For the best experience, open
https://m.punjabitribuneonline.com
on your mobile browser.
Advertisement

ਗੁਲਸ਼ਨ ਕੋਮਲ ਦਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨ

11:05 AM May 08, 2024 IST
ਗੁਲਸ਼ਨ ਕੋਮਲ ਦਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨ
ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਦੇ ਅਹੁਦੇਦਾਰ ਗੁਲਸ਼ਨ ਕੋਮਲ ਦਾ ਸਨਮਾਨ ਕਰਦੇ ਹੋਏ
Advertisement

ਬ੍ਰਿਸਬੇਨ: ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਵਿਸ਼ੇਸ਼ ਸਮਾਗਮ ਰਚਾਇਆ ਗਿਆ। ਜਿਸ ਵਿੱਚ ਕੈਨੇਡਾ ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਪ੍ਰਸਿੱਧ ਗਾਇਕਾ ਗੁਲਸ਼ਨ ਕੋਮਲ ਨੂੰ ਆਪਣੇ ਕਰੀਅਰ ਦੇ 50 ਵਰ੍ਹੇ ਪੂਰੇ ਹੋਣ ’ਤੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੀਤਕਾਰ ਮੰਗਲ ਹਠੂਰ ਦੀ ਪੰਦਰਵੀਂ ਪੁਸਤਕ ‘ਪਿੰਡ ਦਾ ਗੇੜਾ’ ਲੋਕ ਅਰਪਣ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਤਰਕਸ਼ੀਲ ਲੇਖਕ ਅਤੇ ਸਮਾਜ ਸੇਵੀ ਮਨਜੀਤ ਬੋਪਾਰਾਏ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਸ ਤੋਂ ਬਾਅਦ ਸੁਰਜੀਤ ਸੰਧੂ, ਕੁਲਜੀਤ ਸੰਧੂ, ਮੀਤ ਧਾਲੀਵਾਲ, ਗੁਰਜੀਤ ਬਾਰੀਆ, ਬਿੱਕਰ ਬਾਈ, ਮਲਕੀਤ ਧਾਲੀਵਾਲ ਨੇ ਗੀਤਾਂ ਨਾਲ ਅਤੇ ਗੀਤਕਾਰ ਨਿਰਮਲ ਦਿਓਲ ਨੇ ਕਵਿਤਾ ਨਾਲ ਹਾਜ਼ਰੀ ਲਵਾਈ। ਹੋਰਨਾਂ ਬੁਲਾਰਿਆਂ ਵਿੱਚ ਪਰਮਜੀਤ ਸਰਾਏ ਅਤੇ ਪ੍ਰਭਜੋਤ ਸਿੰਘ ਸੰਧੂ ਸਿਡਨੀ ਨੇ ਆਪਣੇ ਵਿਚਾਰ ਰੱਖੇ।
