ਗੁਲਵੀਰ ਨੇ 10 ਹਜ਼ਾਰ ਮੀਟਰ ਵਿੱਚ 16 ਸਾਲ ਪੁਰਾਣਾ ਕੌਮੀ ਰਿਕਾਰਡ ਤੋੜਿਆ
ਨਵੀਂ ਦਿੱਲੀ, 17 ਮਾਰਚ
ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਅਥਲੀਟ ਗੁਲਵੀਰ ਸਿੰਘ ਨੇ ਕੈਲੀਫੋਰਨੀਆ ਦੇ ਸਾਂ ਯੁਆਨ ਕੈਪਿਸਟ੍ਰੈਨੋ ’ਚ ‘ਦਿ ਟੈੱਨ’ ਮੁਕਾਬਲੇ ਵਿੱਚ ਪੁਰਸ਼ਾਂ ਦੀ 10 ਹਜ਼ਾਰ ਮੀਟਰ ਦੌੜ ਵਿੱਚ 16 ਸਾਲ ਪੁਰਾਣਾ ਕੌਮੀ ਰਿਕਾਰਡ ਤੋੜਦਿਆਂ ਆਪਣੀ ਹੀਟ ’ਚ ਦੂਜਾ ਸਥਾਨ ਹਾਸਲ ਕੀਤਾ ਹੈ। ਅਥਲੀਟ ਨੇ ਬੀਤੇ ਦਿਨ ਇਸ ਮੁਕਾਬਲੇ ’ਚ 27 ਮਿੰਟ 41.81 ਸਕਿੰਟ ਦਾ ਸਮਾਂ ਕੱਢ ਕੇ ਸੁਰਿੰਦਰ ਸਿੰਘ ਵੱਲੋਂ 2008 ’ਚ ਬਣਾਇਆ 28 ਮਿੰਟ 02.89 ਸਕਿੰਟ ਦਾ ਰਿਕਾਰਡ ਤੋੜਿਆ। ਗੁਲਵੀਰ ਦੀ ਇਹ ਕੋਸ਼ਿਸ਼ ਹਾਲਾਂਕਿ ਓਲੰਪਿਕ ਦੇ ਕੁਆਲੀਫਿਕੇਸ਼ਨ ਲਈ ਕਾਫੀ ਨਹੀਂ ਸੀ। ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਿਕੇਸ਼ਨ ਸਮਾਂ 27 ਮਿੰਟ ਹੈ ਅਤੇ ਇਸ ਤਰ੍ਹਾਂ ਇਹ ਭਾਰਤੀ ਅਥਲੀਟ 41 ਸਕਿੰਟ ਦੇ ਫਰਕ ਨਾਲ ਇਹ ਹਾਸਲ ਕਰਨ ਤੋਂ ਖੁੰਝ ਗਿਆ। ਇਸ ਮੁਕਾਬਲੇ ’ਚ ਭਾਗ ਲੈ ਰਿਹਾ ਇੱਕ ਹੋਰ ਭਾਰਤੀ ਅਥਲੀਟ ਕਾਰਤਿਕ ਕੁਮਾਰ 28 ਮਿੰਟ, 01.90 ਸਕਿੰਟ ਦਾ ਸਮਾਂ ਲੈ ਕੇ ਨੌਵੇਂ ਸਥਾਨ ’ਤੇ ਰਿਹਾ। ਉਸ ਦਾ ਸਮਾਂ ਵੀ ਸੁਰਿੰਦਰ ਸਿੰਘ ਦੇ ਪਿਛਲੇ ਕੌਮੀ ਰਿਕਾਰਡ ਤੋਂ ਬਿਹਤਰ ਹੈ। ਭਾਰਤ ਦਾ ਇੱਕ ਹੋਰ ਅਥਲੀਟ ਅਵਿਨਾਸ਼ ਸਾਬਲੇ ਇਸੇ ਮੁਕਾਬਲੇ ’ਚ ਆਪਣੀ ਦੌੜ ਪੂਰੀ ਨਹੀਂ ਕਰ ਸਕਿਆ। ਮਹਿਲਾਵਾਂ ਦੀ 10 ਹਜ਼ਾਰ ਮੀਟਰ ਦੌੜ ’ਚ ਭਾਰਤ ਦੀ ਪਾਰੁਲ ਚੌਧਰੀ ਵੀ ਓਲੰਪਿਕ ਕੁਆਲੀਫਿਕੇਸ਼ਨ ’ਚ ਨਾਕਾਮ ਰਹੀ। -ਪੀਟੀਆਈ