ਜੀ.ਟੀ. ਰੋਡ ’ਤੇ ਦੁਹਾਈਆਂ ਪਾਵੇ...
ਮੁਹੰਮਦ ਅੱਬਾਸ ਧਾਲੀਵਾਲ
ਟਰੱਕਾਂ ’ਤੇ ਲਿਖੇ ਸਾਹਿਤ ਬਾਰੇ ਗੱਲ ਕਰਨੀ ਬਣਦੀ ਹੈ ਕਿਉਂਕਿ ਇਸ ਨੂੰ ਅਕਸਰ ਗੰਭੀਰ ਲੋਕਾਂ ਵੱਲੋਂ ਅਣਗੌਲਿਆ ਕੀਤਾ ਜਾਂਦਾ ਹੈ ਜਾਂ ਇੰਝ ਕਹਿ ਲਉ ਕਿ ਬੁੱਧੀਜੀਵੀ ਵਰਗ ਇਸ ਨੂੰ ਸਾਹਿਤ ਦੇ ਮਿਆਰ ’ਚ ਨਹੀਂ ਗਿਣਦਾ।
ਮੈਨੂੰ ਜਦੋਂ ਵੀ ਸੜਕਾਂ ’ਤੇ ਸਫ਼ਰ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਰਸਤੇ ਵਿੱਚ ਚਲਦਿਆਂ ਮਿਲਣ ਵਾਲੇ ਬਹੁਤ ਸਾਰੇ ਟਰੱਕਾਂ ਆਦਿ ’ਤੇ ਲਿਖੀਆਂ ਸਤਰਾਂ ਨੂੰ ਪੜ੍ਹਨ ਦੀ ਕੋਸ਼ਿਸ਼ ਜ਼ਰੂਰ ਕਰਦਾ ਹਾਂ। ਇਨ੍ਹਾਂ ’ਤੇ ਲਿਖੀਆਂ ਗੱਲਾਂ ਬੇਹੱਦ ਦਿਲਚਸਪ ਹੁੰਦੀਆਂ ਹਨ। ਇਸ ਦੇ ਨਾਲ-ਨਾਲ ਬਹੁਤ ਸਾਰੀਆਂ ਸਤਰਾਂ ’ਚ ਜ਼ਿੰਦਗੀ ਦੀਆਂ ਹਕੀਕਤਾਂ ਬਿਆਨ ਕੀਤੀਆਂ ਹੁੰਦੀਆਂ ਹਨ।
ਅੱਜ ਮੈਂ ਅਜਿਹੀਆਂ ਹੀ ਕੁਝ ਦਿਲਚਸਪ ਸਤਰਾਂ ਸਾਂਝੀਆਂ ਕਰਨ ਲੱਗਿਆ ਹਾਂ ਜਿਨ੍ਹਾਂ ਨੇ ਨਾ ਸਿਰਫ਼ ਮੇਰਾ ਧਿਆਨ ਖਿੱਚਿਆ ਹੈ ਸਗੋਂ ਇਹ ਰਚਨਾ ਲਿਖਣ ਲਈ ਪ੍ਰੇਰਿਤ ਵੀ ਕੀਤਾ।
ਇੱਕ ਟਰੱਕ ਦੇ ਪਿੱਛੇ ਲਿਖਿਆ ਸੀ: ‘ਜਿਹਨੂੰ ਕੰਮ ਕਰਨ ਦਾ ਤਰੀਕਾ, ਉਹਦਾ ਇੱਥੇ ਹੀ ਅਮਰੀਕਾ!’ ਕਹਿਣ ਨੂੰ ਇਹ ਕੁਝ ਕੁ ਸ਼ਬਦ ਹਨ। ਪਰ ਇਨ੍ਹਾਂ ਵਿਚਲੇ ਸੁਨੇਹੇ ’ਤੇ ਜਦੋਂ ਅਸੀਂ ਗੰਭੀਰਤਾ ਨਾਲ ਸੋਚਦੇ ਹਾਂ ਤਾਂ ਇਸ ਵਿੱਚ ਧੜਾਧੜ ਵਿਦੇਸ਼ ਜਾ ਰਹੇ ਨੌਜਵਾਨਾਂ ਲਈ ਇੱਕ ਵੱਡਾ ਸੰਦੇਸ਼ ਛੁਪਿਆ ਹੋਇਆ ਹੈ। ਅੱਜ ਅਸੀਂ ਵੇਖ ਰਹੇ ਹਾਂ ਕਿ ਸਾਡੇ ਨੌਜਵਾਨਾਂ ਵਿੱਚ ਵਿਦੇਸ਼ੀਂ ਜਾਣ ਦੀ ਹੋੜ੍ਹ ਲੱਗੀ ਹੋਈ ਹੈ। ਜੇਕਰ ਵੇਖਿਆ ਜਾਵੇ ਤਾਂ ਦੂਜੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰ ਸਾਡੇ ਪੰਜਾਬ ’ਚ ਰਹਿ ਕੇ ਕੰਮਕਾਜ ਕਰ ਰਹੇ ਹਨ ਅਤੇ ਉਹ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਨ। ਇਹੋ ਜਿਹੇ ਹੀ ਬਹੁਤ ਸਾਰੇ ਕੰਮ ਸਾਡੇ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਜਾ ਕੇ ਕਰਦੇ ਹਨ। ਬਸ ਫ਼ਰਕ ਇਹ ਹੈ ਕਿ ਇੱਥੇ ਪੰਜਾਬ ’ਚ ਸਾਡੇ ਪੰਜਾਬੀਆਂ ਨੂੰ ਅਜਿਹੇ ਕੰਮ ਕਰਦਿਆਂ ਸ਼ਰਮ ਆਉਂਦੀ ਹੈ ਜਦੋਂਕਿ ਬਾਹਰ ਜਾ ਕੇ ਇਨ੍ਹਾਂ ਕੰਮਾਂ ਨੂੰ ਕਰਦੇ ਸਮੇਂ ਜਿਵੇਂ ਉਨ੍ਹਾਂ ਦੀ ਸੰਗ ਕਾਫ਼ੂਰ ਹੋ ਜਾਂਦੀ ਹੈ।
ਇਸੇ ਤਰ੍ਹਾਂ ਇੱਕ ਟਰੱਕ ਦੇ ਇੱਕ ਪਾਸੇ ’ਤੇ ਲਿਖਿਆ ਸੀ: ‘ਜ਼ਮੀਨ ਬੰਜਰ ਤੇ ਔਲਾਦ ਕੰਜਰ ਰੱਬ ਕਿਸੇ ਨੂੰ ਨਾ ਦੇਵੇ।’ ਯਕੀਨਨ ਅੱਜ ਕਈ ਵਾਰ ਜਿਨ੍ਹਾਂ ਮਾਪਿਆਂ ਦੇ ਬੱਚੇ ਮਾੜੀ ਸੰਗਤ ਦਾ ਸ਼ਿਕਾਰ ਹੋ ਕੁਰਾਹੇ ਪੈ ਜਾਂਦੇ ਹਨ, ਉਨ੍ਹਾਂ ’ਤੇ ਇਹ ਗੱਲ ਬੇਹੱਦ ਢੁਕਵੀਂ ਜਾਪਦੀ ਹੈ।
ਇੱਕ ਹੋਰ ਟਰੱਕ ਪਿੱਛੇ ਤੇਜ਼ ਰਫ਼ਤਾਰ ਵਿੱਚ ਗੱਡੀ ਚਲਾਉਣ ਵਾਲਿਆਂ ਲਈ ਸੰਦੇਸ਼ ਲਿਖਿਆ ਸੀ: ‘ਹੌਲੀ ਚੱਲੋਗੇ ਤਾਂ ਵਾਰ ਵਾਰ ਮਿਲਾਂਗੇ, ਤੇਜ਼ ਚੱਲੋਗੇ ਤਾਂ ਹਰਿਦੁਆਰ ਮਿਲਾਂਗੇ।’ ਇੱਕ ਟਰੱਕ ਦੇ ਪਿੱਛੇ ਉਰਦੂ ਦੇ ਸ਼ਿਅਰ ’ਚ ਤਲਖ਼ ਸੱਚਾਈ ਲਿਖੀ ਹੋਈ ਸੀ:
ਘਰ ਸੇ ਨਿਕਲੋ ਤੋ ਪਤਾ ਜੇਬ ਮੇਂ ਰਖ ਕੇ ਨਿਕਲੋ।
ਹਾਦਸਾ ਚਿਹਰੇ ਕੀ ਪਹਿਚਾਨ ਬਦਲ ਦੇਤਾ ਹੈ।
ਇੱਕ ਟਰੱਕ ’ਤੇ ਵਾਹਨਾਂ ਨੂੰ ਚਲਾਉਣ ਵਾਲਿਆਂ ਲਈ ਕੀਮਤੀ ਮਸ਼ਵਰਾ ਲਿਖਿਆ ਸੀ: ‘ਵਾਹਨ ਨੂੰ ਚਲਾਉਂਦੇ ਸਮੇਂ ਸੁੰਦਰਤਾ ਦੇ ਦਰਸ਼ਨ ਨਾ ਕਰੋ। ਵਰਨਾ ਦੇਵ-ਦਰਸ਼ਨ ਵੀ ਹੋ ਸਕਦੇ ਹਨ!’
ਇੱਕ ਹੋਰ ਟਰੱਕ ’ਤੇ ਜੀਵਨ ਦਾ ਇੱਕ ਯਥਾਰਥ ਦਰਜ ਸੀ। ਉਹ ਇਹ ਕਿ ‘ਵਕਤ ਤੋਂ ਪਹਿਲਾਂ ਤੇ ਤਕਦੀਰ ਤੋਂ ਜ਼ਿਆਦਾ ਇਸ ਦੁਨੀਆ ’ਚ ਕਿਸੇ ਨੂੰ ਕੁਝ ਨਹੀਂ ਮਿਲਦਾ।’
ਇੱਕ ਹੋਰ ਟਰੱਕ ’ਤੇ ਪੈਟਰੋਲ ਡੀਜ਼ਲ ਦੀ ਮਹਿੰਗਾਈ ਬਾਰੇ ਕੁਝ ਇਸ ਤਰ੍ਹਾਂ ਵਿਅੰਗ ਕੀਤਾ ਗਿਆ ਸੀ: ‘ਜ਼ਰਾ ਘੱਟ ਪੀ ਮੇਰੀ ਰਾਣੀ, ਬੜਾ ਮਹਿੰਗਾ ਹੈ ਇਰਾਕ ਦਾ ਪਾਣੀ।’
ਇੱਕ ਹੋਰ ਟਰੱਕ ’ਤੇ ਲਿਖਿਆ ਸੀ: ‘ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ, ਅਮਰੀਕਾ ਵਿੱਚ ਛਾਏ ਹੋਏ ਆ...!’
ਇੱਕ ਟਰੱਕ ’ਤੇ ਲਿਖਿਆ ਹੋਇਆ ਸੀ: ‘ਮਿਰਜ਼ਾ ਹੀ ਸੌਂ ਗਿਆ ਸੀ, ਨੀਂਦ ਡਰੈਵਰ ਨੂੰ ਨਾ ਆਵੇ।’
ਇਸੇ ਤਰ੍ਹਾਂ ਇੱਕ ਹੋਰ ਟਰੱਕ ’ਤੇ ਡਰਾਈਵਰੀ ਜਿਹੇ ਮੁਸ਼ਕਿਲ ਕਿੱਤੇ ਦਾ ਪ੍ਰਗਟਾਵਾ ਇਨ੍ਹਾਂ ਸ਼ਬਦਾਂ ’ਚ ਕੀਤਾ ਗਿਆ ਸੀ: ‘ਸੜਕਾਂ ’ਤੇ ਦਿਨ ਰਾਤ ਲੰਘਾਉਣੇ ਸੌਖੇ ਨਹੀਂ, ਡਰਾਈਵਰ ਬਣ ਪੈਸੇ ਕਮਾਉਣੇ ਸੌਖੇ ਨਹੀਂ!’ ਇੱਕ ਹੋਰ ਟਰੱਕ ’ਤੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਇਸ ਤਰ੍ਹਾਂ ਕੀਤਾ ਗਿਆ ਸੀ ਕਿ ‘ਸੌਖੇ ਨਾ ਜਾਣੀਂ ਮਿੱਤਰਾ, ਬੜੇ ਔਖੇ ਨੇ ਨੋਟ ਬਣਦੇ।’
ਇੱਕ ਟਰੱਕ ’ਤੇ ਹਿੰਦੀ ਭਾਸ਼ਾ ’ਚ ਬੁਰੀ ਨਜ਼ਰ ਵਾਲਿਆਂ ਇਸ ਤਰ੍ਹਾਂ ਭੰਡਿਆ ਗਿਆ ਸੀ: ‘30 ਕੇ ਫੂਲ 80 ਕੀ ਮਾਲਾ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ।’
ਸੰਪਰਕ: 98552-59650