ਗਰਿੱਡ ਮਾਮਲਾ: ਕਿਸਾਨਾਂ ਵੱਲੋਂ ਰੋਸ ਧਰਨਾ ਜਾਰੀ
ਪੱਤਰ ਪ੍ਰੇਰਕ
ਧੂਰੀ, 19 ਸਤੰਬਰ
‘66 ਕੇਵੀ ਗਰਿੱਡ ਭੁੱਲਰਹੇੜੀ ਨੂੰ ਝੋਨੇ ਦੇ ਸੀਜ਼ਨ ਦੌਰਾਨ ਜੂਨ ਮਹੀਨੇ ਸ਼ੁਰੂ ਕਰਨ ਵਿੱਚ ਵਿੱਚ ਇੱਕ ਸਨਅਤਕਾਰ ਵੱਲੋਂ ਲਗਾਏ ਜਾ ਰਹੇ ਕਥਿਤ ਅੜਿੱਕਿਆਂ ਵਿਰੁੱਧ ਲੰਘੀ 26 ਜੂਨ ਤੋਂ ਗਰਿੱਡ ਅੱਗੇ ਚੱਲ ਰਹੇ ਪੱਕੇ ਕਿਸਾਨ ਧਰਨੇ ਦੇ ਬਾਵਜੂਦ ਅੱਜ ਤੱਕ ਇੱਕ ਵੀ ਸਰਕਾਰੀ ਨੁਮਾਇੰਦਾ ਅਤੇ ਪਾਵਰਕੌਮ ਦਾ ਅਧਿਕਾਰੀ ਲੋਕਾਂ ਦੀ ਸਾਰ ਲੈਣ ਲਈ ਨਹੀਂ ਪੁੱਜਿਆ’। ਇਹ ਦੋਸ਼ ਪੱਕੇ ਧਰਨੇ ਦੇ 86ਵੇਂ ਦਿਨ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਇਕਾਈ ਪ੍ਰਧਾਨ ਜਸਦੇਵ ਸਿੰਘ ਭੁੱਲਰਹੇੜੀ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਪਵਿੱਤਰ ਸਿੰਘ ਨੇ ਲਾਉਂਦਿਆਂ ਕਿਹਾ ਕਿ ਗਰਿੱਡ ਨੂੰ ਸ਼ੁਰੂ ਕਰਨ ਦਾ ਕੰਮ ਲਗਭਗ ਇੱਕ ਉਸ ਪੋਲ ’ਤੇ ਜਾ ਕੇ ਰੁਕ ਗਿਆ ਜਿਹੜਾ ਇਲਾਕੇ ਦੇ ਇੱਕ ਸਨਅਤਕਾਰ ਵੱਲੋਂ ਆਪਣੀ ਮਾਲਕੀ ਵਾਲੀ ਜਗ੍ਹਾ ਵਿੱਚ ਲਗਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਖੜ੍ਹਨ ਦੀ ਥਾਂ ਸਨਅਤਕਾਰ ਦੀ ਢਾਲ ਬਣ ਕੇ ਵਿਚਰਨ ਨੂੰ ਪਹਿਲ ਦਿੱਤੀ। ਯਾਦ ਰਹੇ ਕਿ ਤਾਜ਼ਾ ਸਥਿਤੀਆਂ ਅਨੁਸਾਰ ਇਸ ਮਾਮਲੇ ’ਤੇ ਅਦਾਲਤ ਨੇ ‘ਸਟੇਟਸ-ਕੋ’ ਦਿੱਤੀ ਹੋਈ ਹੈ ਜਿਸਦੀ ਅਗਲੀ ਸੁਣਵਾਈ 8 ਅਕਤੂਬਰ ਨੂੰ ਹੋਣੀ ਹੈ।