ਜੀਐੱਸਟੀ: ਮੰਤਰੀ ਸਮੂਹ ਵੱਲੋਂ ਟੈਕਸ ਦਰਾਂ ਘਟਾਉਣ ਬਾਰੇ ਚਰਚਾ
ਨਵੀਂ ਦਿੱਲੀ, 26 ਸਤੰਬਰ
ਪੱਛਮੀ ਬੰਗਾਲ ਦੇ ਵਿੱਤ ਮੰਤਰੀ ਚੰਦਰਿਮਾ ਭੱਟਾਚਾਰੀਆ ਨੇ ਕਿਹਾ ਕਿ ਜੀਐੱਸਟੀ ਦਰਾਂ ਤਰਕਸੰਗਤ ਬਣਾਉਣ ਤੇ ਆਮ ਆਦਮੀ ਨੂੰ ਰਾਹਤ ਦੇਣ ਲਈ ਮੰਤਰੀ ਸਮੂਹ ਨੇ 100 ਤੋਂ ਵੱਧ ਆਈਟਮਾਂ ਦੀਆਂ ਟੈਕਸ ਦਰਾਂ ਘਟਾਉਣ ਬਾਰੇ ਵਿਚਾਰ ਚਰਚਾ ਕੀਤੀ ਹੈ। ਇਨ੍ਹਾਂ ਵਿਚ ਕੁਝ ਵਸਤਾਂ ਅਜਿਹੀਆਂ ਹਨ, ਜਿਨ੍ਹਾਂ ’ਤੇ ਟੈਕਸ ਦਰ 12 ਫੀਸਦ ਤੋਂ ਘਟਾ ਕੇ 5 ਫੀਸਦ ਕੀਤੀ ਜਾ ਸਕਦੀ ਹੈ। ਸਿਹਤ ਤੇ ਜੀਵਨ ਬੀਮਾ ਪ੍ਰੀਮੀਅਮ ਉੱਤੇ ਜੀਐੱਸਟੀ ਘਟਾਉਣ ਬਾਰੇ ਮੰਤਰੀ ਸਮੂਹ ਦੀ ਪਹਿਲੀ ਬੈਠਕ 19 ਅਕਤੂਬਰ ਨੂੰ ਹੋਵੇਗੀ। ਬੀਮਾ ਪ੍ਰੀਮੀਅਮ ਉੱਤੇ ਮੌਜੂਦਾ ਸਮੇਂ 18 ਫੀਸਦ ਜੀਐੱਸਟੀ ਲੱਗਦਾ ਹੈ। ਇਹ ਦਰ ਘਟਾਉਣ ਦੀ ਮੰਗ ਦਰਮਿਆਨ ਜੀਐੇੱਸਟੀ ਕੌਂਸਲ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਸ ਸਬੰਧੀ ਫੈਸਲਾ ਲੈਣ ਲਈ 13 ਮੈਂਬਰੀ ਮੰਤਰੀ ਸਮੂਹ ਬਣਾਉਣ ਦਾ ਐਲਾਨ ਕੀਤਾ ਸੀ। ਭੱਟਾਚਾਰੀਆ ਨੇ ਕਿਹਾ ਕਿ ਮੰਤਰੀ ਸਮੂਹ ਦੀ ਅਗਲੀ ਬੈਠਕ 20 ਅਕਤੂਬਰ ਲਈ ਤਜਵੀਜ਼ਤ ਹੈ। ਉਨ੍ਹਾਂ ਕਿਹਾ ਕਿ ਅਗਾਮੀ ਬੈਠਕ ਵਿਚ ਸਾਈਕਲਾਂ ਤੇ ਬੋਤਲਬੰਦ ਪਾਣੀ ਉੱਤੇ ਵੀ ਟੈਕਸ ਦਰਾਂ ’ਚ ਫੇਰਬਦਲ ਬਾਰੇ ਵਿਚਾਰ ਕੀਤਾ ਜਾਣਾ ਹੈ। ਕੁਝ ਆਈਟਮਾਂ ’ਤੇ ਟੈਕਸ ਦਰਾਂ ’ਚ ਕਟੌਤੀ ਨਾਲ ਮਾਲੀਆ ਘਾਟੇ ਨੂੰ ਪੂਰਾ ਕਰਨ ਲਈ ਮੰਤਰੀ ਸਮੂਹ ਨੇ ਗੈਸ ਵਾਲਾ ਪਾਣੀ ਤੇ ਪੀਣ ਵਾਲੇ ਹੋਰ ਪਦਾਰਥਾਂ ਸਣੇ ਕੁਝ ਹੋਰ ਵਸਤਾਂ ’ਤੇ ਟੈਕਸ ਵਧਾਉਣ ਦੀ ਸੰਭਾਵਨਾ ਬਾਰੇ ਵੀ ਚਰਚਾ ਕੀਤੀ। ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਚਾਰ-ਪਰਤੀ ਟੈਕਸ ਪ੍ਰਬੰਧ ਹੈ, ਜਿਸ ਵਿਚ 5, 12, 18 ਤੇ 25 ਫੀਸਦ ਦੀਆਂ ਟੈਕਸ ਸਲੈਬਾਂ ਹਨ। ਹਾਲਾਂਕਿ ਜੀਐੱਸਟੀ ਕਾਨੂੰਨ ਮੁਤਾਬਕ ਵਸਤਾਂ ਤੇ ਸੇਵਾਵਾਂ ’ਤੇ 40 ਫੀਸਦ ਤੱਕ ਟੈਕਸ ਲਾਇਆ ਜਾ ਸਕਦਾ ਹੈ। -ਪੀਟੀਆਈ