ਮੁਹਾਲੀ ਦੇ ਸੈਕਟਰ-71 ’ਚ ਗੁਲਦਾਉਦੀ ਸ਼ੋਅ ਦਾ ਆਗਾਜ਼
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 13 ਦਸੰਬਰ
ਇੱਥੋਂ ਦੇ ਜਤਿੰਦਰਵੀਰ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਵਿੱਚ ਦੋ ਰੋਜ਼ਾ ਤੀਜਾ ਗੁਲਦਾਊਦੀ ਸ਼ੋਅ ਅੱਜ ਸ਼ੁਰੂ ਹੋ ਗਿਆ। ਇਸ ਵਿੱਚ ਗੁਲਦਾਊਦੀ ਫੁੱਲਾਂ ਦੀਆਂ 200 ਤੋਂ ਵੱਧ ਕਿਸਮਾਂ ਦੀ ਨੁਮਾਇਸ਼ ਕੀਤੀ ਗਈ। ਮੁਹਾਲੀ ਸਮੇਤ ਟਰਾਈਸਿਟੀ ਦੇ ਲੋਕਾਂ, ਵਾਤਾਵਰਨ ਪ੍ਰੇਮੀਆਂ ਅਤੇ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ। ਐਮਿਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ.ਕੇ. ਕੋਹਲੀ ਨੇ ਉਦਘਾਟਨ ਕੀਤਾ ਅਤੇ ਕੁਦਰਤ ਦੇ ਸੁਹੱਪਣ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਵਿਜੈ ਆਨੰਦ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਭਲਕੇ 14 ਦਸੰਬਰ ਵੱਖ-ਵੱਖ ਸਰਵਹਿੱਤਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਚਿੱਤਰਕਾਰੀ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਡਾ. ਆਰ.ਕੇ. ਕੋਹਲੀ ਨੇ ਕਿਹਾ ਕਿ ਚੰਗੀ ਕਿਸਮਾਂ ਦੇ ਫੁੱਲਾਂ ਦੀ ਨੁਮਾਇਸ਼ ਵੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਉਨ੍ਹਾਂ ਨੇ ਵਾਤਾਵਰਨ ਪ੍ਰੇਮੀ ਓਮ ਪ੍ਰਕਾਸ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੇ ਵੇਸਟ ਤੋਂ ਚੀਜ਼ਾਂ ਬਣਾਈਆਂ ਹਨ।