ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਲੂ-ਪਿਆਜ਼ ਉਗਾਓ, ਆਮਦਨ ਵਧਾਓ

06:40 AM Dec 16, 2024 IST

ਖੇਤੀ

ਡਾ. ਰਣਜੀਤ ਸਿੰਘ

Advertisement

ਪੰਜਾਬ ਵਿੱਚ ਬਹੁ-ਗਿਣਤੀ ਛੋਟੇ ਕਿਸਾਨਾਂ ਦੀ ਹੈ। ਆਪਣੀ ਆਮਦਨ ਵਿੱਚ ਵਾਧੇ ਲਈ ਉਨ੍ਹਾਂ ਨੂੰ ਮਹਿੰਗੇ ਭਾਅ ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਨੀ ਪੈਂਦੀ ਹੈ। ਇਸੇ ਕਰਕੇ ਪੰਜਾਬ ਵਿੱਚ ਹਰ ਸਾਲ ਜ਼ਮੀਨ ਦੇ ਠੇਕੇ ਦੀ ਰਕਮ ਵਿੱਚ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਕਣਕ-ਝੋਨੇ ਦੇ ਫ਼ਸਲ ਚੱਕਰ ਨੇ ਕਿਸਾਨਾਂ ਦੀ ਵਿਹਲ ਵਿੱਚ ਵਾਧਾ ਕੀਤਾ ਹੈ। ਹੁਣ ਮਾਰਚ ਤੱਕ ਤਿੰਨ ਮਹੀਨੇ ਉਨ੍ਹਾਂ ਕੋਲ ਕਰਨ ਲਈ ਕੋਈ ਖ਼ਾਸ ਕੰਮ ਨਹੀਂ ਹੈ। ਮਸ਼ੀਨੀ ਖੇਤੀ ਤੋਂ ਪਹਿਲਾਂ ਇਹ ਦਿਨ ਰੁਝੇਵਿਆਂ ਭਰੇ ਹੁੰਦੇ ਸਨ। ਕਣਕ ਦੀ ਗੋਡੀ, ਕਮਾਦ ਦੀ ਪਿੜਾਈ ਅਤੇ ਫ਼ਸਲਾਂ ਦੀ ਸਿੰਜਾਈ ਆਦਿ ਕੰਮਾਂ ਵਿੱਚ ਸਾਰਾ ਟੱਬਰ ਉਲਝਿਆ ਰਹਿੰਦਾ ਸੀ। ਹੁਣ ਫ਼ਸਲਾਂ ਦੀ ਗੋਡੀ ਦੀ ਥਾਂ ਨਦੀਨਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ ਦੇਸ਼ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਵੱਧ ਨਦੀਨਨਾਸ਼ਕ ਵਰਤੇ ਜਾਂਦੇ ਹਨ। ਕਮਾਦ ਦੀ ਪਿੜਾਈ ਕੋਈ ਕਰਦਾ ਹੀ ਨਹੀਂ। ਹੁਣ ਗੁੜ-ਸ਼ੱਕਰ ਵੀ ਬਜ਼ਾਰੋਂ ਮੁੱਲ ਲਈ ਜਾਂਦੀ ਹੈ। ਕੁਝ ਸਾਲ ਪਹਿਲਾਂ ਤੱਕ ਹਰ ਕਿਸਾਨ ਘਰ ਦੀ ਲੋੜ ਪੂਰੀ ਕਰਨ ਲਈ ਕੁਝ ਰਕਬੇ ਵਿੱਚ ਕਮਾਦ ਜ਼ਰੂਰ ਬੀਜਦਾ ਸੀ। ਪਾਣੀ ਲਈ ਵੀ ਨੱਕਾ ਮੋੜਨ ਅਤੇ ਹਲਟ ਜੋੜਨ ਦੀ ਲੋੜ ਵੀ ਨਹੀਂ। ਵੱਡੇ ਕਿਆਰੇ, ਮੁਫ਼ਤ ਦੀ ਬਿਜਲੀ, ਬਾਕੀ ਕੰਮ ਕਾਮੇ ਦਾ ਹੈ। ਅੱਗੇ ਹਰ ਕਿਸਾਨ ਖੂਹ ਦੇ ਲਾਗੇ ਘਰ ਦੀ ਲੋੜ ਪੂਰੀ ਕਰਨ ਲਈ ਸਬਜ਼ੀਆਂ ਵੀ ਜ਼ਰੂਰ ਬੀਜਦਾ ਸੀ। ਹੁਣ ਸਬਜ਼ੀ ਵੀ ਬਜ਼ਾਰੋਂ ਮੁੱਲ ਆਉਂਦੀ ਹੈ ਅਤੇ ਦਾਲਾਂ ਵੀ ਬਾਹਰੋਂ ਹੀ ਆਉਂਦੀਆਂ ਹਨ। ਮੱਝਾਂ ਰੱਖਣੀਆਂ ਵੀ ਬੰਦ ਹੋ ਰਹੀਆਂ ਹਨ। ਘਰਾਂ ਵਿੱਚੋਂ ਦੁੱਧ, ਲੱਸੀ ਅਤੇ ਘਿਓ ਮੱਖਣ ਗਾਇਬ ਹੋ ਰਹੇ ਹਨ। ਇੱਥੋਂ ਤੱਕ ਕਿ ਪੁੱਤ ਵੀ ਪ੍ਰਦੇਸਾਂ ਨੂੰ ਉਡਾਰੀਆਂ ਮਾਰ ਰਹੇ ਹਨ। ਇਸ ਵਿਹਲ ਨੇ ਜਿੱਥੇ ਪੰਜਾਬੀਆਂ ਨੂੰ ਕਿਰਤ ਤੋਂ ਦੂਰ ਕੀਤਾ ਹੈ, ਉੱਥੇ ਕੁਪੋਸ਼ਣ ਦਾ ਵੀ ਸ਼ਿਕਾਰ ਕੀਤਾ ਹੈ। ਇਸੇ ਕਰਕੇ ਅਸੀਂ ਹਮੇਸ਼ਾਂ ਲਿਖਦੇ ਹਾਂ ਕਿ ਘੱਟੋ-ਘੱਟ ਘਰ ਦੀ ਲੋੜ ਪੂਰੀ ਕਰਨ ਲਈ ਸਬਜ਼ੀਆਂ ਦੀ ਕਾਸ਼ਤ ਜ਼ਰੂਰ ਕਰੋ। ਵਿਹਲ ਨੂੰ ਦੂਰ ਕਰਨ ਅਤੇ ਆਮਦਨ ਵਿੱਚ ਵਾਧੇ ਲਈ ਵੀ ਸਬਜ਼ੀਆਂ ਦੀ ਕਾਸ਼ਤ ਜ਼ਰੂਰੀ ਹੈ। ਬਹੁਤੇ ਕਿਸਾਨ ਸਬਜ਼ੀ ਦੀ ਕਾਸ਼ਤ ਇਸ ਕਰਕੇ ਨਹੀਂ ਕਰਦੇ ਕਿ ਰੋਜ਼ ਮੰਡੀ ਵਿੱਚ ਜਾ ਕੇ ਸਬਜ਼ੀ ਵੇਚਣਾ ਔਖਾ ਹੈ। ਇਸੇ ਕਰਕੇ ਇਸ ਵਾਰ ਅਸੀਂ ਕਿਸਾਨਾਂ ਨੂੰ ਆਲੂ ਤੇ ਪਿਆਜ਼ ਦੀ ਕਾਸ਼ਤ ਬਾਰੇ ਜਾਣਕਾਰੀ ਦੇ ਰਹੇ ਹਾਂ। ਆਲੂ-ਪਿਆਜ਼ ਪ੍ਰਤੀ ਏਕੜ ਸਭ ਫ਼ਸਲਾਂ ਤੋਂ ਵੱਧ ਪੈਦਾਵਾਰ ਦਿੰਦੇ ਹਨ ਅਤੇ ਇਨ੍ਹਾਂ ਨੂੰ ਵੇਚਣ ਲਈ ਰੋਜ਼ਾਨਾ ਮੰਡੀ ਵਿੱਚ ਨਹੀਂ ਜਾਣਾ ਪੈਂਦਾ। ਕਿਸਾਨਾਂ ਨੇ ਆਲੂਆਂ ਦੀ ਕਾਸ਼ਤ ਖ਼ਾਸ ਕਰਕੇ ਦੋਆਬੇ ਵਿੱਚ ਦਿਲਚਸਪੀ ਦਿਖਾਈ ਹੈ ਅਤੇ ਸੂਬੇ ਵਿੱਚ ਲਗਪਗ ਇੱਕ ਲੱਖ ਹੈਕਟੇਅਰ ਵਿੱਚ ਖੇਤੀ ਕੀਤੀ ਜਾਂਦੀ ਹੈ ਜਦੋਂਕਿ ਸਬਜ਼ੀਆਂ ਹੇਠ ਮਸਾਂ ਤਿੰਨ ਕੁ ਲੱਖ ਹੈਕਟੇਅਰ ਧਰਤੀ ਹੈ। ਪਿਆਜ਼ ਹੇਠ ਕੇਵਲ 10 ਹਜ਼ਾਰ ਹੈਕਟੇਅਰ ਹੀ ਹੈ। ਪਿਆਜ਼ ਦੀ ਖੇਤੀ ਆਲੂਆਂ ਨਾਲੋਂ ਸੌਖੀ ਹੈ ਅਤੇ ਮੁੱਲ ਆਮ ਕਰਕੇ ਵੱਧ ਹੀ ਹੁੰਦਾ ਹੈ। ਪੰਜਾਬ ਦੇ ਕਿਸਾਨਾਂ ਨੂੰ ਪਿਆਜ਼ ਹੇਠ ਰਕਬੇ ਵਿੱਚ ਵੀ ਵਾਧਾ ਕਰਨਾ ਚਾਹੀਦਾ ਹੈ। ਜਨਵਰੀ ਦੇ ਪਹਿਲੇ ਅੱਧ ਵਿੱਚ ਦੋਨਾਂ ਦੀ ਬਿਜਾਈ ਕੀਤੀ ਜਾਂਦੀ ਹੈ। ਜੇਕਰ ਆਲੂਆਂ ਦੀ ਬਹੁਤ ਰਕਬੇ ਵਿੱਚ ਕਾਸ਼ਤ ਕਰਨੀ ਹੈ ਤਾਂ ਕੁਝ ਅਗੇਤੀਆਂ ਤੇ ਕੁੱਝ ਪਿਛੇਤੀਆਂ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਪੰਜਾਬ ਵਿੱਚ ਕੁਫ਼ਰੀ ਸੂਰਿਆ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ ਅਗੇਤੀਆਂ ਕਿਸਮਾਂ ਹਨ।
ਕੁਫ਼ਰੀ ਗੰਗਾ, ਕੁਫ਼ਰੀ ਜਯੋਤੀ, ਕੁਫ਼ਰੀ ਪੁਸ਼ਕਰ ਅਤੇ ਕੁਫ਼ਰੀ ਬਹਾਰ ਮੁੱਖ ਮੌਸਮ ਦੀਆਂ ਕਿਸਮਾਂ ਹਨ ਜਦੋਂਕਿ ਕੁਫ਼ਰੀ ਸੰਧੂਰੀ ਤੇ ਕੁਫ਼ਰੀ ਬਾਦਸ਼ਾਹ ਪਿਛੇਤੀਆਂ ਕਿਸਮਾਂ ਹਨ। ਇਨ੍ਹਾਂ ਤੋਂ ਇਲਾਵਾ ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 ਅਤੇ ਕੁਫ਼ਰੀ ਫਰਾਈਸੋਨਾ ਕਿਸਮਾਂ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਕਿਸਮਾਂ ਦੇ ਆਲੂਆਂ ਨੂੰ ਚਿਪਸ ਆਦਿ ਬਣਾਉਣ ਲਈ ਵਰਤਿਆ ਜਾਂਦਾ ਹੈ। ਦੋ ਨਵੀਆਂ ਕਿਸਮਾਂ ਪੰਜਾਬ ਪੋਟੈਟੋ 101 ਅਤੇ ਪੰਜਾਬ ਪੋਟੈਟੋ 102 ਵੀ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਦਾ ਝਾੜ 180 ਕੁਇੰਟਲ ਪ੍ਰਤੀ ਏਕੜ ਤੋਂ ਵੀ ਵੱਧ ਹੈ। ਆਲੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਬੀਜ ਵਾਲੇ ਆਲੂਆਂ ਨੂੰ ਮੋਨਸਰਨ 250 ਐੱਸ ਐੱਲ ਦਾ 250 ਮਿਲੀਲਿਟਰ 100 ਲਿਟਰ ਪਾਣੀ ਦੇ ਘੋਲ ਵਿੱਚ 10 ਮਿੰਟ ਤੱਕ ਡੁਬੋ ਕੇ ਰੱਖੋ। ਖੇਤ ਤਿਆਰ ਕਰਨ ਤੋਂ ਪਹਿਲਾਂ 20 ਟਨ ਰੂੜ੍ਹੀ ਪਾਈ ਜਾਵੇ। ਬਿਜਾਈ ਸਮੇਂ 80 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਡਰਿੱਲ ਕੀਤੀ ਜਾਵੇ। ਏਨਾ ਹੀ ਯੂਰੀਆ ਮਿੱਟੀ ਚਾੜ੍ਹਨ ਸਮੇਂ ਪਾਇਆ ਜਾਵੇ। ਰੂੜ੍ਹੀ ਜਾਂ ਹਰੀ ਖਾਦ ਦੀ ਵਰਤੋਂ ਜ਼ਰੂਰੀ ਹੈ। ਇੱਕ ਏਕੜ ਵਿੱਚ ਕੋਈ 15 ਕੁਇੰਟਲ ਬੀਜ ਪੈਂਦਾ ਹੈ। ਬਿਜਾਈ ਪਲਾਂਟਰ ਨਾਲ ਵੀ ਕੀਤੀ ਜਾ ਸਕਦੀ ਹੈ। ਬਿਜਾਈ ਤੋਂ ਪਹਿਲਾਂ ਖੇਤ ਵਿੱਚ ਲਾਈਨਾਂ ਲਾਈਆਂ ਜਾਣ। ਲਾਈਨਾਂ ਵਿਚਕਾਰ 60 ਅਤੇ ਬੂਟਿਆਂ ਵਿਚਕਾਰ 20 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਬਿਜਾਈ ਕਰਨ ਤੋਂ ਤੁਰੰਤ ਪਿੱਛੋਂ ਪਹਿਲਾ ਪਾਣੀ ਦਿੱਤਾ ਜਾਵੇ । ਪਾਣੀ ਲਾਉਂਦੇ ਸਮੇਂ ਧਿਆਨ ਰੱਖੋ ਕਿ ਪਾਣੀ ਵੱਟਾਂ ਦੇ ਉੱਤੋਂ ਦੀ ਨਾ ਲੰਘੋ। ਇਸ ਕਰਕੇ ਹਲਕਾ ਪਾਣੀ ਦੇਣਾ ਚਾਹੀਦਾ ਹੈ। ਅਗੇਤੀਆਂ ਕਿਸਮਾਂ ਤਿੰਨ ਮਹੀਨਿਆਂ ਵਿੱਚ ਤਿਆਰ ਹੋ ਜਾਂਦੀਆਂ ਹਨ, ਜਦੋਂਕਿ ਦੂਜੀਆਂ ਕਿਸਮਾਂ 10-15 ਦਿਨ ਵੱਧ ਲੈਂਦੀਆਂ ਹਨ । ਆਲੂ ਬੀਜਣ ਸਮੇਂ ਬਾਇਓਜਾਈਮ ਜੈਵਿਕ ਖਾਦ ਅੱਠ ਕਿਲੋ ਪ੍ਰਤੀ ਏਕੜ ਮਿੱਟੀ ਵਿੱਚ ਰਲਾਕੇ ਪਾਉਣੀ ਚਾਹੀਦੀ ਹੈ। ਖੇਤ ਵਿੱਚ 25 ਕੁਇੰਟਲ ਪ੍ਰਤੀ ਏਕੜ ਪਰਾਲੀ ਵਿਛਾਉਣ ਨਾਲ 18 ਕਿਲੋ ਪ੍ਰਤੀ ਏਕੜ ਨਾਈਟ੍ਰੋਜਨ ਦੀ ਮਾਤਰਾ ਘੱਟ ਕੀਤੀ ਜਾ ਸਕਦੀ ਹੈ । ਇਸ ਨਾਲ ਨਦੀਨਾਂ ਦੀ ਵੀ ਰੋਕਥਾਮ ਹੁੰਦੀ ਹੈ।
ਆਲੂਆਂ ਵਾਂਗ ਪਿਆਜ਼ ਵੀ ਇੱਕ ਹੋਰ ਰੋਕੜੀ ਫ਼ਸਲ ਹੈ ਜਿਨ੍ਹਾਂ ਦੀ ਵਰਤੋਂ ਸਾਰੀਆਂ ਸਬਜ਼ੀਆਂ ਵਿੱਚ ਕੀਤੀ ਜਾਂਦੀ ਹੈ। ਪਿਆਜ਼ ਦਾ ਝਾੜ ਵੀ ਆਲੂਆਂ ਦੇ ਬਰਾਬਰ ਹੀ ਹੈ, ਪਰ ਖ਼ਰਚਾ ਘੱਟ ਆਉਂਦਾ ਹੈ, ਮਿਹਨਤ ਵੀ ਘੱਟ ਕਰਨੀ ਪੈਂਦੀ ਹੈ। ਇਸ ਦੇ ਨਾਲ ਹੀ ਪਿਆਜ਼ ਦੀ ਕੀਮਤ ਆਲੂਆਂ ਤੋਂ ਹਮੇਸ਼ਾ ਵੱਧ ਹੀ ਰਹਿੰਦੀ ਹੈ, ਪਰ ਪਿਆਜ਼ ਹੇਠ ਮਸਾਂ 10 ਕੁ ਹਜ਼ਾਰ ਹੈਕਟੇਅਰ ਧਰਤੀ ਹੀ ਹੈ। ਇਸ ਵਾਰ ਕੁਝ ਰਕਬੇ ਵਿੱਚ ਪਿਆਜ਼ ਜ਼ਰੂਰ ਲਗਾਉਣੇ ਚਾਹੀਦੇ ਹਨ। ਜੇਕਰ ਪਨੀਰੀ ਤਿਆਰ ਹੈ ਤਾਂ ਇਸ ਨੂੰ ਪੁੱਟ ਕੇ ਹੁਣ ਖੇਤ ਵਿੱਚ ਲਗਾਇਆ ਜਾ ਸਕਦਾ ਹੈ। ਪੰਜਾਬ ਵਿੱਚ ਕਾਸ਼ਤ ਲਈ ਪੀ ਓ ਐੱਚ-1, ਪੀ ਆਰ ਓ-7, ਪੀ ਵਾਈ ਓ-1, ਪੀ ਆਰ ਓ-6, ਪੰਜਾਬ ਵਾਈਟ ਅਤੇ ਪੰਜਾਬ ਨਰੋਆ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਜੇਕਰ ਤੁਸੀਂ ਪਨੀਰੀ ਤਿਆਰ ਨਹੀਂ ਕੀਤੀ ਤਾਂ ਕਿਸੇ ਭਰੋਸੇਯੋਗ ਵਸੀਲੇ ਤੋਂ ਢੁੱਕਵੀਂ ਉਮਰ ਅਤੇ ਸਿਫ਼ਾਰਸ਼ ਕੀਤੀ ਕਿਸਮ ਦੀ ਪਨੀਰੀ ਲੈਣੀ ਚਾਹੀਦੀ ਹੈ। ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿੱਚ ਪਨੀਰੀ ਲਾਈ ਜਾਵੇ। ਪਨੀਰੀ ਲਗਾਉਣ ਸਮੇਂ ਲਾਈਨਾਂ ਵਿਚਕਾਰ 15 ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਖੇਤ ਤਿਆਰ ਕਰਨ ਤੋਂ ਪਹਿਲਾਂ 20 ਟਨ ਰੂੜ੍ਹੀ ਪ੍ਰਤੀ ਏਕੜ ਪਾਏ ਜਾਣ। ਬਿਜਾਈ ਤੋਂ ਪਹਿਲਾਂ 45 ਕਿਲੋ ਯੂਰੀਆ, 125 ਕਿਲੋ ਸੁਪਰਫਾਸਫੇਟ ਅਤੇ 35 ਕਿਲੋ ਮੂਰੀਏਟ ਆਫ਼ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ।
ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਆ ਰਹੀ ਗਿਰਾਵਟ ਨੂੰ ਦੇਖਦਿਆਂ ਪੰਜਾਬ ਵਿੱਚ ਵਣ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਅਗਲੇ ਮਹੀਨੇ ਪੱਤਝੜੀ ਰੁੱਖਾਂ ਨੂੰ ਲਗਾਇਆ ਜਾ ਸਕਦਾ ਹੈ। ਕੁਝ ਰਕਬੇ ਵਿੱਚ ਇਨ੍ਹਾਂ ਨੂੰ ਕਾਸ਼ਤ ਕਰ ਕੇ ਦੇਖਣਾ ਚਾਹੀਦਾ ਹੈ। ਪਾਪੂਲਰ ਵਣ ਖੇਤੀ ਲਈ ਸਭ ਤੋਂ ਉੱਤਮ ਮੰਨਿਆ ਗਿਆ ਹੈ। ਇਸ ਦੇ ਬੂਟੇ ਜੰਗਲਾਤ ਮਹਿਕਮੇ ਤੋਂ ਮੁਫ਼ਤ ਵੀ ਮਿਲ ਜਾਂਦੇ ਹਨ। ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਹੀ ਇਨ੍ਹਾਂ ਨੂੰ ਲਗਾਇਆ ਜਾਵੇ। ਮੁੱਢਲੇ ਤਿੰਨ ਸਾਲ ਇਨ੍ਹਾਂ ਵਿਚਕਾਰ ਫ਼ਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਵਣ ਖੇਤੀ ਰਾਹੀਂ ਫ਼ਸਲਾਂ ਨਾਲੋਂ ਵੱਧ ਆਮਦਨ ਹੋ ਜਾਂਦੀ ਹੈ। ਰਸਾਇਣਾਂ ਦੀ ਵੀ ਨਾਮਾਤਰ ਹੀ ਲੋੜ ਪੈਂਦੀ ਹੈ। ਪਾਪੂਲਰ ਤੋਂ ਇਲਾਵਾ ਅਗਲੇ ਮਹੀਨੇ ਸਫ਼ੈਦਾ ਅਤੇ ਡੇਕ ਲਾਏ ਜਾ ਸਕਦੇ ਹਨ।

Advertisement
Advertisement