ਗੁਲਾਬੀ ਸੁੰਡੀ: ਖੇਤੀ ਵਿਗਿਆਨੀਆਂ ਵੱਲੋਂ ਨਰਮਾ ਪੱਟੀ ਦਾ ਦੌਰਾ
ਪੱਤਰ ਪ੍ਰੇਰਕ
ਮਾਨਸਾ/ਬਠਿੰਡਾ, 28 ਜੂਨ
ਮਾਲਵਾ ਪੱਟੀ ਵਿਚ ਅਚਾਨਕ ਬੀਟੀ ਕਾਟਨ ‘ਤੇ ਗੁਲਾਬੀ ਸੁੰਡੀ ਦੇ ਹਮਲੇ ਦੇ ਮਾਮਲੇ ਹੁਣ ਹੋਰ ਪਿੰਡਾਂ ਵਿੱਚ ਸਾਹਮਣੇ ਆਉਣ ਲੱਗੇ ਹਨ। ਇਸ ਲਈ ਕਿਸਾਨ ਜਥੇਬੰਦੀਆਂ ਸਰਗਰਮ ਹੋਣ ਲੱਗੀਆਂ ਹਨ। ਭਾਵੇਂ ਖੇਤੀ ਵਿਭਾਗ ਨੇ ਇਸ ਹਮਲੇ ਨੂੰ ਈਟੀਐੱਲ ਲੈਵਲ ਤੋਂ ਹੇਠਾਂ ਕਰਾਰ ਦਿੱਤਾ ਹੈ, ਪਰ ਇਸ ਦੇ ਬਾਵਜੂਦ ਕਿਸਾਨ ਧਿਰਾਂ ਪਿਛਲੇ ਸਾਲ ਵਾਲੀ ਸਥਿਤੀ ਪੈਦਾ ਹੋਣ ਤੋਂ ਰੋਕਣ ਲਈ ਮੈਦਾਨ ਵਿੱਚ ਉਤਰਨ ਦੇ ਰੌਂਅ ਵਿੱਚ ਹਨ। ਉਧਰ, ਇਸ ਹਮਲੇ ਦੀ ਗੰਭੀਰਤਾ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਐੱਸਐੱਸ ਗੋਸਲ, ਨਿਰਦੇਸ਼ਕ ਖੋਜ ਅਜਮੇਰ ਸਿੰਘ ਢੱਟ, ਡਾ. ਪਰਮਜੀਤ ਸਿੰਘ ਪ੍ਰਿੰਸੀਪਲ ਕਾਟਨ ਬਰੀਡਰ ਦੀ ਅਗਵਾਈ ਹੇਠ ਟੀਮ ਨੇ ਮਾਨਸਾ ਜ਼ਿਲ੍ਹੇ ਦਾ ਦੌਰਾ ਕੀਤਾ। ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਖੇਤ ਵਿੱਚੋਂ ਵੱਖ-ਵੱਖ ਜਗ੍ਹਾ ਤੋਂ 100 ਫੁੱਲਾਂ ਦੀ ਜਾਂਚ ਕੀਤੀ ਜਾਵੇ। ਇਨ੍ਹਾਂ ਵਿੱਚੋਂ ਗੁਲਾਬਨੁਮਾ ਫੁੱਲ ਅਤੇ ਸੁੰਡੀ ਦੁਆਰਾ ਨੁਕਸਾਨੇੇ 5 ਫੁੱਲ ਮਿਲਦੇ ਹਨ ਤਾਂ ਸਿਫਾਰਸ਼ ਕੀਤੀਆਂ ਕੀਟਨਾਸ਼ਕਾਂ ਦਾ ਛਿੜਕਾਅ ਕਰੋ। ਇਸ ਤੋਂ ਇਲਾਵਾ ਹਮਲੇ ਵਾਲੇ ਭੰਬੀਰੀ ਫੁੱਲਾਂ ਨੂੰ ਸਰਵੇਖਣ ਦੌਰਾਨ ਹੀ ਨਸ਼ਟ ਕਰ ਦਿਓ। ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨੇ ਮਾਲਵਾ ਖੇਤਰ ਦੀਆਂ ਆਪਣੀਆਂ ਸਾਰੀਆਂ ਪਿੰਡ ਇਕਾਈਆਂ ਨੂੰ ਇਸ ਪ੍ਰਤੀ ਸੁਚੇਤ ਕਰ ਦਿੱਤਾ ਹੈ। ਇਸੇ ਦੌਰਾਨ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਅੱਜ ਪੀਏਯੂ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਕੇਐੱਸ ਸੇਖੋਂ ਦੀ ਟੀਮ ਨਾਲ ਬਠਿੰਡਾ ਅਤੇ ਤਲਵੰਡੀ ਬਲਾਕ ਦੇ ਪਿੰਡ ਜਗਾ ਰਾਮ ਤੀਰਥ, ਨਗਲਾ, ਸਿੰਗੋਂ ਲਹਿਰੀ, ਬਹਿਮਣ ਕੌਰ ਸਿੰਘ, ਕੋਰੇਆਣਾ, ਮੰਨੂਆਣਾ ਆਦਿ ਦਾ ਦੌਰਾ ਕੀਤਾ।