ਖੱਟਰ ਵੱਲੋਂ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ
ਪੱਤਰ ਪ੍ਰੇਰਕ
ਫਰੀਦਾਬਾਦ, 17 ਅਕਤੂਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਮਰੀਜ਼ਾਂ ਨੂੰ ਤੁਰੰਤ ਐਂਬੂਲੈਂਸ ਸਹਾਇਤਾ ਦੇਣ ਲਈ ਹਰਿਆਣਾ ਵਿਚ ਓਲਾ ਅਤੇ ਉਬੇਰ ਵਰਗੀ ਪ੍ਰਣਾਲੀ ਤਿਆਰ ਕੀਤੀ ਜਾਵੇਗੀ। ਇਸ ਦੇ ਲਈ ਰਾਜ ਦੀਆਂ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਐਂਬੂਲੈਂਸਾਂ ਦਾ ਇੱਕ ਪੂਲ ਬਣਾਇਆ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਮਰੀਜ਼ ਨੂੰ ਨਜ਼ਦੀਕੀ ਐਂਬੂਲੈਂਸ ਤੋਂ ਮਦਦ ਮੁਹੱਈਆ ਕਰਵਾਈ ਜਾਵੇਗੀ।
ਮੁੱਖ ਮੰਤਰੀ ਮੰਗਲਵਾਰ ਨੂੰ ਫਰੀਦਾਬਾਦ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਮਹੀਨਾਵਾਰ ਮੀਟਿੰਗ ਵਿੱਚ ਪਾਲੀ ਪਿੰਡ ਵਿੱਚ ਐਂਬੂਲੈਂਸ ਅਤੇ ਦਵਾਈਆਂ ਦੀ ਘਾਟ ਨਾਲ ਸਬੰਧਤ ਸ਼ਿਕਾਇਤ ’ਤੇ ਨਿਰਦੇਸ਼ ਦੇ ਰਹੇ ਸਨ। ਮੀਟਿੰਗ ਵਿੱਚ 13 ਕੇਸ ਰੱਖੇ ਗਏ, ਜਨਿ੍ਹਾਂ ਵਿੱਚੋਂ 10 ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। ਉਨ੍ਹਾਂ ਡੀਐਮਆਰਸੀ ਦੇ ਯਸ਼ਪਾਲ ਅਤੇ ਸਹਿਕਾਰੀ ਸਭਾਵਾਂ ਦੇ ਡੀਲਿੰਗ ਕਲਰਕ ਜਸਬੀਰ ਨੂੰ ਫਰੈਂਡਜ਼ ਕੋਆਪ੍ਰੇਟਿਵ ਬਿਲਡਿੰਗ ਕੰਸਟ੍ਰਕਸ਼ਨ ਸੁਸਾਇਟੀ ਤੋਂ ਇੱਕ ਔਰਤ ਵੱਲੋਂ ਲਏ ਮਕਾਨ ਕਰਜ਼ੇ ਦੇ ਮਾਮਲੇ ਵਿੱਚ ਗੰਭੀਰਤਾ ਨਾ ਲੈਣ ਕਰਕੇ ਮੁਅੱਤਲ ਕੀਤਾ ਗਿਆ।
ਉਨ੍ਹਾਂ ਐਲਾਨ ਕੀਤਾ ਕਿ ਸਾਲ 2001 ਦੀ ਸ਼ਾਪਿੰਗ ਸੈਂਟਰ ਦੀ ਯੋਜਨਾ ਨੂੰ ਰੱਦ ਕਰਕੇ, ਸਰਾਏ ਖਵਾਜਾ (ਆਰੀਆ ਨਗਰ) ਸਰਕਾਰੀ ਸਕੂਲ ਨੂੰ 1.66 ਵਾਧੂ ਜ਼ਮੀਨ ਅਲਾਟ ਕੀਤੀ ਜਾਵੇਗੀ, ਲੜਕੇ ਅਤੇ ਲੜਕੀਆਂ ਲਈ ਵੱਖ-ਵੱਖ ਸਕੂਲ ਇਮਾਰਤਾਂ ਬਣਾਈਆਂ ਜਾਣਗੀਆਂ। ਉਨ੍ਹਾਂ ਬਿਨਾ ਮਨਜ਼ੂਰੀ ਦੇ ਕਮਜ਼ੋਰ ਮਕਾਨ ’ਤੇ ਟਾਵਰ ਲਗਾਉਣ ਵਾਲੇ ਮਕਾਨ ਮਾਲਕ ਅਤੇ ਮੋਬਾਈਲ ਕੰਪਨੀ ਖਿਲਾਫ ਕਾਰਵਾਈ ਕਰਨ ਅਤੇ ਟਾਵਰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ। ਨਗਰ ਨਿਗਮ ਵਿੱਚ ਸ਼ਾਮਲ ਪਿੰਡਾਂ ਵਿੱਚ ਪੰਜ ਸਾਲ ਤੱਕ ਹਾਊਸ ਟੈਕਸ ਨਹੀਂ ਲਿਆ ਜਾਵੇਗਾ।