ਗ਼ਰੀਬਾਂ ਤੇ ਮੱਧ ਵਰਗ ਦੀ ਮਿਹਨਤ ਦੀ ਕਮਾਈ ਲੁੱਟਣ ਦਾ ਸਾਧਨ ਬਣਿਆ ਜੀਐੱਸਟੀ: ਖੜਗੇ
* ਕਾਂਗਰਸ ਨੇ ਜੀਐੱਸਟੀ ਨੂੰ ‘ਗ੍ਰਹਿਸਥੀ ਸਤਿਆਨਾਸ਼ ਟੈਕਸ’ ਕਰਾਰ ਦਿੱਤਾ
* ਵਿਰੋਧੀ ਧਿਰ ਦੇਸ਼ ਦੇ ਵਿਕਾਸ ’ਚ ਵੱਡੀ ਰੁਕਾਵਟ: ਭਾਜਪਾ
ਨਵੀਂ ਦਿੱਲੀ, 9 ਜਨਵਰੀ
ਕਾਂਗਰਸ ਨੇ ਵਸਤੂ ਤੇ ਸੇਵਾ ਕਰ (ਜੀਐੱਸਟੀ) ਨੂੰ ‘ਗ੍ਰਹਿਸਥੀ ਸਤਿਆਨਾਸ਼ ਟੈਕਸ’ ਕਰਾਰ ਦਿੰਦਿਆਂ ਅੱਜ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਜੀਐੱਸਟੀ ਨੂੰ ਗ਼ਰੀਬ ਅਤੇ ਮੱਧ ਵਰਗ ਦੀ ਮਿਹਨਤ ਦੀ ਕਮਾਈ ਨੂੰ ਲੁੱਟਣ ਦਾ ਸਾਧਨ ਬਣਾ ਦਿੱਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਰਕਾਰ ਨੂੰ ਅਗਲੇ ਮਹੀਨੇ ਪੇਸ਼ ਹੋਣ ਵਾਲੇ ਕੇਂਦਰੀ ਬਜਟ ਵਿੱਚ ‘ਕਰ ਦੀ ਦਹਿਸ਼ਤ’ ਅਤੇ ‘ਲੋਕਾਂ ਦੀ ਲੁੱਟ’ ਉੱਤੇ ਰੋਕ ਲਾਉਣੀ ਚਾਹੀਦੀ ਹੈ। ਉਧਰ, ਭਾਜਪਾ ਦੇ ਕੌਮੀ ਬੁਲਾਰੇ ਸਈਦ ਜ਼ਫ਼ਰ ਇਸਲਾਮ ਨੇ ਕਾਂਗਰਸ ’ਤੇ ਜੀਐੱਸਟੀ ਖ਼ਿਲਾਫ਼ ਕੂੜ-ਪ੍ਰਚਾਰ ਫੈਲਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਅਸਿੱਧੇ ਟੈਕਸ ਪ੍ਰਣਾਲੀ ਦੀ ‘ਸਫਲਤਾ ਤੋਂ ਹੈਰਾਨ’ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਦੇਸ਼ ਦੇ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ।’’ ਕਾਂਗਰਸ ਦੇ 12 ਆਗੂਆਂ ਨੇ ਅੱਜ ‘ਜੀਐੱਸਟੀ ਦਾ ਦੁਖਾਂਤ’ ਵਿਸ਼ੇ ’ਤੇ ਦੇਸ਼ ਦੇ 12 ਵੱਖ-ਵੱਖ ਸ਼ਹਿਰਾਂ ਵਿੱਚ ਪ੍ਰੈੱਸ ਕਾਨਰਫੰਸ ਨੂੰ ਸੰਬੋਧਨ ਕੀਤਾ ਹੈ। ਖੜਗੇ ਨੇ ‘ਐਕਸ’ ’ਤੇ ਲਿਖਿਆ, ‘‘ਗੱਬਰ ਸਿੰਘ ਟੈਕਸ ਕਹੋ ਜਾਂ ਗ੍ਰਹਿਸਥੀ ਸੱਤਿਆਨਾਸ਼ ਟੈਕਸ ਜਾਂ ਫਿਰ ਗਿਵ ਸੀਤਾਰਮਨ ਟੈਕਸ। ਭਾਜਪਾ ਦੇ ਜੀਐੱਸਟੀ ਨੂੰ ਅਸੀਂ ਕੋਈ ਵੀ ਨਾਂ ਦੇ ਲਈਏ, ਇੱਕ ਗੱਲ ਪੱਕੀ ਹੈ ਕਿ ਮੋਦੀ ਸਰਕਾਰ ਨੇ ਇਸ ਨੂੰ ਗ਼ਰੀਬਾਂ ਅਤੇ ਮੱਧ ਵਰਗ ਨੂੰ ਲੁੱਟਣ ਦਾ ਸਾਧਨ ਬਣਾ ਦਿੱਤਾ ਹੈ।’’ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਆਮ ਲੋਕਾਂ ਲਈ ਜੀਐੱਸਟੀ ਦਾ ਮਤਲਬ ‘ਗ੍ਰਹਿਸਥੀ ਸੱਤਿਆਨਾਸ਼ ਟੈਕਸ’ ਬਣ ਗਿਆ ਹੈ। -ਪੀਟੀਆਈ