ਗੁਜਰਾਤ ਸਰਕਾਰ ਵੱਲੋਂ ਜੈਕੀ ਸ਼ਰਾਫ ਨੂੰ ‘ਵੈਂਟੀਲੇਟਰ’ ਲਈ ਐਵਾਰਡ
ਮੁੰਬਈ: ਜੈਕੀ ਸ਼ਰਾਫ ਜਿਸ ਨੇ ‘ਪਰਿੰਦਾ’ ‘ਰਾਮ ਲਖਨ’ ‘ਤ੍ਰਿਦੇਵ’ ਅਤੇ ਹੋਰ ਕਈ ਅਜਿਹੀਆਂ ਫਿਲਮਾਂ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ, ਨੂੰ ਗੁਜਰਾਤ ਸਰਕਾਰ ਵੱਲੋਂ ਫਿਲਮ ‘ਵੈਂਟੀਲੇਟਰ’ ਲਈ ਐਵਾਰਡ ਦਿੱਤਾ ਗਿਆ ਹੈ। ਇਸ ਫਿਲਮ ਦੇ ਨਿਰਦੇਸ਼ਕ ਰਾਜੇਸ਼ ਮਾਪੁਸਕਰ ਹਨ। ਫਿਲਮ ਦੀ ਕਹਾਣੀ ਅਜਿਹੇ ਪਰਿਵਾਰ ਦੇ ਦੁਆਲੇ ਘੁੰਮਦੀ ਹੈ, ਜੋ ਆਪਣੇ ਕਿਸੇ ਰਿਸ਼ਤੇਦਾਰ ਦੀ ਮਦਦ ਲਈ ਹਸਪਤਾਲ ’ਚ ਆਇਆ ਹੁੰਦਾ ਹੈ। ਅਦਾਕਾਰ ਨੂੰ ਫਿਲਮ ਵਿੱਚ ਇੱਕ ਭਾਵੁਕ ਤੌਰ ’ਤੇ ਟੁੱਟ ਚੁੱਕੇ ਇਨਸਾਨ ਵਜੋਂ ਦਿਖਾਇਆ ਗਿਆ ਹੈ। ਐਵਾਰਡ ਮਿਲਣ ’ਤੇ ਜੈਕੀ ਨੇ ਕਿਹਾ,‘‘ਮੈਂ ਹਰ ਕਿਰਦਾਰ ਨੂੰ ਚੁਣੌਤੀ ਵਜੋਂ ਲੈਂਦਾ ਹਾਂ, ‘ਵੈਂਟੀਲੇਟਰ’ ਵੀ ਅਜਿਹੀ ਹੀ ਫ਼ਿਲਮ ਸੀ ਜਿਸ ਵਿੱਚ ਕੰਮ ਕਰਦੇ ਹੋਏ ਮੈਂ ਬਹੁਤ ਆਨੰਦ ਮਾਣਿਆ ਹੈ ਤੇ ਇਸ ਕਿਰਦਾਰ ਰਾਹੀਂ ਆਪਣੇ ਜਜ਼ਬਾਤ ਦਿਖਾਏ ਹਨ।’’ ਉਨ੍ਹਾਂ ਕਿਹਾ,‘‘ ਮੈਂ ਇਸ ਐਵਾਰਡ ਲਈ ਦਿਲੋਂ ਧੰਨਵਾਦੀ ਹਾਂ। ਇਹ ਐਵਾਰਡ ਮੈਨੂੰ ਆਪਣੇ ਦਰਸ਼ਕਾਂ ਲਈ ਹਰ ਵਾਰ ਉਨ੍ਹਾਂ ਦੀਆਂ ਪਸੰਦੀਦਾ ਫ਼ਿਲਮਾਂ ਕਰਨ ਲਈ ਉਤਸ਼ਾਹਿਤ ਕਰੇਗਾ।’’ ਇਸਦੇ ਨਾਲ ਹੀ ਜੈਕੀ ਸ਼ਰਾਫ ਆਪਣੀ ਅਗਲੀ ਫ਼ਿਲਮ ‘ਜੇਲ੍ਹਰ’ ’ਚ ਰਜਨੀਕਾਂਤ ਨਾਲ ਨਜ਼ਰ ਆਵੇਗਾ। -ਆਈਏਐੱਨਐੱਸ