For the best experience, open
https://m.punjabitribuneonline.com
on your mobile browser.
Advertisement

ਗੁਲਾਬ ਚੰਦ ਕਟਾਰੀਆ ਨੇ ਰਾਜਪਾਲ ਵਜੋਂ ਹਲਫ਼ ਲਿਆ

06:50 AM Aug 01, 2024 IST
ਗੁਲਾਬ ਚੰਦ ਕਟਾਰੀਆ ਨੇ ਰਾਜਪਾਲ ਵਜੋਂ ਹਲਫ਼ ਲਿਆ
ਹਲਫ਼ਦਾਰੀ ਸਮਾਗਮ ਮੌਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ, ਗੁਲਾਬ ਚੰਦ ਕਟਾਰੀਆ ਤੇ ਹਰਿਆਣਾ ਦੇ ਰਾਜਪਾਲ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਜੁਲਾਈ
ਰਾਜਸਥਾਨ ਨਾਲ ਸਬੰਧਤ ਭਾਜਪਾ ਦੇ ਸੀਨੀਅਰ ਆਗੂ ਗੁਲਾਬ ਚੰਦ ਕਟਾਰੀਆ ਨੇ ਅੱਜ ਇੱਥੇ ਪੰਜਾਬ ਰਾਜ ਭਵਨ ’ਚ ਪੰਜਾਬ ਦੇ 37ਵੇਂ ਰਾਜਪਾਲ ਵਜੋਂ ਹਲਫ਼ ਲਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਰਾਜਪਾਲ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਨੇ ਕਟਾਰੀਆ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਹਲਫ਼ਦਾਰੀ ਸਮਾਗਮ ਵਿਚ ਮੁੱਖ ਮੰਤਰੀ ਤੋਂ ਇਲਾਵਾ ਕਈ ਕੈਬਨਿਟ ਮੰਤਰੀ ਅਤੇ ਕਟਾਰੀਆ ਦੇ ਰਿਸ਼ਤੇਦਾਰ ਸ਼ਾਮਲ ਸਨ।

Advertisement

ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਗਲਵਕੜੀ ਪਾਉਂਦੇ ਹੋਏ। -ਫੋਟੋ: ਤਿਵਾੜੀ

ਪੰਜਾਬ ਨੂੰ ਨਵਾਂ ਰਾਜਪਾਲ ਮਿਲਣ ਮਗਰੋਂ ਮੁੱਖ ਮੰਤਰੀ ਅਤੇ ਰਾਜਪਾਲ ਦਰਮਿਆਨ ਪਿਛਲੇ ਸਮੇਂ ਦੌਰਾਨ ਬਣਿਆ ਤਲਖ਼ੀ ਤੇ ਟਕਰਾਅ ਵਾਲਾ ਦੌਰ ਅੱਜ ਖ਼ਤਮ ਹੋ ਗਿਆ ਜਾਪਦਾ ਹੈ। ਨਵੇਂ ਰਾਜਪਾਲ ਕਟਾਰੀਆ ਦੀ ਆਮਦ ਨਾਲ ਪੰਜਾਬ ਦੀ ਸਿਆਸੀ ਅਤੇ ਪ੍ਰਸ਼ਾਸਕੀ ਫ਼ਿਜ਼ਾ ’ਚ ਨਵੀਂ ਤਰੰਗ ਆਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੁਖਾਵੇਂ ਸਬੰਧਾਂ ਵਾਲੇ ਸੰਕੇਤ ਦਿੱਤੇ ਤੇ ਦੋਵਾਂ ਨੇ ਇੱਕ ਦੂਸਰੇ ਪ੍ਰਤੀ ਨਿੱਘ ਦਿਖਾਇਆ। ਹਲਫ਼ਦਾਰੀ ਸਮਾਗਮ ਕਰੀਬ ਅੱਠ ਮਿੰਟ ਚੱਲਿਆ ਅਤੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਟੇਜ ’ਤੇ ਆਪਣੀ ਜ਼ਿੰਮੇਵਾਰੀ ਨਿਭਾਈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਵੀ ਇਸ ਮੌਕੇ ਉਨ੍ਹਾਂ ਨਾਲ ਬੈਠੇ ਹੋਏ ਸਨ। ਰਾਜਪਾਲ ਦੇ ਸ਼ੁਰੂਆਤੀ ਰੌਂਅ ਨੇ ਰਾਜ ਭਵਨ ਤੇ ਮੁੱਖ ਮੰਤਰੀ ਦਫ਼ਤਰ ਦਰਮਿਆਨ ਸਬੰਧਾਂ ਨੂੰ ਲੈ ਕੇ ਚੰਗਾ ਸੁਨੇਹਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਨਵੇਂ ਰਾਜਪਾਲ ਕਟਾਰੀਆ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ।
ਚੇਤੇ ਰਹੇ ਕਿ ਰਾਜਪਾਲ ਕਟਾਰੀਆ ਨੇ ਅਸਾਮ ਦੇ ਰਾਜਪਾਲ ਵਜੋਂ ਇੱਕ ਸਾਲ ਦਾ ਕਾਰਜਕਾਲ ਹੀ ਪੂਰਾ ਕੀਤਾ ਸੀ ਕਿ ਉਨ੍ਹਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਰਾਜਪਾਲ ਕਟਾਰੀਆ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਪਹਿਲਾ ਦਿਨ ਹੈ ਅਤੇ ਉਨ੍ਹਾਂ ਨੂੰ ਜੋ ਕੰਮ ਸੌਂਪਿਆ ਗਿਆ ਹੈ, ਉਸ ਦੀ ਸਮੀਖਿਆ ਆਉਂਦੇ ਛੇ ਮਹੀਨਿਆਂ ਮਗਰੋਂ ਹੀ ਕੀਤੀ ਜਾ ਸਕਦੀ ਹੈ। ਇਕ ਸਵਾਲ ਦੇ ਜਵਾਬ ਵਿਚ ਨਵੇਂ ਰਾਜਪਾਲ ਨੇ ਕਿਹਾ ਕਿ ਉਹ ਸਰਹੱਦੀ ਅਤੇ ਹੋਰ ਜ਼ਿਲ੍ਹਿਆਂ ਦੇ ਦੌਰੇ ਜ਼ਰੂਰ ਕਰਨਗੇ ਅਤੇ ਰੀਵਿਊ ਮੀਟਿੰਗਾਂ ਵੀ ਕਰਨਗੇ। ਸਮਾਗਮ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਖੁੱਡੀਆਂ, ਡਾ. ਬਲਵੀਰ ਸਿੰਘ, ਬ੍ਰਹਮ ਸ਼ੰਕਰ ਜਿੰਪਾ, ਹਰਭਜਨ ਸਿੰਘ ਈਟੀਓ ਅਤੇ ਲਾਲ ਚੰਦ ਕਟਾਰੂਚੱਕ ਵੀ ਹਾਜ਼ਰ ਸਨ।

Advertisement

Advertisement
Tags :
Author Image

joginder kumar

View all posts

Advertisement