ਸਰਕਾਰ ਵੱਲੋਂ ਅਨੁਸੂਚਤਿ ਜਾਤੀਆਂ ਨੂੰ ਦਿੱਤੀਆਂ ਗਾਰੰਟੀਆਂ ਫੇਲ੍ਹ ਹੋਈਆਂ: ਗੜ੍ਹੀ
ਪੱਤਰ ਪ੍ਰੇਰਕ
ਜਲੰਧਰ, 1 ਨਵੰਬਰ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦਲਤਿਾਂ ਅਤੇ ਪਛੜੇ ਵਰਗਾਂ ਦੇ 15 ਸਵਾਲਾਂ ਨੂੰ ਲੈ ਕੇ ਅੱਜ ਇੱਥੇ ਡੀਸੀ ਦਫ਼ਤਰ ਅੱਗੇ ਬੋਰੀਆਂ ’ਤੇ ਬੈਠ ਕੇ ਪ੍ਰਦਰਸ਼ਨ ਕੀਤਾ ਅਤੇ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤਾ। ਇਸ ਮੌਕੇ ਬਸਪਾ ਵਰਕਰ ਆਪਣੇ ਘਰੋਂ ਲਿਆਂਦੀਆਂ ਬੋਰੀਆਂ ’ਤੇ ਬੈਠੇ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸ੍ਰੀ ਗੜ੍ਹੀ ਨੇ ਕਿਹਾ ਕਿ ‘ਆਪ’ ਸਰਕਾਰ ਦੀਆਂ ਅਨੁਸੂਚਤਿ ਜਾਤੀਆਂ ਨੂੰ ਦਿੱਤੀਆਂ ਗਾਰੰਟੀਆਂ ਫੇਲ੍ਹ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਬੋਰੀਆਂ ’ਤੇ ਬੈਠਣ ਵਾਲੇ ਬਹੁਜਨ ਸਮਾਜ ਨੂੰ ਡਾ. ਅੰਬੇਡਕਰ ਨੇ ਸੱਤਾ ਪ੍ਰਾਪਤੀ ਦਾ ਟੀਚਾ ਦਿੱਤਾ ਸੀ।
ਇਸ ਮੌਕੇ ਪੰਜਾਬ ਸਰਕਾਰ ਨੂੰ ਸਵਾਲਾਂ ਦਾ ਉੱਤਰ ਦੇਣ ਲਈ ਕਿਹਾ, ਜਿਨ੍ਹਾਂ ਵਿੱਚ ਸਮਾਜ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ, ਵਿਦੇਸ਼ ਜਾਣ ਦਾ ਖਰਚ, ਮਹਿਲਾਵਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ, ਬਿਮਾਰੀਆਂ ਨਾਲ ਪੀੜਤ ਲੋਕਾਂ ਦਾ ਖਰਚ, ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਨ, ਗਰੀਬਾਂ ਨੂੰ 5-5 ਮਰਲੇ ਦੇ ਪਲਾਟ, ਰਾਜ ਸਭਾ ਵਿੱਚ ਅਨੁਸੂਚਤਿ ਜਾਤੀ ਦਾ ਮੈਂਬਰ ਨਾ ਲੈਣ ਅਤੇ ਅਨੁਸੂਚਤਿ ਜਾਤੀ ਦਾ ਡਿਪਟੀ ਮੁੱਖ-ਮੰਤਰੀ ਨਾ ਲਾਉਣ ਬਾਰੇ ਪੁੱਛਿਆ ਗਿਆ। ਇਸ ਦੌਰਾਨ ਵਿਧਾਇਕ ਡਾ. ਨਛੱਤਰ ਪਾਲ ਨੇ ਕਿਹਾ ਕਿ ਮੁੱਖ ਮੰਤਰੀ ਪਾਣੀਆਂ ਦੇ ਮੁੱਦੇ ’ਤੇ ਸਰਮਾਏਦਾਰ ਰਾਜਸੀ ਦਲਾਂ ਦੀ ਸੱਦੀ ਮੀਟਿੰਗ ਵਿੱਚ ਬਹੁਜਨ ਸਮਾਜ ਨੂੰ ਉੱਤਰ ਦੇਣ, ਜਿੱਥੇ ਗਰੀਬਾਂ ਦਲਤਿਾਂ ਪਛੜੇ ਵਰਗਾਂ ਲਈ ਕੁਰਸੀ ਨਹੀਂ ਰੱਖੀ ਗਈ ਅਤੇ ਨਾ ਹੀ ਬਹੁਜਨ ਸਮਾਜ ਨੂੰ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਨੇ ਪਛੜੇ ਵਰਗਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ।