ਮੌਜੂਦਾ ਵਿੱਤੀ ਵਰ੍ਹੇ ’ਚ ਵਿਕਾਸ ਦਰ 6.4 ਫੀਸਦ ਰਹਿਣ ਦੀ ਸੰਭਾਵਨਾ
ਨਵੀਂ ਦਿੱਲੀ, 7 ਜਨਵਰੀ
ਉਤਪਾਦਨ ਤੇ ਸੇਵਾ ਖੇਤਰਾਂ ਦੇ ਖ਼ਰਾਬ ਪ੍ਰਦਰਸ਼ਨ ਨਾਲ ਦੇਸ਼ ਦੀ ਆਰਥਿਕ ਵਿਕਾਸ ਦਰ ਮੌਜੂਦਾ ਵਿੱਤੀ ਵਰ੍ਹੇ 2024-25 ਵਿੱਚ ਘੱਟ ਕੇ ਚਾਰ ਸਾਲਾਂ ਦੇ ਹੇਠਲੇ ਪੱਧਰ 6.4 ਫੀਸਦ ’ਤੇ ਆ ਸਕਦੀ ਹੈ। ਅੱਜ ਜਾਰੀ ਸਰਕਾਰੀ ਅੰਕੜਿਆਂ ਵਿੱਚ ਇਹ ਅਨੁਮਾਨ ਲਗਾਇਆ ਗਿਆ ਹੈ।
ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਨੇ ਮੌਜੂਦਾ ਵਿੱਤੀ ਵਰ੍ਹੇ ਲਈ ਕੌਮੀ ਆਮਦਨ ਦਾ ਪਹਿਲਾ ਐਡਵਾਂਸ ਅਨੁਮਾਨ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਇਸ ਮੁਤਾਬਕ, ਦੇਸ਼ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਤੀ ਵਰ੍ਹੇ 2024-25 ਵਿੱਚ 6.4 ਫੀਸਦ ਦੀ ਦਰ ਨਾਲ ਵਧੇਗਾ ਜਦਕਿ ਪਿਛਲੇ ਵਿੱਤੀ ਵਰ੍ਹੇ ਵਿੱਚ ਇਸ ਦੀ ਵਿਕਾਸ ਦਰ 8.2 ਫੀਸਦ ਸੀ। ਜੇ ਅਜਿਹਾ ਹੁੰਦਾ ਹੈ ਤਾਂ ਦੇਸ਼ ਦਾ ਅਰਥਚਾਰਾ ਵਿੱਤੀ ਵਰ੍ਹੇ 2020-21 ਤੋਂ ਬਾਅਦ ਸਭ ਤੋਂ ਸੁਸਤ ਰਫ਼ਤਾਰ ਨਾਲ ਵਧੇਗਾ।
ਕੋਵਿਡ ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਵਿੱਤੀ ਵਰ੍ਹੇ 2020-21 ਵਿੱਚ ਅਰਥਚਾਰੇ ’ਚ 5.8 ਫੀਸਦ ਦਾ ਨਿਘਾਰ ਦਰਜ ਕੀਤਾ ਗਿਆ ਸੀ। ਹਾਲਾਂਕਿ, ਉਸ ਤੋਂ ਬਾਅਦ 2021-22 ਵਿੱਚ ਇਹ 9.7 ਫੀਸਦ, 2022-23 ਵਿੱਚ 7 ਫੀਸਦ ਅਤੇ ਵਿੱਤੀ ਵਰ੍ਹੇ 2023-24 ਵਿੱਚ 8.2 ਫੀਸਦ ਦੀ ਉੱਚ ਦਰ ਨਾਲ ਵਧਿਆ ਸੀ।
ਐੱਨਐੱਸਓ ਦਾ ਵਿੱਤੀ ਵਰ੍ਹੇ 2024-25 ਲਈ 6.4 ਫੀਸਦ ਵਾਧੇ ਦਾ ਅਨੁਮਾਨ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅਨੁਮਾਨ ਨਾਲੋਂ ਘੱਟ ਹੈ। ਆਰਬੀਆਈ ਨੇ ਦਸੰਬਰ 2024 ਵਿੱਚ ਜਾਰੀ ਆਪਣੇ ਅਨੁਮਾਨ ਵਿੱਚ ਕਿਹਾ ਸੀ ਕਿ ਮੌਜੂਦਾ ਵਿੱਤੀ ਵਰ੍ਹੇ ਵਿੱਚ ਜੀਡੀਪੀ 6.6 ਫੀਸਦ ਦੀ ਦਰ ਨਾਲ ਵਧੇਗੀ। ਇਸ ਤੋਂ ਇਲਾਵਾ ਐੱਨਐੱਸਓ ਦਾ ਇਹ ਅਨਮੁਾਨ ਵਿੱਤ ਮੰਤਰਾਲੇ ਦੇ ਅਨੁਮਾਨ ਨਾਲੋਂ ਵੀ ਘੱਟ ਹੈ।
ਵਿੱਤ ਮੰਤਰਾਲੇ ਨੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਵਿਕਾਸ ਦਰ 6.5-7 ਫੀਸਦ ਰਹਿਣ ਦਾ ਸ਼ੁਰੂਆਤੀ ਅਨੁਮਾਨ ਲਗਾਇਆ ਸੀ। ਇਨ੍ਹਾਂ ਐਡਵਾਂਸ ਅਨੁਮਾਨਾਂ ਦਾ ਇਸਤੇਮਾਲ ਪਹਿਲੀ ਫਰਵਰੀ ਨੂੰ ਲੋਕ ਸਭਾ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਦੀ ਤਿਆਰੀ ਵਿੱਚ ਕੀਤਾ ਜਾਵੇਗਾ। -ਪੀਟੀਆਈ