ਜ਼ਮੀਨੀ ਘੋਲ: ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਬਰਸੀ ਲਈ ਲਾਮਬੰਦੀ
ਜੋਗਿੰਦਰ ਸਿੰਘ ਮਾਨ
ਮਾਨਸਾ, 9 ਅਕਤੂਬਰ
ਪ੍ਰਿੰਥੀਪਾਲ ਸਿੰਘ ਚੱਕ ਅਲੀਸ਼ੇਰ ਦੀ 14ਵੀਂ ਬਰਸੀ ਮਨਾਉਣ ਨੂੰ ਲੈਕੇ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਮਾਲਵਾ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਾਮਬੰਦੀ ਆਰੰਭ ਕਰ ਦਿੱਤੀ ਗਈ ਹੈ। ਜਥੇਬੰਦੀ ਵੱਲੋਂ ਇਹ ਬਰਸੀ ਉਨ੍ਹਾਂ ਦੇ ਸ਼ਹੀਦੀ 11 ਅਕਤੂਬਰ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਵਿਖੇ ਚੱਲ ਰਹੇ ’ਜ਼ਮੀਨ ਬਚਾਓ ਮੋਰਚੇ’ ਦੌਰਾਨ ਮਨਾਉਣ ਦਾ ਫੈਸਲਾ ਲਿਆ ਗਿਆ। ਸੂਬਾ ਪੱਧਰੀ ਇਸ ਬਰਸੀ ਸਮਾਗਮ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਾਮਬੰਦੀਆਂ ਆਰੰਭ ਹੋ ਗਈਆਂ ਹਨ, ਜਿਸ ਤਹਿਤ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਬਕਾਇਦਾ ਆਪਣੇ ਜ਼ਿਲ੍ਹੇ ’ਚ ਬਰਸੀ ਸਮਾਗਮ ’ਚ ਆਉਣ ਵਾਲੇ ਜਥਿਆਂ ਤੋਂ ਜਾਣੂ ਕਰਵਾਇਆ ਜਾਣਾ ਆਰੰਭ ਹੋ ਗਿਆ ਹੈ। ਮਾਨਸਾ ਵਿਚ ਅੱਜ ਇਸ ਬਰਸੀ ਨੂੰ ਲੈਕੇ 20 ਪਿੰਡ ਕਮੇਟੀਆਂ ਦੇ ਸ਼ਾਮਲ ਹੋਏ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਦੱਸਿਆ ਕਿ ਇਹ ਬਰਸੀ 11 ਅਕਤੂਬਰ ਨੂੰ ਪਿੰਡ ਕੁਲਰੀਆਂ ਦੀ ਦਾਣਾ ਮੰਡੀ ਵਿੱਚ ਮਨਾਈ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਬੁਢਲਾਡਾ ਇਕਾਈ ਦੇ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਦੱਸਿਆ ਕਿ ਜ਼ਮੀਨ ਬਚਾਓ ਘੋਲਾਂ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 14ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਚੱਕ ਅਲੀਸ਼ੇਰ ਵਿਖੇ ਮਨਾਈ ਜਾਵੇਗੀ, ਜਿਸ ਸਬੰਧੀ ਜਥੇਬੰਦੀ ਵੱਲੋਂ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਰਸੀ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਮਨਾਉਣ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ।