ਸੇਧਗਾਰ ਪੁਸਤਕ
ਜਤਿੰਦਰ ਸਿੰਘ
ਦੁਨੀਆ ਵਿਚ ਬਹੁਤ ਸਾਰੇ ਪ੍ਰਤੀਨਿਧ ਲੇਖਕਾਂ ਨੇ ਆਲਮੀ ਗਿਆਨ ਨੂੰ ਸੰਖੇਪ ਰੂਪ ਵਿਚ ਸੰਪਾਦਿਤ ਕਰ ਕੇ ਪਾਠਕਾਂ ਦੇ ਰੂ-ਬ-ਰੂ ਕੀਤਾ ਹੈ। ਮਨੁੱਖੀ ਜੀਵਨ ਦੇ ਸਜੀਵ ਪਲਾਂ ਨੂੰ ਤਲਾਸ਼ਦਿਆਂ ਅਜਿਹੀਆਂ ਪੁਸਤਕਾਂ ਮਨੁੱਖ ਨੂੰ ਜੀਵਨ ਸੇਧ ਦਿੰਦੀਆਂ ਅਤੇ ਇਤਿਹਾਸ, ਮਿਥਿਹਾਸ, ਪਰੰਪਰਾਵਾਂ ਅਤੇ ਸ਼੍ਰਿਸ਼ਟੀ ਦੀਆਂ ਹੋਰ ਰਹਿਤਲਾਂ ਦਾ ਬੋਧ ਕਰਵਾਉਂਦੀਆਂ ਹਨ। ਇਸ ਲਈ ਭੌਤਿਕ ਸੰਸਾਰ ਵਿਚ ਇਨ੍ਹਾਂ ਦਾ ਆਪਣਾ ਵਿਲੱਖਣ ਮਹੱਤਵ ਹੈ। ਗੁਰਦੇਵ ਸਿੰਘ ਦੀ ਪੁਸਤਕ ‘ਅਨਮੋਲ ਮਾਣਕ’ (ਕੀਮਤ: 195 ਰੁਪਏ; ਯੂਨੀਸਟਾਰ, ਚੰਡੀਗੜ੍ਹ) ਅਜਿਹਾ ਸੰਗ੍ਰਹਿ ਹੈ ਜਿਸ ਵਿਚੋਂ ਜੀਵਨ ਦੀ ਜੀਵੰਤਤਾ ਦੇ ਦਰਸ਼ਨ ਹੁੰਦੇ ਹਨ। ਇਸੇ ਪਰਿਪੇਖ ਵਿਚ ਇਸ ਪੁਸਤਕ ਦੀ ਅਹਿਮੀਅਤ ਸਾਹਮਣੇ ਆਉਂਦੀ ਹੈ ਜਿਸ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ, ਭਾਸ਼ਾਈ ਵਿਲੱਖਣਤਾ ਅਤੇ ਅਨਮੋਲ ਵਿਚਾਰ ਪਰਸਪਰ ਵਿਚਰਦੇ ਅਤੇ ਅੰਤਰ-ਸਬੰਧਿਤ ਹੁੰਦੇ ਦਿਖਾਈ ਦਿੰਦੇ ਹਨ। ਪੰਜਾਬੀ ਵਿਚ ਅਜਿਹਾ ਕਾਰਜ ਕਿਸੇ ਨਾ ਕਿਸੇ ਰੂਪ ਵਿਚ ਨਰਿੰਦਰ ਸਿੰਘ ਕਪੂਰ ਦੀ ਵਾਰਤਕ ਵਿਚੋਂ ਦਿਸਦਾ ਹੈ। ਕਾਵਿਕਤਾ ਦੇ ਪੱਖ ਤੋਂ ਪੁਸਤਕਾਂ ਦੀ ਰਚਨਾ ਕਰਦਿਆਂ ਉਸ ਨੇ ਮੱਧਕਾਲੀ ਸਾਹਿਤ ਦੀਆਂ ਪ੍ਰਤੀਨਿਧ ਕਾਵਿ-ਵੰਨਗੀਆਂ ਨੂੰ ਪਾਠਕਾਂ ਸਾਹਮਣੇ ਲਿਆ ਕੇ ਉਸ ਦਾ ਵਿਸ਼ਲੇਸ਼ਣ ਕੀਤਾ ਸੀ। ਇਹ ਪੁਸਤਕ ਅਜਿਹੇ ਅਭਿਆਸ ਵਿਚੋਂ ਨਹੀਂ ਉਪਜੀ, ਪਰ ਫਿਰ ਵੀ ਇਸ ਦਾ ਆਪਣਾ ਮਹੱਤਵ ਹੈ। ਇਹ ਪੁਸਤਕ ਵਿਸ਼ਲੇਸ਼ਣ ਦੀ ਰਾਹ ਤੁਰਨ ਦੀ ਥਾਂ ਸਾਹਿਤਕ ਵਿਚਾਰਾਂ ਨੂੰ ਸੰਗ੍ਰਹਿਤ ਕਰਦੀ ਹੈ। ਇਸ ਪੁਸਤਕ ਵਿਚ ਗੁਰਦੇਵ ਸਿੰਘ ਦਾ ਬਿੰਬ ਕਿਸੇ ਆਲੋਚਕ ਜਾਂ ਸਮੀਖਿਅਕ ਵਾਲਾ ਨਾ ਹੋ ਕੇ ਪਾਠਕ ਜਾਂ ਟੂਕਾਂ ਦੇ ਸੰਗ੍ਰਹਿਕਰਤਾ ਵਾਲਾ ਹੈ।
ਇਹ ਪੁਸਤਕ ਪ੍ਰਤੱਖ ਕਰਦੀ ਹੈ ਕਿ ਗੁਰਦੇਵ ਸਿੰਘ ਦੇ ਚਿੰਤਨ ਅਤੇ ਚਿੱਤਰਨ ਦਾ ਘੇਰਾ ਬੜਾ ਵਸੀਹ ਹੈ। ਉਹ ਭਾਸ਼ਾ ਦੀਆਂ ਸੀਮਾਵਾਂ, ਵਿਸ਼ਿਆਂ ਦੀ ਬਹੁਰੰਗਤਾ ਅਤੇ ਕਾਲ ਦੇ ਘੇਰਿਆਂ ਨੂੰ ਉਲੰਘ ਕੇ ਜੀਵਨ ਲਈ ਸਾਰਥਕ ਅਤੇ ਬਿਹਤਰੀਨ ਵਿਚਾਰਾਂ ਦੀ ਚੋਣ ਕਰਦਾ ਹੈ। ਪੰਜਾਬੀ, ਹਿੰਦੀ, ਅਰਬੀ, ਫ਼ਾਰਸੀ ਅਤੇ ਅੰਗਰੇਜ਼ੀ ਸਰੋਤਾਂ ਤੋਂ ਕੀਤੀ ਇਸ ਚੋਣ ਨੂੰ ਦੇਖਦਿਆਂ ਉਸ ਦਾ ਭਾਸ਼ਾਈ ਗਿਆਨ ਅਤੇ ਵਿਦਵਤਾ ਪ੍ਰਤੱਖ ਹੋ ਜਾਂਦੇ ਹਨ। ਉਹ ਇਨ੍ਹਾਂ ਭਾਸ਼ਾਵਾਂ ਦੇ ਔਖੇ ਸ਼ਬਦਾਂ ਨੂੰ ਸਰਲ ਪੰਜਾਬੀ ਵਿਚ ਉਲਥਾ ਦਿੰਦਾ ਹੈ। ਮਿਸਾਲ ਵਜੋਂ: ਅਕਬਰ ਅਲਾਹਾਬਾਦੀ ਦੀ ਗੁਰੂ ਨਾਨਕ ਸਾਹਿਬ ਬਾਰੇ ਕਵਿਤਾ ਨੂੰ ਸੰਕਲਿਤ ਕਰਦਿਆਂ ਉਸ ਇਸ ਵਿਚਲੇ ਫ਼ਾਰਸੀ ਸ਼ਬਦਾਂ ਦੇ ਅਰਥ ਵੀ ਅੰਕਿਤ ਕਰਦਾ ਹੈ।
