ਕਰਾਸ ਕੰਟਰੀ ’ਚ ਖੇਡਣ ਦਾ ਵੀ ਮੌਕਾ ਮਿਲੇਗਾ। ਏਐੱਫਆਈ ਦੇ ਪ੍ਰਧਾਨ ਆਦਿਲ ਸੁਮਰੀਵਾਲਾ ਨੇ ਕਿਹਾ, ‘ਪਾਕਿਸਤਾਨ ’ਚ ਹੋਣ ਵਾਲੀ ਦੱਖਣੀ ਏਸ਼ਿਆਈ ਕਰਾਸ-ਕੰਟਰੀ ਚੈਂਪੀਅਨਸ਼ਿਪ ਵਿੱਚ ਅਥਲੀਟਾਂ ਦੀ ਹਿੱਸੇਦਾਰੀ ਫਿੱਟਨੈਸ ’ਤੇ ਨਿਰਭਰ ਕਰੇਗੀ। ਜੋ ਵੀ ਅਥਲੀਟ ਅਨਫਿੱਟ ਹੋਵੇਗਾ, ਉਸ ਨੂੰ ਕੌਮੀ ਟੀਮ ’ਚੋਂ ਬਾਹਰ ਕਰ ਦਿੱਤਾ ਜਾਵੇਗਾ।’ ਏਸ਼ਿਆਈ ਕਰਾਸ ਕੰਟਰ ਚੈਂਪੀਅਨਸ਼ਿਪ ਲਈ ਸੀਨੀਅਰ ਪੁਰਸ਼ ਟੀਮ ਵਿੱਚ ਗੁਲਵੀਰ ਸਿੰਘ, ਕਾਰਤਿਕ ਕੁਮਾਰ, ਅਭਿਸ਼ੇਕ ਪਾਲ ਤੇ ਅਰੁਣ ਰਾਠੌਰ ਅਤੇ ਸੀਨੀਅਰ ਮਹਿਲਾ ਟੀਮ ਵਿੱਚ ਅੰਕਿਤਾ, ਸੀਮਾ, ਸੰਜੀਵਨੀ ਜਾਧਵ ਤੇ ਸੋਨੀਕਾ ਅਤੇ ਜੂਨੀਅਰ ਪੁਰਸ਼ ਟੀਮ ਵਿੱਚ ਅਮਰਦੀਪ ਪਾਲ, ਕ੍ਰਿਪਾਸ਼ੰਕਰ ਯਾਦਵ, ਵਿਨੋਦ ਸਿੰਘ ਤੇ ਗੌਰਵ ਭਾਸਕਰ ਭੋਸਲੇ ਅਤੇ ਜੂਨੀਅਰ ਮਹਿਲਾ ਟੀਮ ਵਿੱਚ ਏਕਤਾ ਡੇ, ਸੁਨੀਤਾ ਦੇਵੀ, ਸ਼ਿਲਪਾ ਧਿਓਰਾ ਤੇ ਪ੍ਰਾਚੀ ਅੰਕੁਸ਼ ਦੇਵਕਰ ਸ਼ਾਮਲ ਹਨ। -ਪੀਟੀਆਈ