ਨਿਰਮਾਣ ਖੇਤਰ ’ਚ ਵਾਧਾ
ਭਾਰਤ ਦਾ ਨਿਰਮਾਣ ਖੇਤਰ ਜੂਨ ਵਿੱਚ ਉੱਭਰਿਆ ਹੈ। ‘ਐੱਚਐੱਸਬੀਸੀ ਇੰਡੀਆ ਮੈਨੂਫੈਕਚਰਿੰਗ ਪਰਚੇਜਿ਼ੰਗ ਮੈਨੇਜਰਜ਼’ ਦੇ ਸੂਚਕ ਅੰਕ (ਪੀਐੱਮਆਈ) ਵਿੱਚ ਵਾਧਾ ਇਸ ਦਾ ਸਬੂਤ ਹੈ। ਪੀਐੱਮਆਈ ਜੋ ਮਈ ਵਿੱਚ 57.5 ਸੀ, ਹੁਣ ਵਧ ਕੇ 58.3 ਹੋ ਗਿਆ ਹੈ। ਇਹ ਮੰਗ ਦੇ ਵਧਣ ਦਾ ਸੰਕੇਤ ਹੈ ਜਿਸ ਨਾਲ ਅਰਥਵਿਵਸਥਾ ਨੂੰ ਹੁਲਾਰਾ ਮਿਲਿਆ ਹੈ। ਇਹ ਵਾਧਾ ਭਾਰਤ ਦੀ ਸਮਰੱਥਾ ਅਤੇ ਮਜ਼ਬੂਤੀ ਨੂੰ ਦਰਸਾਉਂਦਾ ਹੈ ਜੋ ਆਲਮੀ ਪੱਧਰ ’ਤੇ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਅਰਥਚਾਰਾ ਬਣਿਆ ਹੋਇਆ ਹੈ। ਪੀਐੱਮਆਈ ਦੇ ਅੰਕੜੇ ਨਿਰਮਾਣ ਗਤੀਵਿਧੀਆਂ ਵਿੱਚ ਵੱਡੇ ਵਿਸਤਾਰ ਵੱਲ ਇਸ਼ਾਰਾ ਕਰਦੇ ਹਨ ਜਿਸ ਦਾ ਆਧਾਰ ਘਰੇਲੂ ਮੰਗ ਦਾ ਵਧਣਾ ਅਤੇ ਬੁਨਿਆਦੀ ਢਾਂਚੇ ’ਤੇ ਸਰਕਾਰ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਖ਼ਰਚ ਹੈ। ਨਿਰਮਾਣ ਖੇਤਰ ਨੇ ਜੂਨ ਦੀ ਤਿਮਾਹੀ ਮਜ਼ਬੂਤ ਢੰਗ ਨਾਲ ਪਾਰ ਕੀਤੀ ਹੈ ਅਤੇ ਨਵੇਂ ਆਰਡਰਾਂ ਤੇ ਉਤਪਾਦਨ ਸਹਾਰੇ ਪੀਐੱਮਆਈ ਆਪਣੀ ਔਸਤ ਕਾਰਗੁਜ਼ਾਰੀ ਤੋਂ ਪੰਜ ਅੰਕ ਉੱਪਰ ਚਲਾ ਗਿਆ ਹੈ। ਭਵਿੱਖੀ ਉਤਪਾਦਨ ਥੋੜ੍ਹਾ ਘਟਣ ਦੀ ਸੰਭਾਵਨਾ ਦੇ ਬਾਵਜੂਦ ਇਹ ਇਤਿਹਾਸਕ ਪੱਧਰ ਉੱਤੇ ਹੈ ਜੋ ਦੱਸਦਾ ਹੈ ਕਿ ਨਿਰਮਾਣ ਖੇਤਰ ’ਚ ਸਕਾਰਾਤਮਕ ਰੁਝਾਨ ਬਰਕਰਾਰ ਰਹੇਗਾ।
ਹਾਲੀਆ ਪੀਐੱਮਆਈ ਦਾ ਇਕ ਨੁਕਤਾ ਜੋ ਉੱਭਰ ਕੇ ਸਾਹਮਣੇ ਆਇਆ ਹੈ, ਉਹ ਹੈ ਨੌਕਰੀਆਂ ਪੈਦਾ ਹੋਣ ਦੀ ਰਿਕਾਰਡ ਰਫ਼ਤਾਰ। ਲਗਾਤਾਰ ਚੌਥੇ ਮਹੀਨੇ ਨੌਕਰੀਆਂ ਲਈ ਭਰਤੀ ਵਧੀ ਹੈ ਅਤੇ 2005 ਵਿਚ ਸਰਵੇਖਣ ਸ਼ੁਰੂ ਹੋਣ ਤੋਂ ਬਾਅਦ ਇਹ ਸਭ ਤੋਂ ਉੱਚੀ ਦਰ ਹੈ। ਸੱਤਾਧਾਰੀ ਭਾਜਪਾ ਲਈ ਇਹ ਅਹਿਮ ਖ਼ਬਰ ਹੈ ਜਿਸ ਨੂੰ ਇਸ ਮੋਰਚੇ ਉੱਤੇ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੰਸਦੀ ਚੋਣਾਂ ਵਿਚ ਇਸ ਦਾ ਨੁਕਸਾਨ ਵੀ ਹੋਇਆ ਹੈ। ਨਿਰਮਾਣ ਸੈਕਟਰ ਵਿਚ ਨੌਕਰੀਆਂ ਵਧਣ ਨਾਲ ਪਾਰਟੀ ਨੂੰ ਰਾਹਤ ਦਾ ਸਾਹ ਆਵੇਗਾ। ਇਸ ਵਾਧੇ ’ਚ ਸਰਕਾਰ ਦੀ ਭੂਮਿਕਾ ਨੂੰ ਉਭਾਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਗਾਮੀ ਬਜਟ ’ਚ ਨਿਰਮਾਣ ਖੇਤਰ ਦੀ ਸਕਾਰਾਤਮਕ ਕਾਰਗੁਜ਼ਾਰੀ ਨੂੰ ਕੇਂਦਰ ਬਿੰਦੂ ਬਣਾ ਸਕਦੇ ਹਨ।
ਇਸ ਖੇਤਰ ’ਚ ਵਾਧਾ ਮਹਿੰਗਾਈ ਦੇ ਨਿਰੰਤਰ ਦਬਾਅ ਵਿਚਾਲੇ ਵਾਪਰਿਆ ਹੈ। ਜੂਨ ਵਿੱਚ ਲਾਗਤ ਖ਼ਰਚ ਦੀ ਮਹਿੰਗਾਈ ਹਲਕੀ ਜਿਹੀ ਦਰਮਿਆਨੇ ਪੱਧਰ ਉੱਤੇ ਰਹੀ ਹੈ ਪਰ ਇਸ ਦੌਰਾਨ ਖ਼ਪਤਕਾਰਾਂ ਤੋਂ ਵਸੂਲੀ ਗਈ ਕੀਮਤ ਪਿਛਲੇ ਦੋ ਸਾਲਾਂ ਵਿੱਚ ਸਭ ਤੋਂ ਤੇਜ਼ੀ ਨਾਲ ਵਧੀ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਉਤਪਾਦਕਾਂ ਨੇ ਖਪਤਕਾਰਾਂ ਨੂੰ ਉੱਚੀ ਕੀਮਤ ਪਾਸ ਕੀਤੀ ਹੈ ਅਤੇ ਆਪਣਾ ਮੁਨਾਫ਼ਾ ਕਾਇਮ ਰੱਖਣ ਲਈ ਮਜ਼ਬੂਤ ਮੰਗ ਦਾ ਫਾਇਦਾ ਚੁੱਕਿਆ ਹੈ। ਹਾਲਾਂਕਿ ਮਹਿੰਗਾਈ ਭਾਰਤੀ ਰਿਜ਼ਰਵ ਬੈਂਕ ਵੱਲੋਂ ਰੱਖੇ ਟੀਚੇ 4 ਪ੍ਰਤੀਸ਼ਤ (ਦੋ ਪ੍ਰਤੀਸ਼ਤ ਉਪਰ ਥੱਲੇ) ਦੇ ਅੰਦਰ-ਅੰਦਰ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਕੁਝ ਸਥਿਰਤਾ ਦੀ ਉਮੀਦ ਬੱਝਦੀ ਹੈ।