For the best experience, open
https://m.punjabitribuneonline.com
on your mobile browser.
Advertisement

ਗੁਜਰਾਤ: ਸੌਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ

07:18 AM Jul 20, 2023 IST
ਗੁਜਰਾਤ  ਸੌਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ
ਗੁਜਰਾਤ ਦੇ ਵੀਰਾਵਲ ਇਲਾਕੇ ਵਿੱਚ ਪਏ ਭਾਰੀ ਮੀਂਹ ਮਗਰੋਂ ਜਮ੍ਹਾਂ ਹੋਏ ਪਾਣੀ ਵਿਚੋਂ ਲੰਘ ਕੇ ਸੁਰੱਖਿਅਤ ਥਾਵਾਂ ਵੱਲ ਜਾਂਦੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਅਹਿਮਦਾਬਾਦ: ਗੁਜਰਾਤ ਦੇ ਸੌਰਾਸ਼ਟਰ ਖੇਤਰ ਦੇ ਕੁੱਝ ਹਿੱਸਿਆਂ ਵਿੱਚ ਅੱਜ ਪਏ ਭਾਰੀ ਮੀਂਹ ਮਗਰੋਂ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਦੀ ਸਲਾਹ ਦਿੱਤੀ ਹੈ। ਜੂਨਾਗੜ੍ਹ ਵਿੱਚ ਘਰਾਂ ’ਚ ਪਾਣੀ ਦਾਖਲ ਹੋਣ ਕਾਰਨ ਲੋਕ ਮੁਸੀਬਤਾਂ ਵਿੱਚ ਘਿਰ ਗਏ ਹਨ। ਰਾਜ ਐਮਰਜੈਂਸੀ ਅਪਰੇਸ਼ਨ ਸੈਂਟਰ (ਐੱਸਈਓਸੀ) ਨੇ ਦੱਸਿਆ ਕਿ ਜੂਨਾਗੜ੍ਹ ਵਿੱਚ ਭਾਰੀ ਮੀਂਹ ਕਾਰਨ ਹਾਲਾਤ ਬਦਤਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਮੰਗਰੋਲ ਤਾਲੁਕਾ ਵਿੱਚ ਸਵੇਰੇ ਛੇ ਵਜੇ ਤੱਕ ਅੱਠ ਘੰਟਿਆਂ ਦੌਰਾਨ 290 ਐੱਮਐੱਮ ਮੀਂਹ ਦਰਜ ਕੀਤਾ ਗਿਆ, ਜਦਕਿ ਮਾਲੀਆ ਹਾਟੀਨਾ ਤਾਲੁਕਾ ਵਿੱਚ 191 ਐੱਮਐੱਮ ਮੀਂਹ ਪਿਆ। ਸੂਬੇ ਵਿੱਚ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੇ ਹਨ ਅਤੇ ਬਰਸਾਤੀ ਦਰਿਆਵਾਂ ਜਿਵੇਂ ਓਜਸ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਪਿੰਡਾਂ ਵਿੱਚ ਦਾਖ਼ਲ ਹੋ ਗਿਆ ਹੈ, ਖੇਤ ਝੀਲਾਂ ਵਿੱਚ ਤਬਦੀਲ ਹੋ ਗਏ ਹਨ। ਸੌਰਾਸ਼ਟਰ ਖੇਤਰ ਵਿੱਚ ਹੜ੍ਹ ਦੇ ਮੱਦੇਨਜ਼ਰ ਬੱਸ ਸੇਵਾ ਰੱਦ ਕਰ ਦਿੱਤੀ ਗਈ ਹੈ। -ਪੀਟੀਆਈ

