ਮਹਾਰਾਸ਼ਟਰ ਦਾ ਮੈਦਾਨ
ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੋ ਪ੍ਰਮੁੱਖ ਗੱਠਜੋੜਾਂ ਮਹਾ ਵਿਕਾਸ ਅਗਾੜੀ (ਐੱਮਵੀਏ) ਅਤੇ ਮਹਾਯੁਤੀ ਵਿਚਕਾਰ ਵੱਡੀ ਲੜਾਈ ਹੋ ਰਹੀ ਹੈ ਪਰ ਇਸ ਤੋਂ ਇਲਾਵਾ ਇਨ੍ਹਾਂ ਦੋਹਾਂ ਖੇਮਿਆਂ ਦੇ ਅੰਦਰ ਵੀ ਛੋਟੇ-ਛੋਟੇ ਯੁੱਧ ਚੱਲ ਰਹੇ ਹਨ। ਐੱਮਵੀਏ ਦੇ ਤਿੰਨ ਮੁੱਖ ਭਿਆਲਾਂ ਕਾਂਗਰਸ, ਐੱਨਸੀਪੀ (ਸ਼ਰਦ ਪਵਾਰ) ਤੇ ਸ਼ਿਵ ਸੈਨਾ (ਊਧਵ ਠਾਕਰੇ) ਦਰਮਿਆਨ ਸੀਟਾਂ ਦੀ ਵੰਡ ਨੂੰ ਲੈ ਕੇ ਕਾਫ਼ੀ ਦੇਰ ਵਿਚਾਰ ਚਰਚਾ ਚਲਦੀ ਰਹੀ ਅਤੇ ਹਰੇਕ ਪਾਰਟੀ ਨੇ ਆਪਣੇ ਲਈ ਵੱਧ ਤੋਂ ਵੱਧ ਸੀਟਾਂ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ। ਆਖ਼ਿਰ ਕੁੱਲ 288 ਸੀਟਾਂ ’ਚੋਂ 255 ਸੀਟਾਂ ’ਤੇ ਤਿੰਨੇ ਪ੍ਰਮੁੱਖ ਪਾਰਟੀਆਂ ਨੂੰ 85-85 ਸੀਟਾਂ ਦੇਣ ਦਾ ਫਾਰਮੂਲਾ ਸਿਰੇ ਚੜ੍ਹ ਗਿਆ; ਬਾਕੀ ਦੀਆਂ ਸੀਟਾਂ ਐੱਮਵੀਏ ਦੀਆਂ ਭਿਆਲ ਕੁਝ ਛੋਟੀਆਂ ਪਾਰਟੀਆਂ ਲਈ ਛੱਡ ਦਿੱਤੀਆਂ ਗਈਆਂ ਜਿਨ੍ਹਾਂ ਵਿੱਚ ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ ਅਤੇ ਖੱਬੀਆਂ ਪਾਰਟੀਆਂ ਸ਼ਾਮਿਲ ਹਨ। ਇਹ ਗੱਲ ਸਾਫ਼ ਹੋ ਗਈ ਹੈ ਕਿ ਕਾਂਗਰਸ ਅਤੇ ਸ਼ਿਵ ਸੈਨਾ ਉੂਧਵ ਠਾਕਰੇ ਨੇ ਆਪੋ-ਆਪਣੀਆਂ ਖਾਹਿਸ਼ਾਂ ਨੂੰ ਜ਼ਬਤ ਵਿੱਚ ਰੱਖਣ ਦਾ ਰਾਹ ਅਪਣਾ ਲਿਆ ਤੇ ਉਨ੍ਹਾਂ ਨੇ 100 ਸੀਟਾਂ ’ਤੇ ਲੜਨ ਦੇ ਦਾਅਵਿਆਂ ਨੂੰ ਦਰੁਸਤ ਕਰ ਲਿਆ। ਇਸ ਨਰਮੀ ਸਦਕਾ ਇਨ੍ਹਾਂ ਪਾਰਟੀਆਂ ਦਰਮਿਆਨ ਨਾਮਜ਼ਦਗੀਆਂ ਤੋਂ ਕਾਫ਼ੀ ਦਿਨ ਪਹਿਲਾਂ ਹੀ ਮਤਭੇਦ ਸੁਲਝਾ ਲਏ ਗਏ। ਇਸ ਨਾਲ ਐੱਮਵੀਏ ਨੂੰ ਲਾਹਾ ਮਿਲ ਸਕਦਾ ਹੈ ਜੋ ਰਾਜ ਵਿੱਚ ਸੱਤਾਧਾਰੀ ਮਹਾਯੁਤੀ ਗੱਠਜੋੜ ਜਿਸ ਵਿੱਚ ਭਾਜਪਾ, ਸ਼ਿਵ ਸੈਨਾ ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਦੀ ਐੱਨਸੀਪੀ ਸ਼ਾਮਿਲ ਹਨ, ਨੂੰ ਪਟਕਣੀ ਦੇਣ ਲਈ ਪੱਬਾਂ ਭਾਰ ਦਿਖਾਈ ਦੇ ਰਿਹਾ ਹੈ। ਅਜੀਤ ਪਵਾਰ ਦਾ ਧੜਾ ਸ਼ਰਦ ਪਵਾਰ ਦੀ ਅਗਵਾਈ ਵਾਲੀ ਨੈਸ਼ਨਲਿਸਟ ਕਾਂਗਰਸ ਪਾਰਟੀ ਵਿੱਚੋਂ ਟੁੱਟ ਕੇ ਆਇਆ ਸੀ ਅਤੇ ਏਕਨਾਥ ਸ਼ਿੰਦੇ ਦੇ ਗੁੱਟ ਨੇ ਊਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਨਾਲੋਂ ਤੋੜ-ਵਿਛੋੜਾ ਕੀਤਾ ਸੀ। ਮਗਰੋਂ ਇਹ ਦੋਵੇਂ ਧੜੇ ਭਾਜਪਾ ਨਾਲ ਰਲ ਗਏ ਸਨ ਤੇ ਸ਼ਿੰਦੇ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਨ੍ਹਾਂ ਧਿਰਾਂ ਨੇ ਮਹਾਯੁਤੀ ਗੱਠਜੋੜ ਕਾਇਮ ਕਰ ਕੇ ਸਰਕਾਰ ਬਣਾਈ ਸੀ। ਸ਼ਰਦ ਅਤੇ ਊਧਵ ਧੜੇ ਨੇ ਕਾਂਗਰਸ ਨਾਲ ਗੱਠਜੋੜ ਕੀਤਾ ਹੋਇਆ ਹੈ।
ਇਸੇ ਸਾਲ ਮਹਾਰਾਸ਼ਟਰ ਵਿਚ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਸੀ ਅਤੇ ਇਸ ਨੇ ਐੱਮਵੀਏ ਵਿੱਚ ਆਪਣੀ ਮੋਹਰੀ ਪੁਜ਼ੀਸ਼ਨ ਪੱਕੀ ਕਰ ਲਈ ਸੀ ਪਰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਲੱਗੇ ਝਟਕੇ ਕਰ ਕੇ ਸੀਟਾਂ ਦੀ ਵੰਡ ਵਿੱਚ ਇਸ ਦੀ ਬਹੁਤੀ ਸੌਦੇਬਾਜ਼ੀ ਕਰਨ ਦੀ ਸਥਿਤੀ ਛਿੱਥੀ ਪੈ ਗਈ। ਲੋਕ ਸਭਾ ਚੋਣਾਂ ਵਿੱਚ ਮਹਾਰਾਸ਼ਟਰ ਦੀਆਂ 48 ਵਿੱਚੋਂ 31 ਸੀਟਾਂ ਜਿੱਤਣ ਵਾਲੇ ਐੱਮਵੀਏ ਨੇ ਸਬਕ ਸਿੱਖਿਆ ਹੈ ਕਿ ਲੋੜੋਂ ਵੱਧ ਵਿਸ਼ਵਾਸ ਉਸ ਵੇਲੇ ਆਪਣੀ ਹੀ ਤਬਾਹੀ ਦਾ ਕਾਰਨ ਬਣ ਸਕਦਾ ਹੈ ਜਦੋਂ ਵਿਰੋਧੀ ਧਿਰ ਬਗ਼ਾਵਤ ਤੇ ਧੜੇਬੰਦੀ ਨੂੰ ਕਾਬੂ ਕਰਨ ’ਚ ਪੂਰੀ ਤਜਰਬੇਕਾਰ ਹੋਵੇ। ਆਪਸੀ ਵਖਰੇਵੇਂ ਪਾਸੇ ਰੱਖ ਕੇ ਸਹਿਯੋਗੀਆਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਖ਼ਿਲਾਫ਼ ਸਾਂਝਾ ਮੋਰਚਾ ਖੋਲ੍ਹਣਾ ਪਏਗਾ।
ਮਹਾਯੁਤੀ ਵਿੱਚ ਸੀਨੀਅਰ ਹਿੱਸੇਦਾਰ ਹੋਣ ਦੇ ਬਾਵਜੂਦ ਭਾਜਪਾ ਨੇ ਸ਼ਿੰਦੇ ਧੜੇ ਨੂੰ ਮੁੱਖ ਮੰਤਰੀ ਦੀ ਕੁਰਸੀ ਲੈਣ ਦਿੱਤੀ ਸੀ। ਭਗਵਾ ਪਾਰਟੀ ਆਪਣੀ ‘ਕਿੰਗਮੇਕਰ’ ਦੀ ਰਣਨੀਤੀ ਉੱਤੇ ਭਰੋਸਾ ਰੱਖ ਕੇ ਚੱਲ ਰਹੀ ਹੈ, ਖ਼ਾਸ ਤੌਰ ’ਤੇ ਇਸ ਲਈ ਕਿਉਂਕਿ ਅਜੀਤ ਪਵਾਰ ਦੀ ਐੱਨਸੀਪੀ ਨੂੰ ਗੱਠਜੋੜ ਦੀ ਕਮਜ਼ੋਰ ਕੜੀ ਮੰਨਿਆ ਜਾ ਰਿਹਾ ਹੈ। ਉਸ ਵਕਤ ਸ਼ਿਵ ਸੈਨਾ ਅਤੇ ਐੱਨਸੀਪੀ ਨੂੰ ਤੋੜਨ ਵਿੱਚ ਭਾਜਪਾ ਨੇ ਮੁੱਖ ਭੂਮਿਕਾ ਨਿਭਾਈ ਸੀ ਪਰ ਭਾਜਪਾ ਲਈ ਹੁਣ ਮਹਾਯੁਤੀ ਨੂੰ ਇਕੱਠਿਆਂ ਰੱਖਣਾ ਚੁਣੌਤੀ ਬਣ ਰਿਹਾ ਹੈ।