ਸਮਾਗਮ ਦੇ ਆਖਰੀ ਸੈਸ਼ਨ ਵਿੱਚ ਗੀਤਕਾਰ ਮੰਗਲ ਹਠੂਰ ਨੇ ਕਈ ਗੀਤ ਪੇਸ਼ ਕਰਦਿਆਂ ਮਹਿਫ਼ਲ ਵਿੱਚ ਰੰਗ ਬੰਨ੍ਹ ਦਿੱਤਾ। ਇਸ ਤੋਂ ਬਾਅਦ ਗਾਇਕਾ ਗੁਲਸ਼ਨ ਕੋਮਲ ਨੇ ਆਪਣੇ ਯਾਦਗਾਰੀ ਗੀਤਾਂ ਨਾਲ ਮਾਹੌਲ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਪਾਲ ਰਾਊਕੇ ਨਾਲ ਉਸ ਦਾ ਮਸ਼ਹੂਰ ਦੋਗਾਣਾ ‘ਘਰੇ ਚੱਲ ਕੱਢੂ ਰੜਕਾਂ’ ਤਾਂ ਸਿਖਰ ਦਾ ਵੀ ਸਿਖਰ ਹੋ ਨਿੱਬੜਿਆ। ਅੰਤ ਵਿੱਚ ਮੁੱਖ ਮਹਿਮਾਨ ਸੁੱਖੀ ਬਾਠ ਨੇ ਪੰਜਾਬ ਭਵਨ ਦੇ ਵਿਸ਼ਵ ਪੱਧਰੀ ਤਾਲਮੇਲ, ਮਨੋਰਥ ਅਤੇ ਪ੍ਰਾਜੈਕਟਾਂ ਬਾਰੇ ਦੱਸਦਿਆਂ ਇਪਸਾ ਦੇ ਕਾਰਜਾਂ ਦੀ ਸਿਫ਼ਤ ਕੀਤੀ। ਇਸ ਮੌਕੇ ਉਨ੍ਹਾਂ ਨੇ ਇਪਸਾ ਸਾਹਿਤ ਅਕਾਦਮੀ ਲਈ 2000 ਡਾਲਰ, ਇਪਸਾ ਸਪੋਰਟਸ ਅਕਾਦਮੀ ਲਈ 2000 ਡਾਲਰ ਅਤੇ ਆਉਂਦੇ ਰਾਊਕੇ ਵਿਸਾਖੀ ਮੇਲੇ ਲਈ ਵੀ 2000 ਡਾਲਰ ਦੀ ਰਾਸ਼ੀ ਦਾਨ ਦੇਣ ਦਾ ਐਲਾਨ ਕੀਤਾ।
ਇਪਸਾ ਵੱਲੋਂ ਗਾਇਕਾ ਗੁਲਸ਼ਨ ਕੋਮਲ ਨੂੰ ਇਪਸਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ 500 ਡਾਲਰ ਅਤੇ ਗੀਤਕਾਰ ਮੰਗਲ ਹਠੂਰ ਨੂੰ 1000 ਡਾਲਰ ਨਾਲ ਇਪਸਾ ਸੋਵੀਨਾਰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਜਰਨੈਲ ਸਿੰਘ ਬਾਸੀ, ਅਮਰਜੀਤ ਸਿੰਘ ਮਾਹਲ, ਤਰਸੇਮ ਸਿੰਘ ਸਹੋਤਾ, ਪ੍ਰੀਤਮ ਸਿੰਘ ਝੱਜ, ਪਾਲ ਰਾਊਕੇ, ਗੁਰਵਿੰਦਰ ਸਿੰਘ ਖੱਟੜਾ, ਦਲਵੀਰ ਹਲਵਾਰਵੀ, ਨਿਰਮਲਜੀਤ ਨਿੰਮਾ ਨਿਊਜ਼ੀਲੈਂਡ, ਬਲਜੀਤ ਬਾਠ, ਬਿਕਰਮਜੀਤ ਚੰਦੀ, ਗੁਰਜੀਤ ਉੱਪਲ, ਇਕਬਾਲ ਸਿੰਘ ਧਾਮੀ, ਸ਼ਮਸ਼ੇਰ ਸਿੰਘ ਚੀਮਾ, ਸੁਖਮੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ।
ਖ਼ਬਰ ਸਰੋਤ: ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ

