4 die after inhaling toxic gas at chemical unit in Gujaratਭਰੂਚ, 29 ਦਸੰਬਰਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਦਹੇਜ ਸਥਿਤ ਇੱਕ ਕੈਮੀਕਲ ਪਲਾਟ ’ਚੋਂ ਜ਼ਹਿਰੀਲੀ ਗੈਸ ਰਿਸਣ ਕਾਰਨ ਚਾਰ ਕਰਮਚਾਰੀਆਂ ਦੀ ਮੌਤ ਹੋ ਗਈ। ਕੰਪਨੀ ਨੇ ਕਿਹਾ ਕਿ ਚਾਰਾਂ ਦਾ ਤੁਰੰਤ ਇਲਾਜ ਕੀਤਾ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।ਕੰਪਨੇ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 30 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਦਹੇਜ ਥਾਣੇ ਦੇ ਇੰਸਪੈਕਟਰ ਬੀਐੱਸ ਪਾਟੀਦਾਰ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਕਰੀਬ 10 ਵਜੇ ‘ਗੁਜਰਾਤ ਫਲੋਰੋਕੈਮੀਕਲ ਲਿਮਟਿਡ’ (ਜੀਐੱਫਐੱਲ) ਦੀ ਇੱਕ ਉਤਪਾਦ ਇਕਾਈ ਵਿੱਚ ਪਾਈਪ ਵਿੱਚੋਂ ਜ਼ਹਿਰੀਲੀ ਗੈਸ ਰਿਸਣ ਕਾਰਨ ਲਪੇਟ ’ਚ ਆਏ ਕਰਮਚਾਰੀ ਬੇਹੋਸ਼ ਹੋ ਗਏ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਚਾਰਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਪੁਲੀਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਭਰੂਸ ਵਾਸੀ ਰਾਜੇਸ਼ ਕੁਮਾਰ ਮਗਨਦਿਆ (48), ਝਾਰਖੰਡ ਦੇ ਅਧੌਰਾ ਦੀ ਵਾਸੀ ਮੁਦ੍ਰਿਕਾ ਯਾਦਵ (29) ਅਤੇ ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਾਸੀ ਸੁਚਿਤ ਪ੍ਰਸਾਦ (39) ਅਤੇ ਮਹੇਸ਼ ਨੰਦਲਾਲ (25) ਵਜੋਂ ਹੋਈ ਹੈ।ਜੀਐੱਫਐੱਲ ਨੇ ਇੱਕ ਮੀਡੀਆ ਬਿਆਨ ਵਿੱਚ ਕਿਹਾ ਕਿ ਘਟਨਾ ਸ਼ਨਿੱਚਰਵਾਰ ਰਾਤ ਨੂੰ ਕਰੀਬ ਅੱਠ ਵਜੇ ਵਾਪਰੀ ਅਤੇ ਟੀਮ ਨੇ ਤੁਰੰਤ ਗੈਸ ਰਿਸਣ ਦਾ ਪਤਾ ਲਗਾ ਕੇ ਉਸ ’ਤੇ ਕਾਬੂ ਪਾ ਲਿਆ। -ਪੀਟੀਆਈ