ਗੁਜਰਾਤ: ਇੰਟਰਵਿਊ ਵਾਲੀ ਥਾਂ ’ਤੇ ਹਫੜਾ-ਦਫੜੀ; ਪ੍ਰਾਈਵੇਟ ਕੰਪਨੀ ਨੂੰ ਨੋਟਿਸ
ਭਰੂਚ, 13 ਜੁਲਾਈ
ਗੁਜਰਾਤ ਦੇ ਭਰੂਚ ਜ਼ਿਲ੍ਹੇ ’ਚ ਇੱਕ ਨਿੱਜੀ ਕੰਪਨੀ ਵੱਲੋਂ 40 ਅਸਾਮੀਆਂ ਲਈ ਰੱਖੀ ਇੰਟਰਵਿਊ ਮੌਕੇ ਲਗਪਗ 800 ਉਮੀਦਵਾਰਾਂ ਦੇ ਪਹੁੰਚਣ ਕਾਰਨ ਹਫੜਾ-ਦਫੜੀ ਮਚਣ ਦੀ ਘਟਨਾ ਦੇ ਕੁਝ ਦਿਨਾਂ ਬਾਅਦ ਸਬੰਧਤ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ’ਚ ਉਮੀਦਵਾਰ ਇੱਕ ਹੋਟਲ ਦੇ ਅੰਦਰ ਜਾਣ ਵਾਲੇ ਦਰਵਾਜ਼ੇ ਤੱਕ ਪਹੁੰਚਣ ਵਾਲੇ ਰੈਂਪ ’ਤੇ ਪੈਰ ਰੱਖਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ ਅਤੇ ਉਥੇ ਧੱਕਾਮੁੱਕੀ ਹੋ ਰਹੀ ਹੈ। ਇਹ ਘਟਨਾ ਮੰਗਲਵਾਰ ਦੀ ਦੱਸੀ ਜਾ ਰਹੀ ਹੈ। ਜ਼ਿਲ੍ਹਾ ਰੁਜ਼ਗਾਰ ਅਧਿਕਾਰੀ ਸੰਜੈ ਗੋਇਲ ਨੇ ਦੱਸਿਆ ਕਿ ਝਗੜੀਆ ਸਥਿਤ ਇੱਕ ਕੰਪਨੀ ਨੇ 40 ਅਸਾਮੀਆਂ ’ਤੇ ਭਰਤੀ ਲਈ ਜ਼ਿਲ੍ਹੇ ਦੇ ਅੰਕਲੇਸ਼ਵਰ ਵਿੱਚ ਇਕ ਹੋਟਲ ’ਚ ਇੰਟਰਵਿਊ ਰੱਖੀ ਸੀ, ਜਿੱਥੇ ਸੈਂਕੜੇ ਉਮੀਦਵਾਰ ਇੰਟਰਵਿਊ ਦੇਣ ਪਹੁੰਚੇ ਸਨ। ਉਨ੍ਹਾਂ ਆਖਿਆ, ‘‘ਵੀਡੀਓ ਵਾਇਰਲ ਹੋਣ ਮਗਰੋਂ ਸਾਨੂੰ ਘਟਨਾ ਬਾਰੇ ਪਤਾ ਲੱਗਾ ਅਤੇ ਅਸੀਂ ਕੰਪਨੀ ਦੇ ਪਲਾਂਟ ਪ੍ਰਬੰਧਕ ਤੇ ਮੁਨੱਖੀ ਸਰੋਤ ਪ੍ਰਬੰਧਕ ਨਾਲ ਗੱਲਬਾਤ ਕੀਤੀ ਅਤੇ 12 ਜੁਲਾਈ ਨੂੰ ਪਲਾਂਟ ਦਾ ਨਿਰੀਖਣ ਕੀਤਾ।’’ ਗੋਇਲ ਨੇ ਕਿਹਾ ਕਿ ਕੰਪਨੀ ਵੱਲੋਂ ਨੋਟੀਫਾਈ ਅਸਾਮੀਆਂ ਬਾਰੇ ਜ਼ਿਲ੍ਹਾ ਰੁਜ਼ਗਾਰ ਦਫਤਰ ਨੂੰ ਸੂਚਿਤ ਨਹੀਂ ਕੀਤਾ ਸੀ। ਉਨ੍ਹਾਂ ਆਖਿਆ, ‘‘ਅਸੀਂ ਰਿਕਾਰਡ ਦੀ ਘੋਖ ਕੀਤੀ ਅਤੇ ਕੰਪਨੀ ਨੂੰ ਨੋਟਿਸ ਜਾਰੀ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਅਜਿਹੀ ਸਥਿਤੀ ਪੈਦਾ ਨਾ ਹੋਵੇ।’’ ਭਰੁੂਚ ਦੇ ਐੱਸਪੀ ਮਯੂਰ ਚਾਵੜਾ ਨੇ ਦੱਸਿਆ ਕਿ ਕੰਪਨੀ ਨੇ ਲਗਪਗ 150 ਉਮੀਦਵਾਰਾਂ ਲਈ ਹੋਟਲ ਬੁੱਕ ਕਰਵਾਇਆ ਸੀ। ਹਾਲਾਂਕਿ ਉਥੇ 800 ਉਮੀਦਵਾਰ ਪਹੁੰਚਣ ਕਾਰਨ ਕੰਪਨੀ ਅਧਿਕਾਰੀਆਂ ਨੇ ਭੀੜ ਨੂੰ ਕੰਟਰੋਲ ਕਰਨ ਲਈ ਹੋਟਲ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਿਸ ਕਾਰਨ ਹਫੜਾ-ਦਫੜੀ ਮਚ ਗਈ। ਉਨ੍ਹਾਂ ਕਿਹਾ ਕਿ ਘਟਨਾ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ ਤੇ ਨਾ ਹੀ ਇਸ ਸਬੰਧੀ ਕੋਈ ਸ਼ਿਕਾਇਤ ਮਿਲੀ ਹੈ। -ਪੀਟੀਆਈ
ਘਟਨਾ ਨੇ ਗੁਜਰਾਤ ਮਾਡਲ ਲੋਕਾਂ ਦੇ ਸਾਹਮਣੇ ਲਿਆਂਦਾ: ਕਾਂਗਰਸ
ਇੰਟਰਵਿਊ ਮੌਕੇ ਹਫੜਾ-ਦਫੜੀ ਦੀ ਘਟਨਾ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਤੇ ਸੱਤਾਧਾਰੀ ਭਾਜਪਾ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਕਾਂਗਰਸ ਨੇ ਕਿਹਾ ਕਿ ਇਸ ਘਟਨਾ ਨੇ ਗੁਜਰਾਤ ਮਾਡਲ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਹੈ। ਰਾਹੁਲ ਗਾਂਧੀ ਨੇ ਘਟਨਾ ਦੀ ਵੀਡੀਓ ਸਾਂਝੀ ਕਰਦਿਆਂ ਐਕਸ ’ਤੇ ਪੋਸਟ ’ਚ ਕਿਹਾ, ‘‘ਭਾਰਤ ’ਚ ਬੇਰੁਜ਼ਗਾਰੀ ਦੀ ਬਿਮਾਰੀ ਮਹਾਮਾਰੀ ਦਾ ਰੂਪ ਧਾਰ ਚੁੱਕੀ ਹੈ। ਭਾਜਪਾ ਦੇ ਸ਼ਾਸਨ ਵਾਲੇ ਸੂਬੇ ਇਸ ਬਿਮਾਰੀ ਦਾ ਕੇਂਦਰ ਬਣ ਚੁੱਕੇ ਹਨ। ਇੱਕ ਆਮ ਨੌਕਰੀ ਲਈ ਲਾਈਨਾਂ ’ਚ ਧੱਕੇ ਖਾਂਦਾ ‘ਭਾਰਤ ਦਾ ਭਵਿੱਖ’ ਨਰਿੰਦਰ ਮੋਦੀ ਦੇ ‘ਅੰਮ੍ਰਿਤਕਾਲ’ ਦੀ ਹਕੀਕਤ ਹੈ।’’ ਦੂਜੇ ਪਾਸੇ ਭਾਜਪਾ ਨੇ ਕਿਹਾ ਕਿ ਕਾਂਗਰਸ ਨੇ ਅੰਕਲੇਸ਼ਵਰ ਦੀ ਘਟਨਾ ਦੀ ਵੀਡੀਓ ਰਾਹੀਂ ਗੁਜਰਾਤ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਹੈ।