ਗੁਜਰਾਤ: ਗਣਪਤੀ ਮੂਰਤੀ ਵਿਸਰਜਨ ਦੌਰਾਨ ਇੱਕੋ ਪਰਿਵਾਰ ਦੇ ਚਾਰ ਜੀਅ ਰੁੜ੍ਹੇ, ਕਾਫੀ ਭਾਲ ਤੋਂ ਮਿਲੀਆਂ ਲਾਸ਼ਾਂ
ਪਾਟਣ (ਗੁਜਰਾਤ), 12 ਸਤੰਬਰ
ਗੁਜਰਾਤ ਦੇ ਪਾਟਣ ਜ਼ਿਲ੍ਹੇ ਵਿੱਚ ਭਗਵਾਨ ਗਣਪਤੀ ਦੀ ਮੂਰਤੀ ਦਾ ਵਿਸਰਜਨ ਕਰਨ ਦੌਰਾਨ ਇਕ ਮਹਿਲਾ, ਉਸ ਦੇ ਦੋ ਨਾਬਾਲਗ ਪੁੱਤਰ ਤੇ ਭਰਾ ਇਕ ਨਦੀ ਵਿੱਚ ਰੁੜ੍ਹ ਗਏ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਕੁਲੈਕਟਰ ਅਰਵਿੰਦ ਵਿਜਯਨ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਭਗਵਾਨ ਗਣਪਤੀ ਦੀ ਮੂਰਤੀ ਦੇ ਵਿਸਰਜਨ ਦੌਰਾਨ ਪਾਟਣ ਨੇੜੇ ਸਰਸਵਤੀ ਨਦੀ ਦੇ ਪਾਣੀ ਵਿੱਚ ਸੱਤ ਵਿਅਕਤੀ ਰੁੜ੍ਹ ਗਏ। ਸਥਾਨਕ ਲੋਕਾਂ ਨੇ ਤੁਰੰਤ ਹਿੰਮਤ ਕਰ ਕੇ ਦੋ ਪੁਰਸ਼ਾਂ ਤੇ ਇਕ ਮਹਿਲਾ ਨੂੰ ਤਾਂ ਬਚਾਅ ਲਿਆ ਜਦਕਿ ਇੱਕੋ ਪਰਿਵਾਰ ਦੇ ਚਾਰ ਮੈਂਬਰ ਲਾਪਤਾ ਹੋ ਗਏ। ਨਦੀ ਵਿੱਚ ਲਾਪਤਾ ਹੋਏ ਚਾਰ ਲੋਕਾਂ ਦਾ ਪਤਾ ਲਾਉਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਟਣ, ਮਹਿਸਾਨਾ ਅਤੇ ਸਿੱਧਪੁਰ ਸ਼ਹਿਰਾਂ ਤੋਂ 15 ਗੋਤਾਖੋਰਾਂ ਨੂੰ ਸੱਦਿਆ ਗਿਆ ਹੈ। ਵਿਜਯਨ ਨੇ ਕਿਹਾ ਕਿ ਰਾਤ ਵੇਲੇ ਵੀ ਲਾਪਤਾ ਲੋਕਾਂ ਦੀ ਭਾਲ ਕਰਨ ਲਈ ਮੌਕੇ ’ਤੇ 15 ਟਰੈਕਟ ਤੇ ਰੋਡ ਰੋਲਰਾਂ ਦੀਆਂ ਹੈੱਡਲਾਈਟਾਂ ਦਾ ਸਹਾਰਾ ਲਿਆ ਗਿਆ। ਕਾਫੀ ਭਾਲ ਤੋਂ ਬਾਅਦ ਅੱਜ ਤੜਕੇ ਲਾਪਤਾ ਹੋਏ ਚਾਰੋਂ ਜਣਿਆਂ ਦੀਆਂ ਲਾਸ਼ਾਂ ਮਿਲ ਗਈਆਂ। ਮ੍ਰਿਤਕਾਂ ਦੀ ਪਛਾਣ ਸ਼ੀਤਲ ਪ੍ਰਜਾਪਤੀ (37), ਉਸ ਦੇ ਪੁੱਤਰਾਂ ਦਕਸ਼ (17) ਅਤੇ ਜਿਮਿਤ (15) ਅਤੇ ਉਸ ਦੇ ਭਰਾ ਨਯਨ ਪ੍ਰਜਾਪਤੀ (30) ਵਜੋਂ ਹੋਈ ਹੈ। ਇਹ ਸਾਰੇ ਪਾਟਣ ਸ਼ਹਿਰ ਵਿੱਚ ਪੈਂਦੇ ਵੈਰਾਈ ਚਕਲਾ ਇਲਾਕੇ ਦੇ ਵਸਨੀਕ ਸਨ। -ਪੀਟੀਆਈ