ਥਾਣੇ ’ਤੇ ਗਰਨੇਡ ਹਮਲਾ: ਦੋ ਦਿਨ ਘਟਨਾ ਨੂੰ ਦਬਾਉਣ ਤੋਂ ਬਾਅਦ ਪੁਲੀਸ ਵੱਲੋਂ ਕੇਸ ਦਰਜ
ਹਰਜੀਤ ਸਿੰਘ ਪਰਮਾਰ
ਬਟਾਲਾ, 14 ਦਸੰਬਰ
ਇੱਥੋਂ ਥੋੜੀ ਦੂਰੀ ’ਤੇ ਸਥਿੱਤ ਅੱਡਾ ਅਲੀਵਾਲ ਵਿੱਚ ਬਣੇ ਥਾਣਾ ਘਣੀਏ ਕੇ ਬਾਂਗਰ ’ਤੇ ਲੰਘੀ 12 ਦਸੰਬਰ ਦੀ ਦੇਰ ਰਾਤ ਨੂੰ ਹੋਏ ਗਰਨੇਡ ਹਮਲੇ ਦੀ ਘਟਨਾ ’ਤੇ ਦੋ ਦਿਨ ਪਰਦਾ ਪਾਉਣ ਪਿੱਛੋਂ ਬਟਾਲਾ ਪੁਲੀਸ ਨੇ ਆਖਿਰ ਅਣਪਛਾਤੇ ਹਮਲਾਵਰਾਂ ਖਿਲਾਫ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਹ ਕੇਸ ਥਾਣਾ ਘਣੀਏ ਕੇ ਬਾਂਗਰ ਦੇ ਮੁਖੀ ਗੁਰਮਿੰਦਰ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਬਿਆਨਾਂ ਵਿੱਚ ਦੱਸਿਆ ਕਿ ਲੰਘੀ 12 ਦਸੰਬਰ ਦੀ ਰਾਤ ਨੂੰ ਉਹ ਇਲਾਕੇ ਵਿੱਚ ਗਸ਼ਤ ’ਤੇ ਸੀ ਕਿ ਉਸ ਨੂੰ ਡਿਊਟੀ ’ਤੇ ਤਾਇਨਾਤ ਮੁਨਸ਼ੀ ਨੇ ਫੋਨ ਕਰਕੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਥਾਣੇ ਵਿਚ ਧਮਾਕਾਖੇਜ਼ ਸਮੱਗਰੀ ਸੁੱਟ ਕੇ ਧਮਾਕਾ ਕੀਤਾ ਜਿਸ ਨਾਲ ਥਾਣੇ ਦੀ ਬਿਲਡਿੰਗ ਦੇ ਸ਼ੀਸ਼ੇ ਟੁੱਟ ਗਏ ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਥਾਣਾ ਘਣੀਏ ਕੇ ਬਾਂਗਰ ਦੀ ਪੁਲੀਸ ਨੇ ਐਕਸਪਲੋਸਿਵ ਐਕਟ ਸਣੇ ਹੋਰ ਕਈ ਧਾਰਾਵਾਂ ਤਹਿਤ ਅਣਪਛਾਤੇ ਹਮਲਾਵਰਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।