For the best experience, open
https://m.punjabitribuneonline.com
on your mobile browser.
Advertisement

ਗੁਲਾਬੀ ਸੁੰਡੀ: ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਅਗਾਊਂ ਪ੍ਰਬੰਧ ਸ਼ੁਰੂ

09:07 AM Mar 17, 2024 IST
ਗੁਲਾਬੀ ਸੁੰਡੀ  ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਅਗਾਊਂ ਪ੍ਰਬੰਧ ਸ਼ੁਰੂ
ਛਿਟੀਆਂ ਨੂੰ ਅੱਗ ਲਗਾਉਂਦੇ ਹੋਏ ਖੇਤੀਬਾੜੀ ਅਧਿਕਾਰੀ ਅਤੇ ਕਿਸਾਨ।
Advertisement

ਜਸਵੰਤ ਜੱਸ
ਫ਼ਰੀਦਕੋਟ, 16 ਮਾਰਚ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਹਨ। ਪਿੰਡ ਬੀਹਲੇਵਾਲ ਵਿੱਚ ਕਿਸਾਨ ਜਗਸੀਰ ਸਿੰਘ ਦੇ ਘਰ ਪੁੱਜੇ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਰੀਦਕੋਟ ਵਿੱਚ ਤਕਰੀਬਨ 800 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਕਾਸ਼ਤ ਕੀਤੀ ਜਾਂਦੀ ਹੈ। ਇਹ ਫ਼ਸਲ ਖੇਤੀਬਾੜੀ ਵੰਨ ਸਵੰਨਤਾ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਦੱਸਿਆ ਕਿ ਨਰਮੇ ਉੱਪਰ ਗੁਲਾਬੀ ਸੁੰਡੀ ਦੀ ਸ਼ੁਰੂਆਤ ਮਿੱਲਾਂ, ਕਪਾਹ ਦੀਆਂ ਛਿਟੀਆਂ ਵਿੱਚ ਬਚੀ ਰਹਿੰਦ-ਖੂੰਹਦ ਵਿੱਚ ਪਏ ਗੁਲਾਬੀ ਸੁੰਡੀ ਦੇ ਕੋਆ ਵਿੱਚੋਂ ਪਤੰਗਾ ਨਿਕਲਣ ਨਾਲ ਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਛਿਟੀਆਂ ਨਾਲ ਬਚੇ ਅਣਖਿੜੇ ਟੀਂਡਿਆਂ ਦਾ ਖ਼ਾਤਮਾ ਕਰਨਾ ਜ਼ਰੂਰੀ ਹੈ। ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪਿਛਲੇ ਸਾਲ ਮੌਸਮ ਦੇ ਅਨੁਕੂਲ ਨਾ ਰਹਿਣ ਅਤੇ ਗੁਲਾਬੀ ਸੁੰਡੀ ਕਾਰਨ ਨਰਮੇਂ ਦੀ ਫ਼ਸਲ ਦਾ ਨੁਕਸਾਨ ਹੋਇਆ ਸੀ। ਉਨ੍ਹਾਂ ਦੱਸਿਆ ਕਿ ਨਰਮੇ ਦੀ ਚੁਗਾਈ ਕਰਨ ਉਪਰੰਤ ਇਹ ਸੁੰਡੀ ਛਿਟੀਆਂ ਨਾਲ ਬਚੇ ਅਣਖਿੜ੍ਹੇ ਟੀਂਡਿਆਂ ਵਿੱਚ ਕੋਆ ਦੇ ਰੂਪ ਵਿੱਚ ਰਹਿੰਦੀ ਹੈ। ਅਪਰੈਲ-ਮਈ ਦੇ ਮਹੀਨੇ ਤਾਪਮਾਨ ਵਧਣ ’ਤੇ ਗੁਲਾਬੀ ਸੁੰਡੀ ਦੇ ਪਤੰਗੇ ਚਿੱਟੇ ਰੰਗ ਦੇ ਆਂਡੇ, ਫੁੱਲ ਜਾਂ ਚੁੰਡੀ ਤੇ ਦਿੰਦੇ ਹਨ ਜੋ ਬਾਅਦ ਵਿੱਚ ਸੰਤਰੀ ਰੰਗ ਦੇ ਹੋ ਜਾਂਦੇ ਹਨ। ਇਨ੍ਹਾਂ ਆਂਡਿਆਂ ਵਿੱਚੋਂ 4-5 ਦਿਨਾਂ ਬਾਅਦ ਸੁੰਡੀ ਨਿਕਲ ਆਉਂਦੀ ਹੈ ਜੋ ਨਰਮੇ ਦੀ ਫ਼ਸਲ ਦਾ ਨੁਕਸਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਸਫ਼ਲ ਕਾਸ਼ਤ ਲਈ ਟੀਂਡੇ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਕਰਨੀ ਜ਼ਰੂਰੀ ਹੈ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਏਕੀਕ੍ਰਿਤ ਕੀਟ ਪ੍ਰਬੰਧ ਪ੍ਰਣਾਲੀ ਅਪਣਾਉਣੀ ਚਾਹੀਦੀ ਹੈ। ਇਸ ਤਕਨੀਕ ਤਹਿਤ ਮਾਰਚ ਮਹੀਨੇ ਦੌਰਾਨ ਪਿੰਡਾਂ ਵਿੱਚ ਪਈਆਂ ਨਰਮੇ ਦੀਆਂ ਛਿਟੀਆਂ ਨੂੰ ਨਸ਼ਟ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਗੁਲਾਬੀ ਸੁੰਡੀ ਦੀ ਪਹਿਲੀ ਅਵਸਥਾ ਹੀ ਰੋਕਥਾਮ ਕੀਤੀ ਜਾ ਸਕੇ।
ਖੇਤੀ ਵਿਸਥਾਰ ਅਫ਼ਸਰ ਗੁਰਬਚਨ ਸਿੰਘ ਨੇ ਨਰਮਾ ਕਾਸ਼ਤਕਾਰਾਂ ਅਤੇ ਹੋਰਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਜਾਂ ਰਾਹਾਂ ਵਿੱਚ ਸੰਭਾਲ ਕੇ ਰੱਖੀਆਂ ਛਿਟੀਆਂ ਨੂੰ ਨਰਮੇ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਬਾਲਣ ਵਜੋਂ ਵਰਤ ਲੈਣ ਜਾਂ ਅੱਗ ਲਗਾ ਕੇ ਸਾੜ ਦੇਣਾ ਚਾਹੀਦਾ। ਕਿਸਾਨ ਜਗਸੀਰ ਸਿੰਘ ਕਿਹਾ ਕਿ ਇਸ ਕੰਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਦਿਆਂ ਸਮੁੱਚੇ ਪਿੰਡ ਵਿੱਚ ਪਈਆਂ ਛਿਟੀਆਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਦੇਵਿੰਦਰਪਾਲ ਸਿੰਘ, ਜੂਨੀਅਰ ਟੈਕਨੀਸ਼ਨ ਹਰਮੇਸ਼ ਸਿੰਘ ਤੇ ਕਿਸਾਨ ਜਗਸੀਰ ਸਿੰਘ ਹਾਜ਼ਰ ਸਨ।

Advertisement

Advertisement
Author Image

sanam grng

View all posts

Advertisement
Advertisement
×