For the best experience, open
https://m.punjabitribuneonline.com
on your mobile browser.
Advertisement

ਗੈਸਟ ਫੈਕਲਟੀ: ਉਮਰਾਂ ਲਾ ਕੇ ਵੀ ਹੱਥ ਖ਼ਾਲੀ..!

10:41 AM Sep 30, 2024 IST
ਗੈਸਟ ਫੈਕਲਟੀ  ਉਮਰਾਂ ਲਾ ਕੇ ਵੀ ਹੱਥ ਖ਼ਾਲੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 29 ਸਤੰਬਰ
ਸਰਕਾਰੀ ਕਾਲਜ ਨਿਆਲ ਪਾਤੜਾਂ ਦੇ ਗੈਸਟ ਫੈਕਲਟੀ ਅਧਿਆਪਕ ਡਾ. ਗੁਰਜੀਤ ਮਾਹੀ ਨੇ ਪੂਰੀ ਜ਼ਿੰਦਗੀ ਅਧਿਆਪਨ ਦੇ ਲੇਖੇ ਲਾ ਦਿੱਤੀ ਪ੍ਰੰਤੂ ਉਸ ਦੇ ਹੱਥ ਖ਼ਾਲੀ ਹਨ। ਉਸ ਨੂੰ ਸਮਝ ਨਹੀਂ ਪੈ ਰਿਹਾ ਕਿ ਉਹ ਕਿਹੜੇ ਬੂਹੇ ’ਤੇ ਆਪਣਾ ਦੁੱਖ ਰੋਵੇ। ਉਸ ’ਤੇ ਹੁਣ ਨਵੀਂ ਤਲਵਾਰ ਲਟਕੀ ਹੈ। ਪੰਜਾਬ ਸਰਕਾਰ ਦੀ ਨਵੀਂ ਭਰਤੀ ਵਾਲੇ 1158 ਸਹਾਇਕ ਪ੍ਰੋਫੈਸਰ ਲੰਘੇ ਦੋ ਦਿਨਾਂ ਤੋਂ ਸਰਕਾਰੀ ਕਾਲਜਾਂ ਵਿਚੱ ਜੁਆਇਨ ਕਰ ਰਹੇ ਹਨ ਜਿਨ੍ਹਾਂ ਦਾ ਕੇਸ ਹਾਈ ਕੋਰਟ ’ਚੋਂ ਹਾਲ ’ਚ ਹੀ ਕਲੀਅਰ ਹੋਇਆ ਹੈ।
ਉਚੇਰੀ ਸਿੱਖਿਆ ਵਿਭਾਗ ਵੱਲੋਂ 28 ਸਤੰਬਰ ਨੂੰ ਇਨ੍ਹਾਂ ਨਵੇਂ ਸਹਾਇਕ ਪ੍ਰੋਫੈਸਰਾਂ ਨੂੰ ਆਰਡਰ ਜਾਰੀ ਕੀਤੇ ਹਨ ਜਿਨ੍ਹਾਂ ਵਿਚੋਂ ਕਰੀਬ 450 ਅਧਿਆਪਕਾਂ ਨੇ ਜੁਆਇਨ ਵੀ ਕਰ ਲਿਆ ਹੈ। ਸਰਕਾਰੀ ਹੁਕਮਾਂ ’ਚ ਪਹਿਲਾਂ ਤੋਂ ਹੀ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਅਧਿਆਪਕਾਂ ਦੀ ਅਸਾਮੀ ਨੂੰ ਖ਼ਾਲੀ ਅਸਾਮੀ ਮੰਨੇ ਜਾਣ ਦੀ ਗੱਲ ਕਹੀ ਗਈ ਹੈ ਅਤੇ ਗੈਸਟ ਫੈਕਲਟੀ ਅਧਿਆਪਕਾਂ ਦਾ ਮਾਮਲਾ ਬਾਅਦ ਵਿਚ ਵਿਚਾਰੇ ਜਾਣ ਦੀ ਗੱਲ ਆਖੀ ਗਈ ਹੈ। ਇਨ੍ਹਾਂ ਹੁਕਮਾਂ ਤੋਂ ਗੈਸਟ ਫੈਕਲਟੀ ਅਧਿਆਪਕਾਂ ਦੀ ਛੁੱਟੀ ਹੋਣ ਦਾ ਡਰ ਬਣ ਗਿਆ ਹੈ ਅਤੇ ਕਰੀਬ 70 ਰੈਗੂਲਰ ਅਧਿਆਪਕਾਂ ਨੇ ਇਨ੍ਹਾਂ ਦੀ ਥਾਂ ਜੁਆਇਨ ਕਰ ਲਿਆ ਹੈ। ਇਸ ਕਰ ਕੇ ਡਾ. ਗੁਰਜੀਤ ਮਾਹੀ ਦੇ ਫ਼ਿਕਰ ਵਧ ਗਏ ਹਨ। ਪੰਜਾਬ ਸਰਕਾਰ ਨੇ ਸਾਲ 2002-03 ਤੋਂ ਸਾਲ 2018 ਤੱਕ ਗੈਸਟ ਫੈਕਲਟੀ ਅਧਿਆਪਕਾਂ ਦੀ ਭਰਤੀ ਜਾਰੀ ਰੱਖੀ। ਪੰਜਾਬ ਵਿਚ 64 ਸਰਕਾਰੀ ਕਾਲਜ ਹਨ ਜਿਨ੍ਹਾਂ ਵਿਚ 873 ਗੈਸਟ ਫੈਕਲਟੀ ਅਧਿਆਪਕ ਕੰਮ ਕਰ ਰਹੇ ਹਨ। ਜਿਹੜੇ ਨਵੇਂ ਰੈਗੂਲਰ ਅਧਿਆਪਕ ਜੁਆਇਨ ਕਰ ਰਹੇ ਹਨ, ਉਨ੍ਹਾਂ ਨਾਲ ਗੈਸਟ ਫੈਕਲਟੀ ਅਧਿਆਪਕਾਂ ਨੂੰ ਆਊਟ ਹੋਣ ਦਾ ਡਰ ਹੈ। ਡਾ. ਗੁਰਜੀਤ ਮਾਹੀ 21 ਸਾਲ ਤੋਂ ਗੈਸਟ ਫੈਕਲਟੀ ਹੈ ਤੇ ਦੋ ਵਰ੍ਹਿਆਂ ਬਾਅਦ ਉਸ ਨੇ ਸੇਵਾਮੁਕਤ ਹੋ ਜਾਣਾ ਹੈ। ਡਾ. ਮਾਹੀ ਆਖਦਾ ਹੈ ਕਿ ਉਸ ਦੀ ਯੋਗਤਾ ਦਾ ਕੋਈ ਮੁੱਲ ਹੀ ਨਹੀਂ ਪਿਆ। ਉਸ ਦਾ ਲੜਕਾ ਵੀ ਹੁਣ ਪੋਸਟ ਗਰੈਜੂਏਸ਼ਨ ਕਰ ਰਿਹਾ ਹੈ ਪ੍ਰੰਤੂ ਕਾਗ਼ਜ਼ਾਂ ਵਿਚ ਮਾਹੀ ਅੱਜ ਵੀ ਕੱਚਾ ਅਧਿਆਪਕ ਹੈ। ਉਹ ਤਿੰਨ ਵਾਰੀ ਯੂਜੀਸੀ ਟੈੱਸਟ ਅਤੇ ਤਿੰਨ ਵਾਰ ਅਧਿਆਪਕ ਯੋਗਤਾ ਟੈੱਸਟ ਕਲੀਅਰ ਕਰ ਚੁੱਕਾ ਹੈ।