Advertisement

ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ

ਕੈਲਗਰੀ: ਈ ਦੀਵਾਨ ਸੁਸਾਇਟੀ, ਕੈਲਗਰੀ ਵੱਲੋਂ ਆਪਣੇ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸਾਖ ਮਹੀਨੇ ਵਿੱਚ ਦੂਜਾ ਆਨਲਾਈਨ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀਆਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
ਸੁਸਾਇਟੀ ਦੇ ਸੰਸਥਾਪਕ ਜਗਬੀਰ ਸਿੰਘ ਕੋਹਲੀ ਨੇ ਸਭ ਨੂੰ ‘ਜੀ ਆਇਆਂ’ ਆਖਦੇ ਹੋਏ ਕਵੀ ਦਰਬਾਰ ਦੇ ਮਕਸਦ ’ਤੇ ਚਾਨਣਾ ਪਾਇਆ। ਪ੍ਰੋਗਰਾਮ ਦਾ ਆਰੰਭ ਟੋਰਾਂਟੋ ਤੋਂ ਪਹੁੰਚੇ ਪਰਮਜੀਤ ਸਿੰਘ, ਪਰਨੀਤ ਕੌਰ ਤੇ ਸਿਮਰਲੀਨ ਕੌਰ ਵੱਲੋਂ ਗਾਇਨ ਕੀਤੇ ਸ਼ਬਦ- ‘ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ’ ਨਾਲ ਕੀਤਾ ਗਿਆ। ਟੋਰਾਂਟੋ ਤੋਂ ਹੀ ਆਈਆਂ ਬੱਚੀਆਂ- ਅਨੁਰੀਤ ਕੌਰ, ਅਮਿਤੋਜ਼ ਕੌਰ ਅਤੇ ਮਨਰੀਤ ਕੌਰ ਨੇ ਗੀਤ ਨਾਲ ਕਵੀ ਦਰਬਾਰ ਦੀ ਆਰੰਭਤਾ ਕੀਤੀ। ਲੁਧਿਆਣਾ ਤੋਂ ਸ਼ਾਮਲ ਹੋਏ ਕਵੀ ਪਰਮਿੰਦਰ ਸਿੰਘ ਅਲਬੇਲਾ ਨੇ ‘ਸੱਚ ਬੋਲਦੀ ਪੂਰਾ ਤੋਲਦੀ, ਗੁਰੂ ਨਾਨਕ ਦੀ ਬਾਣੀ’ ਗੀਤ ਤਰੰਨੁਮ ਵਿੱਚ ਸੁਣਾਇਆ। ਚੰਡੀਗੜ੍ਹ ਤੋਂ ਦਵਿੰਦਰ ਕੌਰ ਢਿੱਲੋਂ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਇੱਕ ਗੀਤ ‘ਛੇੜ ਮਰਦਾਨਿਆ ਰਬਾਬ ਬਾਣੀ ਆਈ ਏ’ ਗਾਇਆ। ਪੰਥਕ ਸਟੇਜਾਂ ਦੇ ਮਾਹਰ ਕਵੀ ਡਾ. ਹਰੀ ਸਿੰਘ ਜਾਚਕ ਲੁਧਿਆਣਾ ਨੇ ਗੁਰੂ ਅੰਗਦ ਸਾਹਿਬ ਜੀ ਬਾਰੇ ਕਵਿਤਾ ਆਪਣੀ ਬੁਲੰਦ ਆਵਾਜ਼ ਵਿੱਚ ਸੁਣਾ ਕੇ ਵਾਹ ਵਾਹ ਖੱਟੀ। ਕੁਲਵਿੰਦਰ ਸਿੰਘ ਗਾਖਲ ਜਲੰਧਰ ਵਾਲਿਆਂ ਨੇ ਗੁਰੂ ਨਾਨਕ ਚਮਤਕਾਰਾਂ ਨੂੰ ਇੱਕ ਖੂਬਸੂਰਤ ਗ਼ਜ਼ਲ ਨਾਲ ਗਾ ਕੇ ਸੁਣਾਇਆ। ਛੰਦਾਬੰਦੀ ਦੇ ਮਾਹਰ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ ਭੈਣੀ ਸਾਹਿਬ ਨੇ ਦੋਤਾਰਾ ਛੰਦ ਵਿੱਚ ਲਿਖੀ ਕਵਿਤਾ ‘ਭਾਰਤ ਦੀ ਰਾਖੀ ਲਈ, ਸਤਿਗੁਰ ਨਾਨਕ ਜੱਗ ’ਤੇ ਆਇਆ’ ਗਾ ਕੇ ਸੁਣਾਈ। ਮਸਕਟ ਓਮਾਨ ਤੋਂ ਆਏ ਬਲਕਾਰ ਸਿੰਘ ਬੱਲ ਨੇ ਹਰੀ ਸਿੰਘ ਜਾਚਕ ਦੀ ਲਿਖੀ ਕਵਿਤਾ ਪੇਸ਼ ਕੀਤੀ।
ਸੁਰਜੀਤ ਕੌਰ ਸੈਕਰਾਮੈਂਟੋ ਨੇ ਗੀਤ ‘ਛੇਤੀ ਛੇਤੀ ਤੁਰ ਅੰਮੀਏ, ਨਨਕਾਣੇ ਜਾਣਾ ਏ’ ਵੈਰਾਗਮਈ ਅੰਦਾਜ਼ ਵਿੱਚ ਗਾਇਆ। ਸਿਆਟਲ ਤੋਂ ਆਏ ਅਵਤਾਰ ਸਿੰਘ ਆਦਮਪੁਰੀ ਨੇ ਆਪਣਾ ਗੀਤ ‘ਸਤਿਗੁਰ ਨਾਨਕ ਤੇਰੀ ਬਾਣੀ ਦਾ ਸਾਰੇ ਜੱਗ ਵਿੱਚ ਚਾਨਣ ਹੈ’ ਤਰੰਨੁਮ ਵਿੱਚ ਸਾਂਝਾ ਕੀਤਾ। ਟੋਰਾਂਟੋ ਤੋਂ ਪਹੁੰਚੇ ਉਸਤਾਦ ਸ਼ਾਇਰ ਸੁਜਾਨ ਸਿੰਘ ਸੁਜਾਨ ਨੇ ਕਵਿਤਾ ਰਾਹੀਂ ਭਾਈ ਲਹਿਣਾ ਜੀ ਦੇ ਗੁਰੂ ਅੰਗਦ ਬਣਨ ਦਾ ਸਫ਼ਰ ਬਿਆਨ ਕੀਤਾ। ਕੈਲਗਰੀ ਦੇ ਸੁਖਵਿੰਦਰ ਸਿੰਘ ਤੂਰ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ ਗਾ ਕੇ ਸਰੋਤਿਆਂ ਨੂੰ ਨਿਹਾਲ ਕਰ ਦਿੱਤਾ। ਕੈਲਗਰੀ ਤੋਂ ਹੀ ਜਸਵਿੰਦਰ ਸਿੰਘ ਰੁਪਾਲ ਨੇ ਆਪਣੀ ਕਵਿਤਾ ਰਾਹੀਂ ਗੁਰੂ ਨਾਨਕ ਦੇਵ ਜੀ ਵੱਲੋਂ ਵਰਤੀ ਗਈ ਸ਼ਬਦ ਸ਼ਕਤੀ ਨੂੰ ਨਮਸਕਾਰ ਕੀਤੀ। ਛੰਦਬੰਦੀ ਦੇ ਮਾਹਰ ਕਵੀ ਜਸਵੰਤ ਸਿੰਘ ਸੇਖੋਂ ਨੇ ਕਲੀ ਰਾਹੀਂ ਨਾਨਕ ਜੀ ਨੂੰ ਪਿਤਾ ਵੱਲੋਂ ਗੁੱਸੇ ਹੋਣ ’ਤੇ ਭੈਣ ਨਾਨਕੀ ਦੇ ਪ੍ਰਤੀਕਰਮ ਵਾਲੇ ਪ੍ਰਸੰਗ ਨੂੰ ਪੇਸ਼ ਕੀਤਾ। ਹਰਭਜਨ ਸਿੰਘ ਬੱਲ ਦੀ ਕਵਿਤਾ ‘ਦਸਮੇਸ਼ ਤੇਰਾ ਖਾਲਸਾ’ ਨਾਲ ਕਵੀ ਦਰਬਾਰ ਸਮਾਪਤੀ ਵੱਲ ਵਧਿਆ। ਗੁਰਦੀਸ਼ ਕੌਰ ਗਰੇਵਾਲ ਜੋ ਸਾਰੇ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦਾ ਰੋਲ ਨਿਭਾ ਰਹੇ ਸਨ, ਉਨ੍ਹਾਂ ਆਪਣੀ ਲਿਖੀ ਕਵਿਤਾ ‘ਭਾਈ ਲਹਿਣਾ ਤੋਂ ਗੁਰੂ ਅੰਗਦ ਤੱਕ’ ਸੁਣਾਈ ਜਿਸ ਵਿੱਚ ਭਾਈ ਲਹਿਣਾ ਜੀ ਦੀ ਗੁਰੂ ਨਾਨਕ ਜੀ ਨਾਲ ਪਹਿਲੀ ਮਿਲਣੀ ਦਾ ਜ਼ਿਕਰ ਸੀ। ਡਾ. ਕਾਬਲ ਸਿੰਘ ਨੇ ਹਾਜ਼ਰ ਕਵੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸੁਸਾਇਟੀ ਦੇ ਮਾਸਿਕ ਮੈਗਜ਼ੀਨ ‘ਸਾਂਝੀ ਵਿਰਾਸਤ’ ਲਈ ਆਪਣੀਆਂ ਕਵਿਤਾਵਾਂ ਭੇਜਣ ਦਾ ਸੱਦਾ ਦਿੱਤਾ। ਅੰਤ ਵਿੱਚ ਜਗਬੀਰ ਸਿੰਘ ਨੇ ਸੰਗਤੀ ਰੂਪ ਵਿੱਚ ਆਨੰਦ ਸਾਹਿਬ ਪੜ੍ਹਿਆ।
ਖ਼ਬਰ ਸਰੋਤ: ਈ ਦੀਵਾਨ ਸੁਸਾਇਟੀ, ਕੈਲਗਰੀ
ਸੰਪਰਕ: +1 403 465 1586

