ਗੁਜਰਾਤ ਹਾਈ ਕੋਰਟ ਵੱਲੋਂ ਫਿਲਮ ‘ਮਹਾਰਾਜ’ ਨੂੰ ਰਿਲੀਜ਼ ਕਰਨ ਦੀ ਮਨਜ਼ੂਰੀ
ਅਹਿਮਦਾਬਾਦ: ਗੁਜਰਾਤ ਹਾਈ ਕੋਰਟ ਨੇ ਅੱਜ ਬੌਲੀਵੁੱਡ ਸਟਾਰ ਆਮਿਰ ਖਾਨ ਦੇ ਬੇਟੇ ਜੁਨੈਦ ਦੀ ਪਹਿਲੀ ਫਿਲਮ ‘ਮਹਾਰਾਜ’ ਨੂੰ ਰਿਲੀਜ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਇਸ ਫਿਲਮ ਦੇ ਮੈਂਬਰਾਂ ਵੱਲੋਂ ਵੈਸ਼ਨਵ ਪੁਸ਼ਤੀਮਾਰਗ ਸੰਪਰਦਾ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਨਹੀਂ ਬਣਾਇਆ ਗਿਆ। ਅਦਾਲਤ ਨੇ ਫਿਲਮ ਦੇਖਣ ਮਗਰੋਂ ਕਿਹਾ ਕਿ ਇਸ ਫਿਲਮ ’ਚ ਕੁਝ ਵੀ ਇਤਰਾਜ਼ਯੋਗ ਜਾਂ ਅਪਮਾਨਜਨਕ ਨਹੀਂ ਹੈ। ਅਦਾਲਤ ਨੇ ਫਿਲਮ ਨੂੰ ਨੈੱਟਫਲਿੱਕਸ ’ਤੇ ਰਿਲੀਜ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਪੁਸ਼ਤੀਮਾਰਗ ਸੰਪਰਦਾ ਦੇ ਕੁਝ ਮੈਂਬਰਾਂ ਨੇ ਇਸ ਦੀ ਰਿਲੀਜ਼ ’ਤੇ ਰੋਕ ਲਗਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਦੋਸ਼ ਲਗਾਏ ਗਏ ਸਨ ਕਿ ਇਸ਼ ਫਿਲਮ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਯਸ਼ ਰਾਜ ਫਿਲਮਜ਼ (ਵਾਈਆਰਐੱਫ) ਵੱਲੋਂ ਬਣਾਈ ਗਈ ਇਹ ਫਿਲਮ 1862 ਦੇ ਇੱਕ ਮਾਣਹਾਨੀ ਕੇਸ ’ਤੇ ਆਧਾਰਿਤ ਹੈ, ਜੋ ਇੱਕ ਵੈਸ਼ਨਵ ਧਾਰਮਿਕ ਨੇਤਾ ਅਤੇ ਸਮਾਜ ਸੁਧਾਰਕ ਕਰਸਨਦਾਸ ਮੁਲਜੀ ਵਿਚਾਲੇ ਚੱਲਿਆ ਸੀ। ਮੁਲਜੀ ਨੇ ਇੱਕ ਗੁਜਰਾਤੀ ਹਫ਼ਤਾਵਾਰੀ ’ਚ ਇੱਕ ਲੇਖ ਰਾਹੀਂ ਦੋਸ਼ ਲਾਇਆ ਸੀ ਕਿ ਸਾਧੂ ਨੇ ਆਪਣੀਆਂ ਮਹਿਲਾ ਸ਼ਰਧਾਲੂਆਂ ਨਾਲ ਜਿਨਸੀ ਸਬੰਧ ਬਣਾਏ ਸਨ। ਇਸ ਮਾਮਲੇ ’ਚ ਮਾਣਹਾਨੀ ਦਾ ਕੇਸ ਚੱਲਿਆ, ਜਿਸ ਵਿੱਚ ਸਮਾਜ ਸੁਧਾਰਕ ਦੀ ਜਿੱਤ ਹੋਈ ਸੀ। -ਪੀਟੀਆਈ