ਮਾਨਸਾ ਦੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੀ ਡਾ. ਹਰਵਿੰਦਰ ਕੌਰ ਦੀ ਵੱਖਰੀ ਕਿਸਮ ਦੀ ਤ੍ਰਾਸਦੀ ਹੈ। ਡਾ. ਹਰਵਿੰਦਰ ਕੌਰ 2003 ਤੋਂ ਗੈਸਟ ਫੈਕਲਟੀ ਅਧਿਆਪਕ ਹੈ। ਉਸ ਨੇ ਜਿਸ ਵਿਦਿਆਰਥਣ ਨੂੰ ਪੜ੍ਹਾਇਆ ਸੀ, ਉਹ ਵਿਦਿਆਰਥਣ ਵੀ ਅੱਜ ਗੈਸਟ ਫੈਕਲਟੀ ਅਧਿਆਪਕ ਬਣ ਗਈ ਹੈ। ਅੱਜ ਪਿੰਡ ਸੰਧਵਾਂ ਵਿਚ ਲੱਗੇ ਧਰਨੇ ਵਿਚ ‘ਗੁਰੂ ਤੇ ਸ਼ਿਸ਼’ ਦੋਵੇਂ ਇਕੱਠੀਆਂ ਨਾਅਰੇ ਲਾ ਰਹੀਆਂ ਸਨ। ਹਰਵਿੰਦਰ ਕੌਰ ਨੇ ਪੌਣੇ ਦੋ ਵਰ੍ਹਿਆਂ ਮਗਰੋਂ ਸੇਵਾਮੁਕਤ ਹੋ ਜਾਣਾ ਹੈ, ਉਸ ਨੂੰ ਰੈਗੂਲਰ ਅਧਿਆਪਕ ਬਣਨਾ ਨਸੀਬ ਨਹੀਂ ਹੋਇਆ ਹੈ।
ਗੈਸਟ ਫੈਕਲਟੀ ਅਧਿਆਪਕਾਂ ਵਿਚੋਂ 375 ਅਧਿਆਪਕ ਤਾਂ ਸਭ ਸ਼ਰਤਾਂ ਪੂਰੀਆਂ ਕਰਦੇ ਹਨ। ਰਣਬੀਰ ਕਾਲਜ ਸੰਗਰੂਰ ’ਚ 22 ਵਰ੍ਹਿਆਂ ਤੋਂ ਇਤਿਹਾਸ ਪੜ੍ਹਾ ਰਿਹਾ ਗੈਸਟ ਫੈਕਲਟੀ ਅਧਿਆਪਕ ਦਵਿੰਦਰ ਕੁਮਾਰ ਖ਼ੁਦ ਇਤਿਹਾਸ ਬਣ ਗਿਆ ਹੈ। ਉਹ ਸਭ ਤੋਂ ਪੁਰਾਣਾ ਗੈਸਟ ਫੈਕਲਟੀ ਅਧਿਆਪਕ ਹੈ। ਉਸ ਦਾ ਲੜਕਾ ਵੀ ਬੀ ਟੈੱਕ ਕਰਕੇ ਨੌਕਰੀਸ਼ੁਦਾ ਹੋ ਗਿਆ ਹੈ ਪ੍ਰੰਤੂ ਦਵਿੰਦਰ ਕੁਮਾਰ ਆਖਦਾ ਹੈ ਕਿ ਸਰਕਾਰ ਦੀ ਨਵੀਂ ਪਾਲਸੀ ਤਾਂ ਉਸ ਨੂੰ ਕਦੋਂ ਵੀ ਕੱਢ ਸਕਦੀ ਹੈ। ਗੈਸਟ ਫੈਕਲਟੀ ਸੰਯੁਕਤ ਫ਼ਰੰਟ ਦੇ ਪ੍ਰਧਾਨ ਡਾ. ਰਾਵਿੰਦਰ ਸਿੰਘ, ਸੀਨੀਅਰ ਆਗੂ ਗੁਲਸ਼ਨਦੀਪ ਕੌਰ ਅਤੇ ਪ੍ਰਦੀਪ ਪਟਿਆਲਾ ਦਾ ਕਹਿਣਾ ਸੀ ਕਿ ਸਰਕਾਰ ਨੇ ਗੈਸਟ ਫੈਕਲਟੀ ਅਧਿਆਪਕਾਂ ਦੀ ਕਦਰ ਨਹੀਂ ਪਾਈ। ਅਧਿਆਪਕ ਆਗੂ ਆਖਦੇ ਹਨ ਕਿ ਰੈਗੂਲਰ ਅਧਿਆਪਕਾਂ ਦੇ ਨਾਲ ਨਾਲ ਉਨ੍ਹਾਂ ਦੀ ਨੌਕਰੀ ਵੀ ਸਰਕਾਰੀ ਪਾਲਸੀ ਬਣਾ ਕੇ ਸੁਰੱਖਿਅਤ ਕੀਤੀ ਜਾਵੇ।

