For the best experience, open
https://m.punjabitribuneonline.com
on your mobile browser.
Advertisement

ਘੁੱਦਾ ਕਣਕ ਹਾਦਸਾ: ਚਾਰ ਕਿਸਾਨ ਜਥੇਬੰਦੀਆਂ ਵੱਲੋਂ ਥਾਣੇ ਦਾ ਘਿਰਾਓ

11:02 AM Apr 21, 2024 IST
ਘੁੱਦਾ ਕਣਕ ਹਾਦਸਾ  ਚਾਰ ਕਿਸਾਨ ਜਥੇਬੰਦੀਆਂ ਵੱਲੋਂ ਥਾਣੇ ਦਾ ਘਿਰਾਓ
ਥਾਣਾ ਨੰਦਗੜ੍ਹ ਦੇ ਘਿਰਾਓ ਦੌਰਾਨ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ।
Advertisement

ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 20 ਅਪਰੈਲ
ਪਿੰਡ ਘੁੱਦਾ ’ਚ ਕੱਲ੍ਹ ਬਿਜਲੀ ਦੀਆਂ ਤਾਰਾਂ ਦੇ ਸਪਾਰਕ ਕਾਰਨ ਸੜੀ ਸੱਤਰ ਏਕੜ ਦੇ ਕਰੀਬ ਕਣਕ ਦਾ ਮੁਆਵਜ਼ਾ ਦਿਵਾਉਣ ਤੇ ਜ਼ਿੰਮੇਵਾਰ ਬਿਜਲੀ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਲਈ ਚਾਰ ਕਿਸਾਨ ਜਥੇਬੰਦੀਆਂ ਵੱਲੋਂ ਥਾਣਾ ਨੰਦਗੜ੍ਹ ਦਾ ਘਿਰਾਓ ਕੀਤਾ ਗਿਆ।
ਬੀਕੇਯੂ ਏਕਤਾ ਉਗਰਾਹਾਂ, ਬੀਕੇਯੂ ਡਕੌਂਦਾ (ਧਨੇਰ), ਦਿਹਾਤੀ ਮਜ਼ਦੂਰ ਸਭਾ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਲਗਾਏ ਸਾਂਝੇ ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਐਲਾਨਾਂ ਤੱਕ ਹੀ ਸੀਮਿਤ ਰਹਿ ਗਈ ਹੈ। ਸਰਕਾਰ ਨੂੰ ਹਲਕੇ ਅੰਦਰ ਹੋਏ ਫ਼ਸਲਾਂ ਅਤੇ ਪਸ਼ੂਆਂ ਦੇ ਨੁਕਸਾਨ ਬਾਰੇ ਭੋਰਾ ਵੀ ਚਿੰਤਾ ਨਹੀਂ ਹੈ। ਸਰਕਾਰ ਵੱਲੋਂ ਰਾਏਕੇ ਕਲਾਂ ਵਿੱਚ ਸੈਂਕੜੇ ਪਸ਼ੂ ਅਣਪਛਾਤੀ ਬਿਮਾਰੀ ਕਾਰਨ ਮਰਨ ਅਤੇ ਗੜਿਆਂ ਕਾਰਨ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਕੱਲ੍ਹ ਜਦੋਂ ਬਿਜਲੀ ਵਿਭਾਗ ਦੀ ਅਣਗਹਿਲੀ ਨਾਲ ਕਣਕ ਦੀ ਫ਼ਸਲ ਸੜ ਗਈ ਹੈ ਤਾਂ ਸਰਕਾਰ ਵੱਲੋਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਧਰਨੇ ਮੌਕੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਤਹਿਸੀਲਦਾਰ ਬਠਿੰਡਾ ਪਰਮਜੀਤ ਸਿੰਘ ਬਰਾੜ, ਡੀਐੱਸਪੀ ਦਿਹਾਤੀ ਮਨਜੀਤ ਸਿੰਘ ਅਤੇ ਸਬ-ਡਿਵੀਜ਼ਨ ਬਾਦਲ ਦੇ ਐੱਸਡੀਓ ਵੱਲੋਂ ਕਿਸਾਨਾਂ ਨਾਲ ਲੰਬਾ ਸਮਾਂ ਗੱਲਬਾਤ ਕੀਤੀ ਗਈ ਪਰ ਕੋਈ ਸਿੱਟਾ ਨਾ ਨਿੱਕਲਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣੇ ਆਪ ਧਰਨਾ ਮੁਲਤਵੀ ਕਰ ਦਿੱਤਾ।
ਕਿਸਾਨ ਆਗੂ ਅਜੇਪਾਲ ਸਿੰਘ ਘੁੱਦਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰ ਦੇ ਇਸ ਰਵੱਈਏ ਦਾ ਜਵਾਬ ਪਿੰਡ ਘੁੱਦਾ ਵਿੱਚ ‘ਆਪ’ ਦੇ ਹਰ ਲੀਡਰ ਦਾ ਦਾਖ਼ਲਾ ਬੰਦ ਕਰ ਕੇ ਦਿੱਤਾ ਜਾਵੇਗਾ। ਵੋਟਾਂ ਮੰਗਣ ਆਏ ਕਿਸੇ ਵੀ ‘ਆਪ’ ਲੀਡਰ ਨੂੰ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ।