ਕਾਲ ਦੀ ਦ੍ਰਿਸ਼ਟੀ ਤੋਂ ਉਹ ਮੱਧਕਾਲੀ ਕਵਿਤਾ ਤੋਂ ਆਪਣੀ ਗੱਲ ਕਰਦਿਆਂ ਇਸ ਦੀ ਸ਼ੁਰੂਆਤ ਗੁਰਬਾਣੀ ਦੀਆਂ ਤੁਕਾਂ ਤੋਂ ਕਰਦਾ ਹੈ ਜਿਸ ਵਿਚ ਗੁਰੂ ਸਾਹਿਬਾਨ ਤੋਂ ਇਲਾਵਾ ਬਾਬਾ ਫ਼ਰੀਦ ਅਤੇ ਭਗਤਾਂ ਦੀ ਬਾਣੀ ਨੂੰ ਲਗਾਤਾਰ ਚਿਹਨਤ ਕਰਦਾ ਹੈ। ਵਿਸ਼ਿਆਂ ਦੀ ਵੰਨ-ਸੁਵੰਨਤਾ ਦੀ ਦ੍ਰਿਸ਼ਟੀ ਤੋਂ ਉਹ ਅਕਾਲ ਪੁਰਖ ਦੀ ਅਰਾਧਨਾ/ਵਡਿਆਈ ਤੋਂ ਲੈ ਕੇ ਧਾਰਮਿਕ ਖੇਤਰਾਂ ਵਿਚ ਪੈਦਾ ਹੋਏ ਪਾਖੰਡ ਨਾਲ ਸਬੰਧਿਤ ਕਵਿਤਾਵਾਂ ਨੂੰ ਵੀ ਚੁਣਦਾ ਹੈ। ਅਧਿਆਤਮਕ ਵਿਸ਼ਿਆਂ ਦੀ ਆਧੁਨਿਕ ਕਵਿਤਾ ਵਿਚ ਹੋਈ ਪੇਸ਼ਕਾਰੀ ਨੂੰ ਵੀ ਸੰਕਲਿਤ ਕੀਤਾ ਗਿਆ ਹੈ। ਇਸ ਤਹਿਤ ਮੋਹਨ ਸਿੰਘ ਦੀ ਕਵਿਤਾ ‘ਬੂਟਾ ਸਿੱਖੀ ਦਾ’ ਵੇਖੀ ਜਾ ਸਕਦੀ ਹੈ| ਇਸੇ ਤਰ੍ਹਾਂ ਉਹ ਅੰਗਰੇਜ਼ੀ ਭਾਸ਼ਾ ਦੇ ਸਰੋਤਾਂ ਨੂੰ ਵਿਸ਼ਿਆਂ ਦੀ ਵੰਨ-ਸੁਵੰਨਤਾ ਸਮੇਤ ਪੇਸ਼ ਕਰਦਾ ਹੈ ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ, ਸਿੱਖਾਂ ਦੀ ਬਹਾਦਰੀ ਅਤੇ ਵਿਸ਼ਵ ਪ੍ਰਸਿੱਧ ਮਹਾਨ ਸ਼ਖ਼ਸੀਅਤਾਂ ਦੀਆਂ ਬਹੁ-ਮੁੱਲਵਾਨ ਧਾਰਨਾਵਾਂ ਨੂੰ ਪੇਸ਼ ਕਰਦਾ ਹੈ। ਰਚਨਾਵਾਂ ਸੰਕਲਨ ਕਰਨ ਤੋਂ ਇਲਾਵਾ ਗੁਰਦੇਵ ਸਿੰਘ ਨੇ ਆਪਣੇ ਨਿੱਜੀ ਜੀਵਨ ਦੇ ਤਜਰਬਿਆਂ ਨੂੰ ਕਵਿਤਾਵਾਂ ਰਾਹੀਂ ਬਿਆਨ ਕੀਤਾ ਹੈ।
ਸੰਪਰਕ: 94174-78446