Advertisement

ਹਿਮਾਚਲ: ਚੰਬਾ ਜ਼ਿਲ੍ਹੇ ’ਚ ਮੀਂਹ ਕਾਰਨ ਦੁਕਾਨਾਂ ਤੇ ਮਕਾਨ ਨੁਕਸਾਨੇ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਸਲੂਨੀ ਖੇਤਰ ਵਿੱਚ ਭਾਰੀ ਮੀਂਹ ਕਾਰਨ ਅੱਜ ਮਕਾਨਾਂ, ਘਰਾਂ ਤੇ ਪਸ਼ੂਆਂ ਦੇ ਵਾੜਿਆਂ ਨੂੰ ਨੁਕਸਾਨ ਪਹੁੰਚਿਆ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਚੰਬਾ ਦੇ ਡਿਪਟੀ ਕਮਿਸ਼ਨਰ ਅਪੂਰਵ ਦੇਵਗਨ ਨੇ ਦੱਸਿਆ ਕਿ ਸਲੂਨੀ ਖੇਤਰ ਦੇ ਕੁਝ ਪਿੰਡਾਂ ਵਿੱਚ ਮੀਂਹ ਕਾਰਨ ਅੱਠ ਪੱਕੇ ਮਕਾਨ, 11 ਕੱਚੇ ਮਕਾਨ, ਚਾਰ ਦੁਕਾਨਾਂ ਤੇ ਪਸ਼ੂਆਂ ਦੇ 16 ਸ਼ੈੱਡ ਨੁਕਸਾਨੇ ਗਏ। ਮੀਂਹ ਦਾ ਪਾਣੀ ਕਈ ਘਰਾਂ ਵਿੱਚ ਦਾਖਲ ਹੋ ਗਿਆ। ਇਸੇ ਤਰ੍ਹਾਂ ਤਿਲਕਾ ਤੇ ਦੇਵਾਰੀ ਪਿੰਡਾਂ ਵਿੱਚ ਕਈ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਸ਼ਿਫਟ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਮੌਨਸੂਨ ਸੀਜ਼ਨ ਵਿੱਚ 24 ਜੂਨ ਤੋਂ ਲੈ ਕੇ ਹੁਣ ਤਕ ਪਏ ਮੀਂਹ ਕਾਰਨ ਹਿਮਾਚਲ ਵਿੱਚ 4,809 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ 130 ਲੋਕਾਂ ਦੀ ਮੌਤ ਹੋਈ ਹੈ। -ਪੀਟੀਆਈ

ਉੱਤਰਾਖੰਡ ਦੇ ਪਿਥੌਰਾਗੜ੍ਹ ’ਚ ਬੱਦਲ ਫਟਣ ਨਾਲ ਲੋਹੇ ਦਾ ਆਰਜ਼ੀ ਪੁਲ ਰੁੜ੍ਹਿਆ

ਪਿਥੌਰਾਗੜ੍ਹ: ਉੱਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਭਾਰਤ-ਚੀਨ ਸਰਹੱਦ ਨਜ਼ਦੀਕ ਕਾਲਾਪਾਣੀ ਇਲਾਕੇ ਵਿੱਚ ਅੱਜ ਵੱਡੇ ਤੜਕੇ ਬੱਦਲ ਫਟਣ ਨਾਲ ਲੋਹੇ ਦਾ ਆਰਜ਼ੀ ਪੁਲ ਰੁੜ੍ਹ ਗਿਆ। ਉੱਤਰਾਖੰਡ ਵਿੱਚ ਲਗਾਤਾਰ ਭਾਰੀ ਮੀਂਹ ਜਾਰੀ ਹੈ। ਪਿਥੌਰਾਗੜ੍ਹ ਦੇ ਜ਼ਿਲ੍ਹਾ ਮੈਜਿਸਟਰੇਟ ਰੀਨਾ ਜੋਸ਼ੀ ਨੇ ਕਿਹਾ ਕਿ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਵੱਲੋਂ ਬਣਾਇਆ ਬੈਲੇ ਬਰਿੱਜ ਰੁੜ੍ਹ ਗਿਆ ਤੇ ਇਸ ਦੌਰਾਨ ਕਿਸੇ ਜਾਨੀਂ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਬੀਆਰਓ ਕਮਾਂਡਰ ਹਰੀਸ਼ ਕੋਟਨਾਲਾ ਨੇ ਕਿਹਾ ਕਿ ਇਹ ਆਰਜ਼ੀ ਪੁਲ 100 ਫੁੱਟ ਲੰਮਾ ਤੇ ਤਿੰਨ ਟਨ ਵਜ਼ਨ ਸਹਿਣ ਦੇ ਸਮਰੱਥ ਸੀ। ਕੋਟਨਾਲਾ ਨੇ ਕਿਹਾ ਕਿ ਬੱਦਲ ਫਟਣ ਕਰਕੇ ਭਾਰਤ-ਚੀਨ ਸਰਹੱਦ ’ਤੇ ਕਾਲਾਪਾਣੀ ਤੇ ਲਿਪੂਲੇਖ ਸੁਰੱਖਿਆ ਚੌਕੀਆਂ ਨੂੰ ਜਾਂਦੀ ਸੜਕ ਦਾ 100 ਮੀਟਰ ਦਾ ਇਕ ਹਿੱਸਾ ਵੀ ਪਾਣੀ ’ਚ ਰੁੜ੍ਹ ਗਿਆ। ਮੌਕੇ ’ਤੇ ਮੌਜੂਦ ਕੋਟਨਾਲਾ ਨੇ ਕਿਹਾ ਕਿ ਬੀਆਰਓ ਜਲਦੀ ਹੀ ਇਸ ਸੜਕ ਦਾ ਮੁੜ ਨਿਰਮਾਣ ਕਰੇਗੀ। -ਪੀਟੀਆਈ

Advertisement
Tags :
Author Image

joginder kumar

View all posts

Advertisement
Advertisement
×