Advertisement

ਪਾਵਰਕੌਮ ਵੱਲੋਂ ਬਿਜਲੀ ਪ੍ਰਬੰਧ ਠੀਕ ਹੋਣ ਦਾ ਦਾਅਵਾ

ਬਠਿੰਡਾ (ਸ਼ਗਨ ਕਟਾਰੀਆ): ਪਿੰਡ ਘੁੱਦਾ ’ਚ ਕੱਲ੍ਹ ਕਣਕ ਦੀ ਫ਼ਸਲ ਨੂੰ ਕਥਿਤ ਬਿਜਲੀ ਨਾਲ ਅੱਗ ਲੱਗਣ ਦੇ ਦੋਸ਼ਾਂ ਦਾ ਪਾਵਰਕੌਮ ਵੱਲੋਂ ਖੰਡਨ ਕੀਤਾ ਗਿਆ ਹੈ। ਵੰਡ ਮੰਡਲ ਪਾਵਰਕੌਮ ਬਾਦਲ ਦੇ ਸੀਨੀਅਰ ਕਾਰਜਕਾਰੀ ਇੰਜਨੀਅਰ ਜੋਧਬੀਰ ਸਿੰਘ ਨੇ ਦੱਸਿਆ ਕਿ 19 ਅਪਰੈਲ ਨੂੰ ਸ਼ਾਮ ਕਰੀਬ 4 ਵਜੇ ਇਲਾਕਾ ਜੇਈ ਅਤੇ ਉਸ ਦੇ ਲਾਈਨ ਸਟਾਫ ਨੂੰ ਘੁੱਦਾ ਦੇ ਖੇਤਾਂ ’ਚ ਕਰੀਬ 30-35 ਏਕੜ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਜੇਈ ਅਤੇ ਸਟਾਫ ਲਗਪਗ 4.30 ਵਜੇ ਘਟਨਾ ਵਾਲੀ ਥਾਂ ’ਤੇ ਪਹੁੰਚ ਗਿਆ ਸੀ ਤੇ ਉਦੋਂ ਤਕ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਘਟਨਾ ਸਥਾਨ ਬਿਜਲੀ ਸਵਿੱਚ ਤੋਂ ਤਕਰੀਬਨ 12 ਫੁੱਟ ਦੂਰ ਹੈ ਤੇ ਸਟਾਫ਼ ਨੇ ਚੈੱਕ ਕੀਤਾ ਕਿ ਸਵਿੱਚ ਅਤੇ ਨੇੜੇ-ਤੇੜੇ ਵੀ ਲਾਈਨ ’ਚ ਕੋਈ ਨੁਕਸ ਨਹੀਂ। ਐਕਸੀਅਨ ਨੇ ਜਦੋਂ ਅੱਗ ਵਾਲੀ ਥਾਂ ਨੇੜੇ ਸਵਿੱਚ ਦਾ ਨਿਰੀਖਣ ਕੀਤਾ ਤਾਂ ਉਹ ਬਿਲਕੁਲ ਠੀਕ ਸੀ। ਸਵਿੱਚ ਦੇ ਹੇਠਾਂ ਤੇ 12 ਫੁੱਟ ਦੇ ਘੇਰੇ ਵਿੱਚ ਘਾਹ ਜਾਂ ਕਣਕ ਦੀ ਫ਼ਸਲ ਦੇ ਸੜਨ ਦਾ ਵੀ ਕੋਈ ਨਿਸ਼ਾਨ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣਾ ਜਾਂਚ ਦਾ ਵਿਸ਼ਾ ਹੈ।

Advertisement
Author Image

sukhwinder singh

View all posts

Advertisement
Advertisement
×