ਚੋਣ ਡਿਊਟੀਆਂ ਦੌਰਾਨ ਸੁਰੱਖਿਆ ਲਈ ਅਧਿਆਪਕ ਫਿਕਰਮੰਦ
ਮਨੋਜ ਸ਼ਰਮਾ
ਬਠਿੰਡਾ, 4 ਅਕਤੂਬਰ
ਇੱਥੇ ਅੱਜ ਅਧਿਆਪਕ ਜਥੇਬੰਦੀਆਂ ਵੱਲੋਂ ਚੋਣ ਡਿਊਟੀ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਾਂਝੇ ਸੰਘਰਸ਼ੀ ਯਤਨ ਕਰਨ ਦੇ ਫ਼ੈਸਲੇ ਤਹਿਤ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਗਿਆ। ਅਧਿਆਪਕ ਆਗੂ ਜਗਪਾਲ ਬੰਗੀ, ਰਾਜਵੀਰ ਮਾਨ ਅਤੇ ਜੋਨੀ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆਂ ਤੋਂ ਹਰੇਕ ਵੋਟਿੰਗ ਕੇਂਦਰ ’ਤੇ ਢੁੱਕਵੀਂ ਗਿਣਤੀ ਵਿੱਚ ਸੁਰੱਖਿਆ ਕਰਮੀ ਲਗਾਉਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਡਿਊਟੀ ਮੁਲਾਜ਼ਮਾਂ ਦੀ ਸੁਰੱਖਿਆ ਦੇ ਨਾਲ-ਨਾਲ ਨਿਰਪੱਖ ਚੋਣ ਵੀ ਯਕੀਨੀ ਹੋ ਸਕੇ। ਗਿਣਤੀ ਦਾ ਕੰਮ ਵੋਟਿੰਗ ਸਟਾਫ਼ ਤੋਂ ਵੱਖਰੇ ਗਿਣਤੀ ਸਟਾਫ਼ ਲਗਾ ਕੇ ਵੱਖਰੇ ਕੇਂਦਰੀਕ੍ਰਿਤ ਕੇਂਦਰ ਸਥਾਪਿਤ ਕਰਕੇ ਵਧੇਰੇ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਉਣ ਦੀ ਮੰਗ ਕੀਤੀ ਗਈ। ਮੁਲਾਜ਼ਮਾਂ ਦੇ ਸਬੰਧਿਤ ਬਲਾਕ ਤੋਂ ਬਾਹਰ ਲੱਗੀਆਂ ਚੋਣ ਡਿਊਟੀਆਂ ਕੱਟਣ, ਵਿਧਵਾ/ ਤਲਾਕਸ਼ੁਦਾ/ ਛੋਟੇ ਬੱਚਿਆਂ ਦੀਆਂ ਮਾਵਾਂ/ ਗਰਭਵਤੀ ਮਹਿਲਾਵਾਂ, ਕਰੋਨੀਕਲ ਬਿਮਾਰੀਆਂ ਤੋਂ ਪੀੜਤਾਂ ਅਤੇ ਸੇਵਾ ਮੁਕਤੀ ਦੇ ਅਖਰੀਲੇ ਛੇ ਮਹੀਨੇ ਦੇ ਸਮੇਂ ਵਿੱਚਲੇ ਮੁਲਾਜ਼ਮਾਂ ਤੇ ਦਿਵਿਆਂਗਾਂ ਦੀਆਂ ਡਿਊਟੀਆਂ ਕੱਟਣ ਲਈ ਸਪੱਸ਼ਟ ਨੀਤੀ ਅਪਣਾਉਣ ਅਤੇ ਇਸ ਕੰਮ ਲਈ ਜਿਲ੍ਹਾ/ਤਹਿਸੀਲ ਪੱਧਰ ’ਤੇ ਲੋੜੀਂਦਾ ਬੋਰਡ ਸਥਾਪਿਤ ਕਰਕੇ ਇਤਰਾਜ਼ ਮੰਗੇ ਜਾਣ। ਇਸ ਤੋਂ ਇਲਾਵਾ ਔਰਤ ਮੁਲਾਜ਼ਮਾਂ ਅਤੇ ਪਰਖ ਕਾਲ ਅਧੀਨ ਮੁਲਾਜ਼ਮਾਂ ਦੀ ਡਿਊਟੀ ਪ੍ਰਜਾਈਡਿੰਗ ਅਫਸਰ ਵਜੋਂ ਨਾ ਲਗਾਉਣ, ਕਪਲ ਕੇਸ ਵਿੱਚ ਦੋਵਾਂ ਵਿੱਚੋਂ ਇੱਕ ਮੁਲਾਜ਼ਮ ਦੀ ਹੀ ਚੋਣ ਡਿਊਟੀ ਲਗਾਉਣ, ਪੋਲਿੰਗ ਸਟਾਫ ਨੂੰ ਚੋਣ ਡਿਊਟੀ ਲਈ ਬਣਦਾ ਮਿਹਨਤਾਨਾ ਦੇਣ ਦੀ ਮੰਗ ਕੀਤੀ ਗਈ।
ਅਧਿਆਪਕ ਜਥੇਬੰਦੀਆਂ ਵੱਲੋਂ ਏਡੀਸੀ ਨੂੰ ਪੱਤਰ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ ਡਾ.ਨ ਿਧੀ ਕੁੰਮਦ ਬਾਂਬਾ ਨੂੰ ਮਿਲ ਕੇ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਮੰਗ ਪੱਤਰ ਸੌਂਪਿਆ ਹੈ। ਆਗੂਆਂ ਨੇ ਕਮੰਗ ਕੀਤੀ ਕਿ ਹਰੇਕ ਵੋਟਿੰਗ ਕੇਂਦਰ ਤੇ ਢੁੱਕਵੀਂ ਗਿਣਤੀ ਵਿਚ ਸੁਰੱਖਿਆ ਕਰਮੀ ਤਾਇਨਾਤ ਕੀਤੇ ਜਾਣ। ਇਸ ਤੋਂ ਇਲਾਵਾ ਗਿਣਤੀ ਦਾ ਕੰਮ ਵੋਟਿੰਗ ਸਟਾਫ਼ ਤੋਂ ਵੱਖਰਾ ਸਟਾਫ਼ ਲਾ ਕੇ ਵੱਖਰੇ ਕੇਂਦਰੀਕ੍ਰਿਤ ਕੇਂਦਰ ਸਥਾਪਿਤ ਕਰਕੇ ਵਧੇਰੇ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਇਆ ਜਾਵੇ। ਮੰਗ ਪੱਤਰ ਦੇਣ ਮੌਕੇ ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਹਾਂਡਾ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਿਤ ਸ਼ਰਮਾ, ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜੀਤ ਸਿੰਘ ਸਿੱਧੂ ਸਮੇਤ ਅਧਿਆਪਕ ਆਗੂ ਨਰਿੰਦਰ ਸਿੰਘ ਜੰਮੂ, ਸਵਰਨ ਸਿੰਘ ਜੋਸਨ, ਸੁਖਵਿੰਦਰ ਸਿੰਘ ਅਤੇ ਅਨਵਰ ਵੀ ਮੌਜੂਦ ਸਨ।