ਗਰੁੱਪ ਆਫ ਮਨਿਸਟਰ ਵੱਲੋਂ ਜੀਐੱਸਟੀ ਵਿੱਚ ਕਟੌਤੀ ਦੀ ਸਿਫਾਰਸ਼
ਨਵੀਂ ਦਿੱਲੀ, 19 ਅਕਤੂਬਰ
GST: ਕੇਂਦਰ ਸਰਕਾਰ ਵੱਲੋਂ ਗੁਡਜ਼ ਐਂਡ ਸਰਵਿਸਿਜ਼ ਟੈਕਸ ਜੀਐੱਸਟੀ ਵਿੱਚ ਕਟੌਤੀ ਕਰਨ ਦੀ ਯੋਜਨਾ ਹੈ। ਇਸ ਸਬੰਧੀ ਅੱਜ ਗਰੁੱਪ ਆਫ ਮਨਿਸਟਰ ਦੀ ਮੀਟਿੰਗ ਹੋਈ ਜਿਸ ਵਿਚ ਕਈ ਵਸਤੂਆਂ ’ਤੇ ਜੀਐਸਟੀ ਘਟਾਉਣ ਸਬੰਧੀ ਪ੍ਰਸਤਾਵ ਪੇਸ਼ ਕੀਤੇ ਗਏ।
ਗਰੁੱਪ ਆਫ ਮਨਿਸਟਰ ਦੇ ਮੁਖੀ ਤੇ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਦੱਸਿਆ ਕਿ ਜੀਐਸਟੀ ਵਿੱਚ ਕਟੌਤੀ ਸਬੰਧੀ ਪ੍ਰਸਤਾਵ ਪੇਸ਼ ਕੀਤੇ ਗਏ ਜਿਸ ਦੇ ਅਮਲ ਵਿਚ ਆਉਣਨਾਲ ਸਰਕਾਰ ਨੂੰ ਸਾਲਾਨਾ ਹੋਣ ਵਾਲੀ ਆਮਦਨ ਵਿਚ 22 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋ ਸਕਦਾ ਹੈ। ਇਸ ਮੌਕੇ ਪਾਣੀ ਦੀ ਬੋਤਲ ਵਿਚ ਜੀਐਸਟੀ 13 ਫੀਸਦੀ ਘਟਾਉਣ ਦੀ ਸਿਫਾਰਸ਼ ਕੀਤੀ ਗਈ। ਇਸ ਤੋਂ ਇਲਾਵਾ ਦਸ ਹਜ਼ਾਰ ਰੁਪਏ ਤੋਂ ਮਹਿੰਗੇ ਸਾਈਕਲਾਂ ’ਤੇ ਜੀਐਸਟੀ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦਾ ਸੁਝਾਅ ਦਿੱਤਾ ਗਿਆ।
ਦੂਜੇ ਪਾਸੇ 25 ਹਜ਼ਾਰ ਰੁਪਏ ਤੋਂ ਮਹਿੰਗੀਆਂ ਘੜੀਆਂ ’ਤੇ ਜੀਐਸਟੀ 18 ਫੀਸਦੀ ਦੀ ਥਾਂ 28 ਫੀਸਦੀ ਕਰਨ ਦੀ ਸਿਫਾਰਸ਼ ਕੀਤੀ ਗਈ। ਇਸ ਨਾਲ ਘੜੀਆਂ ਦੀਆਂ ਕੀਮਤਾਂ ਖਾਸੀਆਂ ਵਧ ਜਾਣਗੀਆਂ। ਪੰਦਰਾਂ ਹਜ਼ਾਰ ਰੁਪਏ ਤੋਂ ਮਹਿੰਗੇ ਜੁੱਤਿਆਂ ’ਤੇ ਵੀ ਜੀਐਸਟੀ 18 ਤੋਂ ਵੱਧ ਕੇ 28 ਫੀਸਦੀ ਕਰਨ ਦਾ ਸੁਝਾਅ ਦਿੱਤਾ ਗਿਆ। ਇਹ ਪਤਾ ਲੱਗਿਆ ਹੈ ਕਿ ਅੱਜ 12 ਫੀਸਦੀ ਟੈਕਸ ਸਲੈਬ ਵਾਲੀਆਂ ਵਸਤਾਂ ਦੀ ਸਮੀਖਿਆ ਕੀਤੀ ਗਈ ਜਿਸ ਵਿਚ ਸੌ ਤੋਂ ਵੱਧ ਵਸਤੂਆਂ ਸ਼ਾਮਲ ਹਨ। ਦੱਸਣਾ ਬਣਦਾ ਹੈ ਕਿ ਸਰਕਾਰ ਨੇ ਅਗਸਤ ਵਿਚ ਜੀਐਸਟੀ ਤੋਂ 1.75 ਲੱਖ ਰੁਪਏ ਜੁਟਾਏ ਹਨ।