Advertisement

ਐਵੇਂ ਨਾ ਸਮਝਿਓ ਸਾਨੂੰ, ਅਸੀਂ ਪੰਜਾਬ ਦੇ ਜਾਏ ਆਂ

ਈ ਦੀਵਾਨ ਸੁਸਾਇਟੀ, ਕੈਲਗਰੀ ਵੱਲੋਂ ਕਰਵਾਏ ਕਵੀ ਦਰਬਾਰ ਵਿੱਚ ਸ਼ਾਮਲ ਕਵੀ

ਸਿਡਨੀ: ਗਲੈਨਵੁੱਡ ਦੇ ਬਾਬਾ ਬੁੱਢਾ ਘਰ ਮੀਟਿੰਗ ਹਾਲ ਵਿੱਚ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਦੇ ਵਿਦਵਾਨ ਗਿਆਨੀ ਸੰਤੋਖ ਸਿੰਘ ਨੇ ਕਰਦਿਆਂ ਪੁੱਜੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ। ਇਸ ਉਪਰੰਤ ਵੱਖ ਵੱਖ ਸਾਹਿਤਕ ਖ਼ੁਸ਼ਬੋਈਆਂ ਨਾਲ ਭਰਪੂਰ ਸਾਹਿਤਕ ਗੁਲਦਸਤਾ ਪੇਸ਼ ਕੀਤਾ ਗਿਆ।
‘ਦਿ ਪੰਜਾਬ ਹੈਰਲਡ’ ਅਖ਼ਬਾਰ ਦੇ ਮੁੱਖ ਸੰਪਾਦਕ ਪ੍ਰੋਫੈਸਰ ਅਵਤਾਰ ਸਿੰਘ ਨੇ ਗ਼ਜ਼ਲ, ਗੀਤ, ਸੂਬਾਈ ਤੇ ਸੌਨੋਟ (ਇਤਾਲਵੀ 14 ਲਾਈਨ ਦੀ ਕਾਵਿ ਰਚਨਾ ਜਿਨ੍ਹਾਂ ਦਾ ਪ੍ਰਭਾਵ ਇਕਲੌਤੇ ਮੁੱਦੇ ’ਤੇ ਕੇਂਦਰਿਤ ਹੁੰਦਾ ਹੈ) ਦੀ ਤੁਕਬੰਦੀ ਦੀ ਵਿਧਾਨ ਵਿਧਾ ਉੱਪਰ ਖੁੱਲ੍ਹ ਕੇ ਵਿਚਾਰ ਚਰਚਾ ਕਰਦਿਆਂ ‘ਉਦੋਂ ਪੱਕੇ ਪਿਆਰ, ਜਦੋਂ ਘਰ ਕੱਚੇ ਹੁੰਦੇ ਸੀ’ ਗੀਤ ਸੁਣਾ ਕੇ ਗੀਤ ਦੀ ਖ਼ਾਸੀਅਤ ਨੂੰ ਵੀ ਪੇਸ਼ ਕੀਤਾ।
ਅਧਿਆਤਮਕ ਰਸ, ਬੀਰ ਰਸ, ਸ਼ਿੰਗਾਰ ਰਸ, ਪ੍ਰੇਮ ਰਸ ਤੇ ਹਾਸਰਸ ਨਾਲ ਭਰਪੂਰ ਕਾਵਿ ਰਚਨਾਵਾਂ ਤੇ ਚਰਚਾਵਾਂ ਦੇ ਵਿਚਾਲੇ ਪੰਜਾਬ ਦੀ ਵਿਰਾਸਤ ’ਤੇ ਮਾਣ ਕਰਦਿਆਂ ਮੌਜੂਦਾ ਭਖਦੇ ਮਸਲਿਆਂ ਨੂੰ ਵੀ ਵਿਚਾਰਿਆ ਗਿਆ ਤੇ ਵਿਦੇਸ਼ਾਂ ਵਿੱਚ ਵਸਦੇ ਐੱਨਆਰਆਈ ਭਰਾਵਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਹਰਮਨਪ੍ਰੀਤ ਸਿੰਘ ਮਾਨ ਨੇ ਕਾਵਿ ਰਚਨਾ ਸੁਣਾਈ :
