For the best experience, open
https://m.punjabitribuneonline.com
on your mobile browser.
Advertisement

ਗੁਜਰਾਤ: ਭਾਜਪਾ ਨੇ ਸੂਰਤ ਲੋਕ ਸਭਾ ਚੋਣ ਜਿੱਤੀ

07:22 AM Apr 23, 2024 IST
ਗੁਜਰਾਤ  ਭਾਜਪਾ ਨੇ ਸੂਰਤ ਲੋਕ ਸਭਾ ਚੋਣ ਜਿੱਤੀ
ਸੂਰਤ ਵਿੱਚ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਨੂੰ ਸਰਟੀਫਿਕੇਟ ਸੌਂਪਦੇ ਹੋਏ ਚੋਣ ਅਧਿਕਾਰੀ। -ਫੋਟੋ: ਪੀਟੀਆਈ
Advertisement

ਸੂਰਤ, 22 ਅਪਰੈਲ
ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਤੋਂ ਹੋਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਮਗਰੋਂ ਅੱਜ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਨੂੰ ਇਸ ਸੀਟ ਤੋਂ ਨਿਰਵਿਰੋਧ ਜੇਤੂ ਐਲਾਨਿਆ ਗਿਆ। ਚੋਣ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਪਹਿਲੀ ਸੀਟ ਭਾਜਪਾ ਦੀ ਝੋਲੀ ਪਈ ਹੈ। ਜ਼ਿਲ੍ਹਾ ਚੋਣ ਅਧਿਕਾਰੀ ਸੌਰਭ ਪਾਰਧੀ ਨੇ ਦਲਾਲ ਨੂੰ ਚੋਣ ਸਰਟੀਫਿਕੇਟ ਸੌਂਪਣ ਮਗਰੋਂ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਐਲਾਨ ਕਰਦਾ ਹਾਂ ਕਿ ਭਾਜਪਾ ਉਮੀਦਵਾਰ ਮੁਕੇਸ਼ ਕੁਮਾਰ ਚੰਦਰਕਾਂਤ ਦਲਾਲ ਨੂੰ ਸੂਰਤ ਸੰਸਦੀ ਹਲਕੇ ਤੋਂ ਸਦਨ ਲਈ ਚੁਣਿਆ ਗਿਆ ਹੈ।’’ ਗੁਜਰਾਤ ਦੀਆਂ ਸਾਰੀਆਂ 26 ਸੀਟਾਂ ਲਈ ਸੱਤ ਮਈ ਨੂੰ ਵੋਟਾਂ ਪੈਣਗੀਆਂ ਪਰ ਸੂਰਤ ਸੀਟ ਦਾ ਨਤੀਜਾ ਪਹਿਲਾਂ ਹੀ ਆਉਣ ਕਾਰਨ ਹੁਣ ਉਸ ਦਿਨ 25 ਸੀਟਾਂ ’ਤੇ ਵੋਟਿੰਗ ਹੋਵੇਗੀ। ਸੂਰਤ ਜ਼ਿਲ੍ਹਾ ਚੋਣ ਦਫ਼ਤਰ ਅਨੁਸਾਰ ਦਲਾਲ ਨੂੰ ਛੱਡ ਕੇ ਸੂਰਤ ਲੋਕ ਸਭਾ ਸੀਟ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਸਾਰੇ ਅੱਠ ਉਮੀਦਵਾਰਾਂ ਨੇ ਆਖ਼ਰੀ ਦਿਨ ਆਪਣਾ ਨਾਮ ਵਾਪਸ ਲੈ ਲਿਆ, ਜਿਨ੍ਹਾਂ ਵਿੱਚ ਚਾਰ ਆਜ਼ਾਦ, ਤਿੰਨ ਛੋਟੀਆਂ ਪਾਰਟੀਆਂ ਦੇ ਅਤੇ ਇੱਕ ਬਸਪਾ ਦੇ ਪਿਆਰੇ ਲਾਲ ਭਾਰਤੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਚੋਣ ਅਧਿਕਾਰੀ ਨੇ ਸੂੁਰਤ ਸੀਟ ਤੋਂ ਕਾਂਗਰਸ ਉਮੀਦਵਾਰ ਨੀਲੇਸ਼ ਕੁੰਭਾਨੀ ਦੀ ਨਾਮਜ਼ਦਗੀ ਲਈ ਗਵਾਹੀ ਪਾਉਣ ਵਾਲਿਆਂ ਦੇ ਦਸਤਖ਼ਤ ਵਿੱਚ ਪਹਿਲੀ ਨਜ਼ਰੇ ਫਰਕ ਪਾਏ ਜਾਣ ਮਗਰੋਂ ਰੱਦ ਕਰ ਦਿੱਤੀ ਸੀ। ਕੁੰਭਾਨੀ ਦੀ ਨਾਮਜ਼ਦਗੀ ਰੱਦ ਹੋਣ ਮਗਰੋਂ ਪਾਰਟੀ ਦੇ ਬਦਲਵੇਂ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਸੁਰੇਸ਼ ਪਡਸਾਲਾ ਦਾ ਪੱਤਰ ਵੀ ਰੱਦ ਕਰ ਦਿੱਤਾ ਸੀ। ਕਾਂਗਰਸ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਕੁੰਬਾਨੀ ਦੀ ਨਾਮਜ਼ਦਗੀ ਭਾਜਪਾ ਦੇ ਇਸ਼ਾਰੇ ’ਤੇ ਰੱਦ ਕੀਤੀ ਗਈ। ਪਾਰਟੀ ਨੇ ਕਿਹਾ ਕਿ ਉਹ ਇਸ ਫ਼ੈਸਲੇ ਨੂੰ ਚੁਣੌਤੀ ਦੇਵੇਗੀ।
ਇਸ ਤੋਂ ਪਹਿਲਾਂ ਭਾਜਪਾ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਸੀਆਰ ਪਾਟਿਲ ਨੇ ਅੱਜ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਸੂਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾ ਕਮਲ ਭੇਟ ਕੀਤਾ ਹੈ। ਮੈਂ ਸੂਰਤ ਲੋਕ ਸਭਾ ਸੀਟ ਤੋਂ ਉਮੀਦਵਾਰ ਮੁਕੇਸ਼ ਦਲਾਲ ਨੂੰ ਬਿਨਾਂ ਮੁਕਾਬਲਾ ਚੋਣ ਜਿੱਤਣ ’ਤੇ ਵਧਾਈ ਦਿੰਦਾ ਹਾਂ।’’ -ਪੀਟੀਆਈ

Advertisement

ਕਾਂਗਰਸ ਨੇ ਚੋਣ ਕਮਿਸ਼ਨ ਕੋਲ ਚੁੱਕਿਆ ਮਾਮਲਾ

ਕਾਂਗਰਸੀ ਵਫ਼ਦ ਨੇ ਸੂਰਤ ਹਲਕੇ ਤੋਂ ਪਾਰਟੀ ਉਮੀਦਵਾਰ ਨਿਲੇਸ਼ ਕੁੰਭਾਨੀ ਦੀ ਨਾਮਜ਼ਦਗੀ ਰੱਦ ਕਰਨ ਦਾ ਮਾਮਲਾ ਚੋਣ ਕਮਿਸ਼ਨ ਕੋਲ ਚੁੱਕਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁੰਭਾਨੀ ਦੇ ਪਰਚਿਆਂ ਦੀ ਤਾਈਦ ਕਰਨ ਵਾਲਿਆਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਹੈ ਅਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਹੈ। ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਸਾਰੇ ਹਾਲਾਤ ਨੂੰ ਦੇਖਣ ਦੇ ਬਾਵਜੂਦ ਰਿਟਰਨਿੰਗ ਅਫ਼ਸਰ ਨੇ ਕੁੰਭਾਨੀ ਦੇ ਨਾਮਜ਼ਦਗੀ ਕਾਗਜ਼ ਰੱਦ ਕਰਨ ਦੇ ਹੁਕਮ ਦਿੱਤੇ ਜਿਸ ਕਾਰਨ ਚੋਣ ਮੈਦਾਨ ’ਚ ਭਾਜਪਾ ਦਾ ਹੀ ਉਮੀਦਵਾਰ ਰਹਿ ਗਿਆ ਸੀ।

ਬਾਬਾ ਸਾਹਿਬ ਦੇ ਸੰਵਿਧਾਨ ਨੂੰ ਖ਼ਤਮ ਕਰਨ ਦੀ ਦਿਸ਼ਾ ਵੱਲ ਵਧਾਇਆ ਕਦਮ: ਰਾਹੁਲ

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਾਤ ਦੇ ਸੂਰਤ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਦੇ ਨਿਰਵਿਰੋਧ ਜੇਤੂ ਐਲਾਨੇ ਜਾਣ ਮਗਰੋਂ ਅੱਜ ਇੱਥੇ ਦਾਅਵਾ ਕੀਤਾ ਕਿ ਇਹ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਸੰਵਿਧਾਨ ਨੂੰ ਖ਼ਤਮ ਕਰਨ ਦੀ ਦਿਸ਼ਾ ਵੱਲ ਵਧਾਇਆ ਗਿਆ ਇੱਕ ਹੋਰ ਕਦਮ ਹੈ। ਰਾਹੁਲ ਨੇ ਐਕਸ ’ਤੇ ਕਿਹਾ, ‘‘ਤਾਨਾਸ਼ਾਹ ਦੀ ਅਸਲੀ ‘ਸੂਰਤ’ ਇੱਕ ਵਾਰ ਫਿਰ ਦੇਸ਼ ਦੇ ਸਾਹਮਣੇ ਹੈ! ਲੋਕਾਂ ਤੋਂ ਆਪਣਾ ਨੇਤਾ ਚੁਣਨ ਦਾ ਅਧਿਕਾਰ ਖੋਹ ਲੈਣਾ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਖ਼ਤਮ ਕਰਨ ਵੱਲ ਵਧਾਇਆ ਇੱਕ ਹੋਰ ਕਦਮ ਹੈ।’’ ਉਨ੍ਹਾਂ ਕਿਹਾ, ‘‘ਮੈਂ ਇੱਕ ਵਾਰ ਫਿਰ ਕਹਿ ਰਿਹਾ ਹਾਂ ਕਿ ਇਹ ਸਿਰਫ਼ ਸਰਕਾਰ ਬਣਾਉਣ ਦੀਆਂ ਚੋਣਾਂ ਨਹੀਂ ਹਨ, ਇਹ ਦੇਸ਼ ਨੂੰ ਬਚਾਉਣ ਦੀਆਂ ਚੋਣਾਂ ਹਨ, ਸੰਵਿਧਾਨ ਦੀ ਰੱਖਿਆ ਦੀਆਂ ਚੋਣਾਂ ਹਨ।’’ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਲੋਕਤੰਤਰ ਖਤਰੇ ਵਿੱਚ ਹੈ। ਉਨ੍ਹਾਂ ਐਕਸ ’ਤੇ ਦਾਅਵਾ ਕੀਤਾ ਕਿ ਚੋਣਾਂ, ਲੋਕਤੰਤਰ, ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਸਭ ਕੁੱਝ ਖ਼ਤਰੇ ਵਿੱਚ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×