ਅਰਥਚਾਰੇ ਵਿਚ ਵਾਧਾ
ਭਾਰਤੀ ਅਰਥਚਾਰੇ ਵਿਚ ਸਾਲ 2023 ਦੀ ਅਕਤੂਬਰ-ਦਸੰਬਰ ਤਿਮਾਹੀ ਵਿਚ 8.4 ਫ਼ੀਸਦੀ ਦਰ ਨਾਲ ਵਾਧਾ ਦਰਜ ਹੋਇਆ ਹੈ ਜੋ ਆਸਾਂ ਤੋਂ ਵੀ ਵੱਧ ਹੈ। ਪਿਛਲੇ ਡੇਢ ਸਾਲ ਦੌਰਾਨ ਇਹ ਸਭ ਤੋਂ ਤੇਜ਼ ਰਫ਼ਤਾਰ ਵਿਕਾਸ ਦਰ ਗਿਣੀ ਜਾ ਰਹੀ ਹੈ ਜਿਸ ਸਦਕਾ ਚਲੰਤ ਮਾਲੀ ਸਾਲ (2023-24) ਲਈ ਵਾਧੇ ਦੀ ਦਰ 7.6 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਇਸ ਤੋਂ ਪਹਿਲਾਂ ਕੌਮੀ ਅੰਕੜਾ ਵਿਗਿਆਨ ਅਦਾਰੇ (ਐੱਨਐੱਸਓ) ਨੇ ਜਨਵਰੀ ਵਿਚ ਵਾਧੇ ਦੀ ਦਰ 7.3 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਸੀ; ਕੌਮਾਂਤਰੀ ਮੁਦਰਾ ਕੋਸ਼ ਅਤੇ ਸੰਸਾਰ ਬੈਂਕ ਦਾ ਕ੍ਰਮਵਾਰ 6.7 ਫ਼ੀਸਦੀ ਅਤੇ 6.3 ਫ਼ੀਸਦੀ ਵਾਧੇ ਦਾ ਅਨੁਮਾਨ ਸੀ। ਕੁੱਲ ਘਰੇਲੂ ਪੈਦਾਵਾਰ ਵਿਚ ਇਸ ਸ਼ਾਨਦਾਰ ਵਾਧੇ ਨਾਲ ਭਾਰਤ ਦੁਨੀਆ ਅੰਦਰ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਵੱਡਾ ਅਰਥਚਾਰਾ ਬਣਿਆ ਹੋਇਆ ਹੈ ਅਤੇ ਇਹ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਆਲਮੀ ਅਰਥਚਾਰੇ ਵਿਚ ਵਾਧੇ ਦੀ ਰਫ਼ਤਾਰ ਕਾਫ਼ੀ ਮੱਠੀ ਬਣੀ ਹੋਈ ਹੈ।
ਸਾਲ 2023 ਦੇ ਆਖਿ਼ਰੀ ਤਿੰਨ ਮਹੀਨਿਆਂ ਵਿਚ ਇਹ ਵਾਧਾ ਨਿਰਮਾਣ ਖੇਤਰ ਵਿਚ ਰਹੇ 11.6 ਫ਼ੀਸਦੀ ਉਭਾਰ ਸਦਕਾ ਹੋਇਆ ਹੈ; ਉਸ ਤੋਂ ਇਕ ਸਾਲ ਪਹਿਲਾਂ ਇਸੇ ਸਮੇਂ ਦੌਰਾਨ ਇਸ ਖੇਤਰ ਵਿਚ 4.8 ਫ਼ੀਸਦੀ ਦੀ ਗਿਰਾਵਟ ਹੋਈ ਸੀ। ਖਣਨ ਖੇਤਰ ਵਿਚ ਇਸ ਅਰਸੇ ਦੌਰਾਨ 7.5 ਫ਼ੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ ਜਿਸ ਵਿਚ ਅਕਤੂਬਰ-ਦਸੰਬਰ 2022 ਵਿਚ ਵਾਧੇ ਦੀ ਦਰ ਮਹਿਜ਼ 1.4 ਫ਼ੀਸਦੀ ਸੀ ਅਤੇ ਉਸਾਰੀ ਖੇਤਰ ਵਿਚ 9.5 ਫ਼ੀਸਦੀ ਵਾਧੇ ਦੀ ਦਰ ਬਰਕਰਾਰ ਰਹੀ ਹੈ।
ਇਸ ਦਾ ਸਭ ਤੋਂ ਖੁਸ਼ਨੁਮਾ ਪਹਿਲੂ ਨਿਰਮਾਣ ਜਾਂ ਮੈਨੂਫੈਕਚਰਿੰਗ ਖੇਤਰ ਵਿਚ ਹੋਇਆ ਇਜ਼ਾਫ਼ਾ ਹੈ ਜਿਸ ਵਿਚ ਫੈਕਟਰੀ ਉਤਪਾਦਨ ਅਤੇ ਵਿਕਰੀ ਵਿਚ ਵਾਧੇ ਸਦਕਾ ਫਰਵਰੀ ਮਹੀਨੇ ਵਾਧੇ ਦੀ ਦਰ ਪੰਜ ਮਹੀਨਿਆਂ ਦੇ ਉਚਤਮ ਪੱਧਰ ’ਤੇ ਪਹੁੰਚ ਗਈ ਸੀ। ਸਰਕਾਰੀ ਸਰਵੇਖਣ ਮੁਤਾਬਿਕ ਇਸ ਦੇ ਉਲਟ, ਚੀਨ ਵਿਚ ਨਿਰਮਾਣ ਖੇਤਰ ਪਿਛਲੇ ਪੰਜ ਮਹੀਨਿਆਂ ਤੋਂ ਗਿਰਾਵਟ ਵੱਲ ਜਾ ਰਿਹਾ ਹੈ। ਇਸ ਤੋਂ ਸਪੱਸ਼ਟ ਹੈ ਕਿ ‘ਮੇਕ ਇਨ ਇੰਡੀਆ’ ਦੀ ਪਹਿਲਕਦਮੀ ਨੂੰ ਬੂਰ ਪੈਣ ਲੱਗ ਪਿਆ ਹੈ ਅਤੇ ਕਾਰੋਬਾਰੀ ਸੌਖ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ਹੁਣ ਢਿੱਲ ਮੱਠ ਲਈ ਕੋਈ ਜਗ੍ਹਾ ਨਹੀਂ ਹੈ। ਭਾਰਤ ਨੂੰ ਚੀਨ ਦੀ ਮੱਠੀ ਕਾਰਗੁਜ਼ਾਰੀ ਤੋਂ ਲਾਹਾ ਲੈਣਾ ਚਾਹੀਦਾ ਹੈ। ਭਾਰਤ ਦੀ ਰੀੜ੍ਹ ਦੀ ਹੱਡੀ ਇਸ ਦਾ ਦਿਹਾਤੀ ਅਰਥਚਾਰਾ ਮੰਨਿਆ ਜਾਂਦਾ ਹੈ ਜਿਸ ਵੱਲ ਫ਼ੌਰੀ ਧਿਆਨ ਦੇਣ ਦੀ ਲੋੜ ਹੈ। ਖੇਤੀਬਾੜੀ ਖੇਤਰ ਵਿਚ ਅਕਤੂਬਰ-ਦਸੰਬਰ ਤਿਮਾਹੀ ਦੌਰਾਨ 0.8 ਫ਼ੀਸਦੀ ਕਮੀ ਆਈ ਹੈ। ਇਸ ਖੇਤਰ ਵਿਚ ਕਮੀ ਫਿ਼ਕਰ ਵਾਲੀ ਗੱਲ ਹੈ ਕਿਉਂਕਿ ਕਰੋਨਾ ਕਾਲ ਦੌਰਾਨ ਜਦੋਂ ਸਾਰੇ ਖੇਤਰਾਂ ਵਿਚ ਘਾਟਾ ਦਰਜ ਕੀਤਾ ਗਿਆ ਸੀ ਤਾਂ ਖੇਤੀਬਾੜੀ ਹੀ ਅਜਿਹਾ ਇੱਕੋ-ਇੱਕ ਖੇਤਰ ਸੀ ਜਿਸ ਵਿਚ ਵਾਧਾ ਦਰਜ ਹੋਇਆ ਸੀ। ਉਧਰ, ਮੁਲਕ ਦੇ ਕਈ ਹਿੱਸਿਆਂ ਵਿਚ ਕਿਸਾਨ ਅੰਦੋਲਨ ਕਰ ਰਹੇ ਹਨ। ਸਰਕਾਰ ਨੂੰ ਇਨ੍ਹਾਂ ਮਸਲਿਆਂ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ।