Gukesh gets his trophy ਵਿਸ਼ਵ ਚੈਂਪੀਅਨ ਬਣਨ ਦਾ ਸਫ਼ਰ ਕਿਸੇ ਸੁਫ਼ਨੇ ਤੋਂ ਘੱਟ ਨਹੀਂ: ਗੁਕੇਸ਼
ਸਿੰਗਾਪੁਰ, 13 ਦਸੰਬਰ
ਭਾਰਤੀ ਗਰੈਂਡਮਾਸਟਰ ਡੀ. ਗੁਕੇਸ਼ ਨੂੰ ਵਿਸ਼ਵ ਸ਼ਤਰੰਜ ਖਿਤਾਬ ਜਿੱਤਣ ਤੋਂ ਇੱਕ ਦਿਨ ਬਾਅਦ ਅੱਜ ਐੱਫਾਈਡੀਈ (ਕੌਮਾਂਤਰੀ ਸ਼ਤਰੰਜ ਫੈਡਰੇਸ਼ਨ) ਦੇ ਪ੍ਰਧਾਨ ਅਰਕਾਡੀ ਡਵੋਰਕੋਵਿਚ ਨੇ ਸਮਾਪਾਤੀ ਸਮਾਗਮ ਦੌਰਾਨ ਉਸ ਨੂੰ ਟਰਾਫੀ ਸੌਂਪੀ।
ਚੇਨੱਈ ਦੇ 18 ਸਾਲਾ ਗੁਕੇਸ਼ ਨੇ ਬੀਤੇ ਦਿਨ ਸਾਬਕਾ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਸੀ। ਇਸ ਨਾਲ ਉਸ ਨੇ 1.3 ਮਿਲੀਅਨ ਅਮਰੀਕੀ ਡਾਲਰ (ਲਗਪਗ 11.03 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਵੀ ਜਿੱਤੀ ਹੈ।
ਇਸ ਦੌਰਾਨ ਗੁਕੇਸ਼ ਨੇ ਕਿਹਾ ਕਿ ਵਿਸ਼ਵ ਚੈਂਪੀਅਨ ਬਣਨ ਦਾ ਸਫਰ ਉਸ ਲਈ ਕਿਸੇ ਸੁਫਨੇ ਤੋਂ ਘੱਟ ਨਹੀਂ ਰਿਹਾ। ਉਸ ਨੇ ਕਿਹਾ, ‘ਅਜਿਹਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੈਂ ਇਹ ਪਲ ਲੱਖਾਂ ਵਾਰ ਜੀਅ ਚੁੱਕਾ ਹਾਂ। ਹਰ ਸਵੇਰ ਮੈਂ ਇਸੇ ਪਲ ਲਈ ਹੀ ਜਾਗਦਾ ਸੀ।’ ਇਸ ਤੋਂ ਪਹਿਲਾਂ ਉਹ ਆਪਣੇ ਪ੍ਰਸ਼ੰਸਕਾਂ ਨੂੰ ਮਿਲਿਆ।
ਇਸ ਦੌਰਾਨ ਨੌਜਵਾਨ ਨੇ ਕਿਹਾ ਕਿ ਉਹ ਰਾਤ ਭਰ ਸੁੱਤਾ ਨਹੀਂ। ਉਸ ਨੇ ਕਿਹਾ, ‘ਇਹ ਸਫ਼ਰ ਕਿਸੇ ਸੁਫਨੇ ਤੋਂ ਘੱਟ ਨਹੀਂ ਰਿਹਾ। ਇਸ ਵਿੱਚ ਕਈ ਉਤਰਾਅ-ਚੜ੍ਹਾਅ ਆਏ, ਕਈ ਚੁਣੌਤੀਆਂ ਆਈਆਂ ਪਰ ਮੈਂ ਇਸ ’ਚੋਂ ਕੁੱਝ ਵੀ ਬਦਲਣਾ ਨਹੀਂ ਚਾਹੁੰਦਾ ਕਿਉਂਕਿ ਇਹ ਸਫਰ ਮੇਰੇ ਨਾਲ ਰਹੀਆਂ ਸ਼ਖਸੀਅਤਾਂ ਕਰਕੇ ਬਹੁਤ ਸੁੰਦਰ ਰਿਹਾ।’ ਉਸ ਨੇ ਆਪਣੇ ਮਾਤਾ-ਪਿਤਾ, ਟੀਮ, ਮੇਜ਼ਬਾਨ ਦੇਸ਼, ਪਿਛਲੇ ਤਿੰਨ ਹਫ਼ਤਿਆਂ ਵਿੱਚ ਮਿਲੇ ਨਵੇਂ ਪ੍ਰਸ਼ੰਸਕਾਂ ਅਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ। -ਪੀਟੀਆਈ