ਗਰਿੱਡ ਮਾਮਲਾ: ਧਰਨਾ ਸਮਾਪਤ ਕਰਵਾਉਣ ਲਈ ਡੀਸੀ ਵੱਲੋਂ ਕਿਸਾਨਾਂ ਨਾਲ ਮੀਟਿੰਗ
ਬੀਰਬਲ ਰਿਸ਼ੀ
ਧੂਰੀ, 10 ਅਕਤੂਬਰ
66 ਕੇਵੀ ਗਰਿੱਡ ਭੁੱਲਰਹੇੜੀ ਦਾ ਰੁਕਿਆ ਕੰਮ ਚਾਲੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਗਰਿੱਡ ਅੱਗੇ 107 ਦਿਨਾਂ ਤੋਂ ਲਗਾਤਾਰ ਅਣਮਿੱਥੇ ਸਮੇਂ ਲਈ ਚੱਲ ਰਹੇ ਧਰਨੇ ਦੇ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਧਰਨਾ ਸਮੇਟਣ ਲਈ ਡੀਸੀ ਸੰਦੀਪ ਰਿਸ਼ੀ ਨੇ ਸੰਘਰਸ਼ੀ ਕਿਸਾਨਾਂ ਨਾਲ ਮੀਟਿੰਗ ਕੀਤੀ। ਹਾਲ ਹੀ ’ਚ ਮੁੱਖ ਮੰਤਰੀ ਦਫ਼ਤਰ ਕੈਂਪ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਅਤੇ ‘ਆਪ’ ਦੇ ਇਕਾਈ ਲਾਗੂ ਜਤਿੰਦਰ ਸਿੰਘ ਗੋਲੂ ਨੇ ਪਿੰਡ ਭੁੱਲਰਹੇੜੀ ਵਿੱਚ ਕਿਸਾਨਾਂ ਨਾਲ ਗੱਲਬਾਤ ਮਗਰੋਂ ਡੀਸੀ ਅਤੇ ਕਿਸਾਨਾਂ ਦਰਮਿਆਨ ਮੀਟਿੰਗ ਦੀ ਵਿਉਂਤਬੰਦੀ ਕੀਤੀ ਸੀ। ਡੀਸੀ ਸੰਦੀਪ ਰਿਸ਼ੀ ਨਾਲ ਮੁਲਾਕਾਤ ਕਰਨ ਵਾਲੇ ਕਿਸਾਨਾਂ ’ਚ ਸ਼ਾਮਲ ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭੁੱਲਰਹੇੜੀ, ਇਕਾਈ ਪ੍ਰਧਾਨ ਜਸਦੇਵ ਸਿੰਘ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਪਵਿੱਤਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਜੂਨ ਮਹੀਨੇ ਸ਼ੁਰੂ ਹੋਣ ਵਾਲਾ ਗਰਿੱਡ ਸਿਰਫ਼ ਇੱਕ ਸਨਅਤਕਾਰ ਦੀ ਮਾਲਕੀ ਵਾਲੀ ਜਗ੍ਹਾ ਵਿੱਚ ਲੱਗਣ ਵਾਲੇ 23 ਨੰਬਰ ਪੋਲ ਕਾਰਨ ਰੁਕਕੇ ਰਹਿ ਗਿਆ। ਆਗੂਆਂ ਅਨੁਸਾਰ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਭਰੋਸਾ ਦਿੱਤਾ ਸੀ ਕਿ ਅਦਾਲਤ ਵਿੱਚ ਲੱਗੀ ‘ਸਟੇਟਸ-ਕੋ’ ਜੇਕਰ ਟੁੱਟਦੀ ਹੈ ਤਾਂ ਪ੍ਰਸ਼ਾਸਨ ਬਿਨਾਂ ਕਿਸੇ ਦੇਰੀ ਤੋਂ ਅਗਲੀ ਪ੍ਰਕਿਰਿਆ ਆਰੰਭ ਦੇਵੇਗਾ। ਆਗੂਆਂ ਨੇ ਮੀਟਿੰਗ ਤੋਂ ਸੰਤੁਸ਼ਟੀ ਜ਼ਾਹਰ ਕਰਦਿਆਂ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ਸਬੰਧੀ ਉਹ ਧਰਨਾਕਾਰੀ ਸਮੂਹ ਕਿਸਾਨਾਂ ਨਾਲ ਮਸ਼ਵਰੇ ਮਗਰੋਂ ਅਗਲਾ ਫੈਸਲਾ ਲੈਣਗੇ। ਇੰਚਾਰਜ ਰਾਜਵੰਤ ਸਿੰਘ ਘੁੱਲੀ ਦਾ ਕਹਿਣਾ ਹੈ ਕਿ ਧਰਨਾਕਾਰੀ ਕਿਸਾਨਾਂ ਨਾਲ ਕਿਸੇ ਨੇ ਗੱਲ ਨਹੀਂ ਕੀਤੀ ਸੀ ਜਿਸ ਕਰਕੇ ਉਨ੍ਹਾਂ ਦੇ ਮਨਾਂ ਵਿੱਚ ਨਰਾਜ਼ਗੀ ਸੀ, ਜੋ ਦੂਰ ਕਰ ਦਿੱਤੀ ਗਈ ਹੈ। ਭਾਵੇਂ ਕਿਸਾਨਾਂ ਨੇ ਹਾਲੇ ਤੱਕ ਆਪਣੀ ਵਿਉਂਤਬੰਦੀ ਦੇ ਪੱਤੇ ਨਹੀਂ ਖੋਲ੍ਹੇ, ਪਰ ਮੰਨਿਆ ਜਾ ਰਿਹਾ ਹੈ ਕਿ ਤਾਜ਼ਾ ਘਟਨਾਕ੍ਰਮ ਮਗਰੋਂ ਕਿਸਾਨ ਆਪਣਾ ਸੰਘਰਸ਼ ਕੁੱਝ ਸਮੇਂ ਲਈ ਮੁਲਤਵੀ ਕਰ ਸਕਦੇ ਹਨ।