ਗੁਲਾਬੀ ਸੁੰਡੀ: ਖੇਤੀ ਵਿਭਾਗ ਨੇ ਸਰਵੇਖਣ ਲਈ 15 ਟੀਮਾਂ ਬਣਾਈਆਂ
ਜਸਵੰਤ ਜੱਸ
ਫ਼ਰੀਦਕੋਟ, 27 ਜੂਨ
ਨਰਮੇ ਦੀ ਫ਼ਸਲ ਉੱਪਰ ਗੁਲਾਬੀ ਸੁੰਡੀ ਦੇ ਸੰਭਾਵੀਂ ਹਮਲੇ ਨੂੰ ਦੇਖਦਿਆਂ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਨਰਮੇ ਦੇ ਖੇਤਾਂ ਵਿੱਚ ਡੇਰੇ ਲਾ ਲਏ ਹਨ। ਸੂਚਨਾ ਅਨੁਸਾਰ ਖੇਤੀਬਾੜੀ ਵਿਭਾਗ ਨੇ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਜ਼ਿਲ੍ਹੇ ਭਰ ਵਿੱਚ ਸਰਵੇ ਕੀਤਾ ਸੀ। ਵਿਭਾਗ ਨੂੰ ਦੋ ਖੇਤਾਂ ਵਿੱਚੋਂ ਨਰਮੇ ਦੇ ਫੁੱਲਾਂ ਦੇ ਨਿਰੀਖਣ ਦੌਰਾਨ ਗੁਲਾਬੀ ਸੁੰਡੀ ਮਿਲੀ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਅਤੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਨਰਮੇ ਦੀ ਫਸਲ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣ ਲਈ ਜ਼ਿਲ੍ਹਾ ਵਿੱਚ ਜ਼ਿਲ੍ਹਾ ਪੱਧਰ, ਬਲਾਕ ਪੱਧਰ, ਸਰਕਲ ਪੱਧਰ ਦੀਆਂ 15 ਸਰਵੇਖਣ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਨਰਮੇ ਦੀ ਫਸਲ ਦਾ ਹਫਤਾਵਾਰੀ ਸਰਵੇਖਣ ਕਰ ਰਹੀਆਂ ਹਨ। ਸੂਚਨਾ ਅਨੁਸਾਰ ਪਿਛਲੇ ਸਾਲ ਫ਼ਰੀਦਕੋਟ ਜ਼ਿਲ੍ਹੇ ਵਿੱਚ 2800 ਹੈਕਟੇਅਰ ਰਕਬਾ ਨਰਮੇ ਦੀ ਫਸਲ ਹੇਠ ਸੀ ਜੋ ਇਸ ਵਾਰ ਘਟ ਕੇ 900 ਹੈਕਟੇਅਰ ਰਹਿ ਗਿਆ ਹੈ। ਪਿਛਲੇ ਸਾਲ ਸਖ਼ਤ ਗਰਮੀ ਅਤੇ ਚਿੱਟੀ ਮੱਖੀ ਦੇ ਹਮਲੇ ਕਾਰਨ ਜ਼ਿਲ੍ਹੇ ਭਰ ਵਿੱਚ ਨਰਮੇ ਦੀ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ, ਇਸੇ ਡਰ ਕਰਕੇ ਇਸ ਸਾਲ ਨਰਮੇ ਦੀ ਕਾਸ਼ਤ ਘਟ ਕੇ 900 ਹੈਕਟੇਅਰ ਤੱਕ ਰਹਿ ਗਈ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਪਿੰਡ ਮਿਸ਼ਰੀਵਾਲਾ, ਚੰਦਬਾਜਾ ਅਤੇ ਧੂੜਕੋਟ ਵਿੱਚ ਨਰਮੇ ਦੇ ਖੇਤਾਂ ਦਾ ਦੌਰਾ ਕਰਨ ਉਪਰੰਤ ਕਿਸਾਨਾਂ ਨੂੰ ਇਸ ਦੀ ਰੋਕਥਾਮ ਲਈ 500 ਮਿ:ਲੀ: ਪ੍ਰਫੈਨੋਫਾਸ ਜਾਂ ਪ੍ਰੋਕਲੇਮ 100 ਗ੍ਰਾਮ ਦੀ ਸਪਰੇਅ ਕਰਨ ਸ਼ਿਫਾਰਸ਼ ਕੀਤੀ।