ਹਕੂਮਤਾਂ ਦੇ ਸਤਾਏ ਆਂ
ਹੱਕ ਲੈਣ ਆਏ ਆਂ।
ਐਵੇਂ ਨਾ ਸਮਝਿਓ ਸਾਨੂੰ
ਅਸੀਂ ਪੰਜਾਬ ਦੇ ਜਾਏ ਆਂ।
ਅਨਾਜ ਨੂੰ ਪੈਦਾ ਕਰਕੇ
ਪੂਰੇ ਦੇਸ਼ ਨੂੰ ਰਜਾਇਆ ਏ।
ਦੁੱਕੀ ਦਿਆਂ ਚੌਧਰੀਆਂ
ਮੁੱਲ ਕੋਡੀ ਵੀ ਨਾ ਪਾਇਆ ਏ।
ਮਿਹਨਤ ਪੂਰੀ ਕਰਕੇ
ਵੇਖੋ ਦੁਨੀਆ ’ਤੇ ਛਾਏ ਆਂ।
ਐਵੇਂ ਨਾ ਸਮਝਿਓ ਸਾਨੂੰ
ਅਸੀਂ ਪੰਜਾਬ ਦੇ ਜਾਏ ਆਂ।
ਜਸਵੰਤ ਸਿੰਘ ਘੁੰਮਣ, ਗੁਰਮੀਤ ਸਿੰਘ ਪਾਹੜਾ ਗੁਰਦਾਸਪੁਰ, ਮੁਕੰਦ ਸਿੰਘ , ਕੁਲਦੀਪ ਸਿੰਘ ਜੌਹਲ, ਦਲਬੀਰ ਸਿੰਘ ਸੂਰੋ ਪੱਡਾ, ਜੋਗਿੰਦਰ ਸਿੰਘ ਸੋਹੀ, ਪ੍ਰਵੀਨ ਕੌਰ, ਬਿਮਲਾ ਜੈਨ, ਵਿਮਲਾ ਵਰਮਾ, ਪ੍ਰਗਟ ਸਿੰਘ ਗਿੱਲ, ਕ੍ਰਿਸ਼ਨ ਬੈਨੀਵਾਲ, ਦਰਸ਼ਨ ਸਿੰਘ ਪੰਧੇਰ, ਅਮਰਜੀਤ ਸਿੰਘ ਟਾਂਡਾ, ਦਰਸ਼ਨ ਸਿੰਘ ਸਿੱਧੂ, ਭੁਪਿੰਦਰ ਸਿੰਘ ਧਾਲੀਵਾਲ, ਸਤਨਾਮ ਸਿੰਘ ਗਿੱਲ, ਸਿੰਦਪਾਲ ਕੌਰ, ਸੁਖਰਾਜ ਸਿੰਘ ਵੇਰਕਾ, ਜਸਵੰਤ ਸਿੰਘ ਪੰਨੂ, ਕੰਵਲਜੀਤ ਸਿੰਘ ਸਰਕਾਰੀਆ, ਦਵਿੰਦਰ ਕੌਰ ਸਰਕਾਰੀਆ, ਮਨਜੀਤ ਕੌਰ, ਜਸਵਿੰਦਰ ਕੌਰ, ਸਤਿੰਦਰ ਸਿੰਘ, ਭਵਨਜੀਤ ਸਿੰਘ, ਗੁਰਦਿਆਲ ਸਿੰਘ, ਗੁਰਜੰਟ ਸਿੰਘ ਖਹਿਰਾ, ਬਹਾਦਰ ਸਿੰਘ, ਕੰਵਲਜੀਤ ਬਖਸ਼ੀ ਅਤੇ ਸੁਰਿੰਦਰ ਸਿੰਘ ਨੇ ਆਪਣੀਆਂ ਭਾਵਪੂਰਤ ਰਚਨਾਵਾਂ ਰਾਹੀਂ ਸਾਹਿਤਕ ਰੰਗ ਬੰਨ੍ਹੀਂ ਰੱਖਿਆ। ਇਸ ਸਾਹਿਤਕ ਮੰਚ ਦਾ ਸੰਚਾਲਨ ਜੋਗਿੰਦਰ ਸਿੰਘ ਸੋਹੀ ਨੇ ਬਾਖੂਬੀ ਨਿਭਾਇਆ।
ਸੰਪਰਕ: 61430204832

Advertisement
Author Image

joginder kumar

View all posts

Advertisement