Advertisement

ਤਿੰਨ ਵਰ੍ਹਿਆਂ ਬਾਅਦ ਭਰਤੀ ਲਈ ਰਾਹ ਹੋਇਆ ਸਾਫ

ਇਸ ਵੇਲੇ ਜੋ ਨਵੇਂ 1158 ਰੈਗੂਲਰ ਅਧਿਆਪਕ ਜੁਆਇਨ ਕਰ ਰਹੇ ਹਨ, ਉਨ੍ਹਾਂ ਦੀ ਭਰਤੀ 2021 ਵਿਚ ਪ੍ਰੀਖਿਆ ਜ਼ਰੀਏ ਹੋਈ ਸੀ ਜਿਨ੍ਹਾਂ ਵਿਚੋਂ 122 ਨੇ ਉਦੋਂ ਜੁਆਇੰਨ ਕਰ ਲਿਆ ਸੀ। ਇਸ ਪ੍ਰੀਖਿਆ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ ਕਿਉਂਕਿ ਭਰਤੀ ਦਾ ਤਰੀਕਾ ਤੇ ਢੰਗ ਬਦਲ ਦਿੱਤਾ ਗਿਆ ਅਤੇ ਪੀਪੀਐਸਸੀ ਦੇ ਅਧਿਕਾਰ ਖੇਤਰ ਵਿਚੋਂ ਭਰਤੀ ਨੂੰ ਬਾਹਰ ਕੱਢਿਆ ਗਿਆ। ਇਸ ਭਰਤੀ ਵਿਚ ਗੈਸਟ ਫੈਕਲਟੀ ਅਧਿਆਪਕਾਂ ਨੂੰ ਸਪੈਸ਼ਲ ਪੰਜ ਨੰਬਰਾਂ ਦੀ ਰਿਆਇਤ ਦਿੱਤੀ ਗਈ ਸੀ। ਹਾਈ ਕੋਰਟ ਨੇ ਹੁਣ ਇਸ ਮਾਮਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ।

Advertisement

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਨਖ਼ਾਹ ਵਧਾਈ

ਗੈਸਟ ਫੈਕਲਟੀ ਅਧਿਆਪਕਾਂ ਨੂੰ ਸਾਲ 2002 ਵਿਚ 100 ਰੁਪਏ ਪ੍ਰਤੀ ਘੰਟਾ ਦਿੱਤਾ ਜਾਂਦਾ ਸੀ ਅਤੇ ਵੱਧ ਤੋਂ ਵੱਧ ਪੰਜ ਹਜ਼ਾਰ ਮਿਹਨਤਾਨਾ ਦਿੱਤਾ ਜਾਂਦਾ ਸੀ। 2007 ਵਿਚ ਪ੍ਰਤੀ ਘੰਟਾ 175 ਰੁਪਏ ਅਤੇ ਵੱਧ ਤੋਂ ਵੱਧ 7 ਹਜ਼ਾਰ ਦਿੱਤਾ ਜਾਂਦਾ ਸੀ। 2011 ਵਿਚ ਉੱਕਾ ਪੁੱਕਾ 10 ਹਜ਼ਾਰ ਰੁਪਏ ਤਨਖ਼ਾਹ ਨਿਸਚਿਤ ਕੀਤੀ ਅਤੇ 2016 ਵਿਚ 21,600 ਰੁਪਏ ਤਨਖ਼ਾਹ ਕਰ ਦਿੱਤੀ ਗਈ। ‘ਆਪ’ ਸਰਕਾਰ ਨੇ ਵੱਧ ਤੋਂ ਵੱਧ ਤਜਰਬੇ ਵਾਲੇ ਗੈਸਟ ਫੈਕਲਟੀ ਦੀ ਤਨਖ਼ਾਹ 47,100 ਰੁਪਏ ਕੀਤੀ ਹੈ।

ਗੈਸਟ ਫੈਕਲਟੀ ਕੱਢੇ ਨਹੀਂ ਜਾਣਗੇ: ਹਰਜੋਤ ਸਿੰਘ ਬੈਂਸ

ਉਚੇਰੀ ਸਿੱਖਿਆ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਸੀ ਕਿ ਰਾਜ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲੈਣ ਉਪਰੰਤ 1158 ਸਹਾਇਕ ਪ੍ਰੋਫੈਸਰਾਂ ਨੂੰ ਤਾਇਨਾਤੀ ਦਿੱਤੀ ਗਈ ਹੈ ਅਤੇ 650 ਹੋਰ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਦਾ ਵੀ ਰਾਹ ਪੱਧਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਗੈਸਟ ਫੈਕਲਟੀ ਅਧਿਆਪਕ ਨੂੰ ਨੌਕਰੀ ਵਿਚੋਂ ਨਹੀਂ ਕੱਢੇਗੀ ਅਤੇ ਜਲਦ ਹੀ ਮਾਮਲਾ ਕੈਬਨਿਟ ਵਿਚ ਲਿਆ ਕੇ ਕੋਈ ਰਾਹ ਕੱਢ ਲਿਆ ਜਾਵੇਗਾ।

Advertisement
Author Image

sukhwinder singh

View all posts

Advertisement