ਗੁਲਾਬੀ ਸੁੰਡੀ: ਪੀਏਯੂ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਖੇਤਾਂ ’ਚ ਪੁੱਜੇ
ਮਨੋਜ ਸ਼ਰਮਾ
ਬਠਿੰਡਾ, 23 ਅਗਸਤ
ਪਿਛਲੇ ਕੁੱਝ ਦਿਨਾਂ ਤੋਂ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਇੱਕ ਫਿਰ ਡਰੇ ਹੋਏ ਹਨ। ਇਸ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਪੰਜਾਬ ਖੇਤੀਬਾੜੀ ’ਵਰਸਿਟੀ, ਲੁਧਿਆਣਾ ਦੇ ਮਾਹਿਰਾਂ ਵਲੋਂ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਖੇਤਾਂ ’ਚ ਨਰਮੇ ਦੀ ਫ਼ਸਲ ਦਾ ਜਾਇਜ਼ਾ ਲਿਆ ਗਿਆ। ਗ਼ੌਰਤਲਬ ਹੈ ਕੱਲ੍ਹ ਖੇਤੀਬਾੜੀ ਵਿਭਾਗ ਦੇ ਅਫ਼ਸਰਾਂ ਵੱਲੋਂ ਵੀ ਨਰਮਾ ਪੱਟੀ ਦਾ ਦੌਰਾ ਕੀਤਾ ਸੀ ਗਿਆ ਸੀ। ਖੇਤੀਬਾੜੀ ਵਿਭਾਗ ਨੇ ਸਟਾਫ ਦੀ ਛੁੱਟੀਆਂ ਨੂੰ ਵੀ ਰੱਦ ਕਰ ਦਿੱਤੀਆਂ ਹਨ।
ਅੱਜ ਪੀਏਯੂ ਦੇ ਡਾਇਰੈਕਟਰ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ। ਇਸ ਮੌਕੇ ਡਾ. ਮਨੋਜ ਸ਼ਰਮਾ, ਡਾ. ਗੁਰਦੀਪ ਸਿੰਘ ਸਿੱਧੂ, ਡਾ. ਪਰਮਜੀਤ ਸਿੰਘ ਸਣੇ ਸੀਨੀਅਰ ਸਾਇੰਸਦਾਨ ਅਤੇ ਹੋਰ ਵਿਗਿਆਨੀ ਮੌਜੂਦ ਸਨ। ਮੀਟਿੰਗ ਦੌਰਾਨ ਡਾ. ਬੁੱਟਰ ਵੱਲੋਂ ਵਿਗਿਆਨੀਆਂ ਨੂੰ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਨਿਰਦੇਸ਼ ਦਿੱਤੇ। ਮੀਟਿੰਗ ਤੋਂ ਬਾਅਦ ਵਿਗਿਆਨੀਆਂ ਵੱਲੋਂ ਜੀਵਨ ਸਿੰਘ ਵਾਲਾ, ਤਲਵੰਡੀ ਸਾਬੋ, ਜਗਾ ਰਾਮ ਤੀਰਥ, ਬਹਿਣੀਵਾਲ, ਰਾਏਪੁਰ ਅਤੇ ਤਲਵੰਡੀ ਅਕਲੀਆਂ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਕੁਝ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਵਿੱਚ ਆਇਆ।
ਯੂਨੀਵਰਸਿਟੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਨਰਮੇ ਦੇ ਖੇਤਾਂ ਵਿੱਚ ਫੁੱਲਾਂ ਅਤੇ ਟੀਂਡਿਆਂ ਦਾ ਲਗਾਤਾਰ ਹਰ ਰੋਜ਼ ਸਰਵੇਖਣ ਕਰਨ। ਗੁਲਾਬੀ ਸੁੰਡੀ ਦੇ ਹਮਲੇ ਵਾਲੇ ਭੰਬੀਰੀ ਫੁੱਲਾਂ ਨੂੰ ਸਰਵੇਖਣ ਦੌਰਾਨ ਹੀ ਨਸ਼ਟ ਕਰ ਦੇਣ। ਗੁਲਾਬੀ ਸੁੰਡੀ ਦੀ ਰੋਕਥਾਮ ਲਈ 100 ਗ੍ਰਾਮ ਪਰੋਕਲੇਮ 5 ਐਸ ਜੀ (ਐਮਾਮੈਕਟੀਨ ਬੈਨਜ਼ੋਏਟ) ਜਾਂ 500 ਮਿਲੀਲਿਟਰ ਕਿਊਰਾਕਰਾਨ 50 ਈਸੀ (ਪ੍ਰਫੀਨੌਫੋਸ) ਜਾਂ 200 ਮਿਲੀਲਿਟਰ ਅਵਾਂਟ 14.5 ਐਸ ਸੀ (ਇੰਡੋਕਸਾਕਾਰਬ) ਜਾਂ 250 ਗ੍ਰਾਮ ਲਾਰਵਿਨ 75 ਡਬਲਯੂ ਪੀ (ਥਾਇਓਡੀਕਾਰਬ) ਜਾਂ 800 ਮਿਲੀਲਿਟਰ ਫੋਸਮਾਇਟ 50 ਈ ਸੀ (ਇਥੀਓਨ) ਕੀਟਨਾਸ਼ਕਾਂ ਦਾ ਛਿੜਕਾਅ ਕਰਨ। ਉੱਪਰ ਦੱਸੀਆਂ ਕੀਟਨਾਸ਼ਕਾਂ ਨੂੰ ਅਦਲ-ਬਦਲ ਕੇ 7-8 ਦਿਨਾਂ ਬਾਅਦ ਛਿੜਕਾਅ ਕਰਦੇ ਰਹਿਣ। ਉਨ੍ਹਾਂ ਸਲਾਹ ਦਿੱਤੀ ਕਿ ਜੇ ਬੀ ਟੀ ਨਰਮੇ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਵਿਖਾਈ ਦਿੰਦਾ ਹੈ ਤਾਂ ਆਪਣੇ ਇਲਾਕੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਾਰਮ ਸਲਾਹਕਾਰ ਸੇਵਾ ਕੇਂਦਰ ਜਾਂ ਖੇਤਰੀ ਖੋਜ ਕੇਂਦਰ ਦੇ ਵਿਗਿਆਨੀਆਂ ਨਾਲ ਤੁਰੰਤ ਸੰਪਰਕ ਕੀਤਾ ਜਾਵੇ।