ਗੁਲਮੋਹਰ ਸਿਟੀ ਵਾਸੀਆਂ ਵੱਲੋਂ ਕੌਂਸਲ ਦਫ਼ਤਰ ਅੱਗੇ ਮੁਜ਼ਾਹਰਾ
ਪੱਤਰ ਪ੍ਰੇਰਕ
ਲਾਲੜੂ, 20 ਜੁਲਾਈ
ਗੁਲਮੋਹਰ ਸਿਟੀ-1 ਲਾਲੜੂ ਵਾਸੀਆਂ ਨੇ ਇੱਕ ਬਿਲਡਰ ’ਤੇ ਕੌਂਸਲ ਦੇ ਅਧਿਕਾਰੀਆਂ ਨਾਲ ਕਥਿਤ ਮਿਲਿਭੁਗਤ ਕਰਕੇ ਕਲੋਨੀ ਵਿਚ ਲੋੜੀਂਦੀਆਂ ਸਹੂਲਤਾਂ ਨਾ ਦੇਣ ਦੇ ਦੋਸ਼ ਲਾਏ ਹਨ ਤੇ ਕੌਂਸਲ ਦਫਤਰ ਦੇ ਬਾਹਰ ਬਿਲਡਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਧੋਖਾਧੜੀ ਦਾ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ। ਪੰਜਾਬ ਏਟਕ ਦੇ ਮੀਤ ਪ੍ਰਧਾਨ ਵਨਿੋਦ ਚੁੱਘ ਤੇ ਰਾਕੇਸ਼ ਕੁਮਾਰ ਵਾਸੀ ਗੁਲਮੋਹਰ ਸਿਟੀ-1 ਲਾਲੜੂ ਤੇ ਹੋਰ ਵਾਸੀਆਂ ਨੇ ਦੱਸਿਆ ਕਿ ਇੱਕ ਬਿਲਡਰ ਨੇ ਸਾਲ 2011 ਵਿੱਚ ਉਕਤ ਕਲੋਨੀ ਕੱਟੀ ਸੀ ਅਤੇ ਪਲਾਟ ਖਰੀਦਣ ਵਾਲਿਆਂ ਨੂੰ ਪੱਕੀਆਂ ਸੜਕਾਂ, ਸੀਵਰੇਜ ਤੇ ਪਾਣੀ ਦੀ ਨਿਕਾਸੀ ਆਦਿ ਸਹੂਲਤਾਂ ਦੇਣ ਬਾਰੇ ਕਿਹਾ ਸੀ। ਉਨ੍ਹਾਂ ਕਿਹਾ ਕਿ ਪਰ ਕਲੋਨੀ ਦੀਆਂ ਸੜਕਾਂ ਟੁੱਟੀਆਂ ਹਨ, ਸਟਰੀਟ ਲਾਈਟਾਂ ਪਿਛਲੇ ਲੰਬੇ ਸਮੇਂ ਤੋਂ ਬੰਦ ਪਈਆਂ ਹਨ ਤੇ ਪਾਣੀ ਨਿਕਾਸੀ ਦਾ ਪ੍ਰਬੰਧ ਨਹੀਂ ਹੈ। ਪਾਰਕ ਲਈ ਛੱਡੀ ਜਗ੍ਹਾ ’ਤੇ ਦੁਕਾਨਾਂ ਬਣਾ ਕੇ ਵੇਚ ਦਿੱਤੀਆਂ ਗਈਆਂ ਹਨ। ਕਲੋਨੀ ਵਾਸੀਆਂ ਨੇ ਦੱਸਿਆ ਕਿ ਉਹ 24 ਜੁਲਾਈ ਨੂੰ ਬਿਲਡਰ ਖ਼ਿਲਾਫ਼ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਏਐਸਪੀ ਡੇਰਾਬੱਸੀ ਨੂੰ ਮਿਲਣਗੇ। ਦੂਜੇ ਪਾਸੇ ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ ਨੇ ਕਿਹਾ ਕਿ ਉਹ ਮਸਲੇ ਹੱਲ ਦਾ ਯਤਨ ਕਰਨਗੇ ਤੇ ਬਿਲਡਰ ਕੋਲੋਂ ਸਾਰੀਆਂ ਸਹੂਲਤਾਂ ਲੈ ਕੇ ਦਿੱਤੀਆਂ ਜਾਣਗੀਆਂ।