For the best experience, open
https://m.punjabitribuneonline.com
on your mobile browser.
Advertisement

ਹਰਿਆਲੀ ਤੇ ਸੁੰਦਰਤਾ

12:04 PM Sep 21, 2024 IST
ਹਰਿਆਲੀ ਤੇ ਸੁੰਦਰਤਾ
Advertisement

ਜਤਿੰਦਰ ਮੋਹਨ

ਮਈ ਦਾ ਮਹੀਨਾ ਅੱਧਿਓਂ ਵੱਧ ਬੀਤ ਚੁੱਕਾ ਸੀ। ਗਰਮੀ ਪੂਰੇ ਜੋਬਨ ’ਤੇ ਸੀ। ਸਭ ਲੋਕ ਗਰਮੀ ਤੋਂ ਬਚਣ ਲਈ ਉਪਾਅ ਕਰ ਰਹੇ ਸਨ ਪਰ ਮੀਂਹ ਨਾ ਪੈਣ ਕਾਰਨ ਗਰਮੀ ਦਿਨੋ-ਦਿਨ ਵਧਦੀ ਹੀ ਜਾ ਰਹੀ ਸੀ। ਅਜਿਹੀ ਗਰਮੀ ਦੇਖ ਕੇ ਸਕੂਲਾਂ ਵਿੱਚ ਛੁੱਟੀਆਂ ਜਲਦੀ ਹੀ ਹੋ ਗਈਆਂ। ਨੇਹਾ ਤੇ ਰੋਹਨ ਦੇ ਮੰਮੀ ਡੈਡੀ ਹਰ ਸਾਲ ਦੀ ਤਰ੍ਹਾਂ ਛੁੱਟੀਆਂ ਦੇ ਕੁਝ ਦਿਨ ਹਿਮਾਚਲ ਦੀਆਂ ਪਹਾੜੀਆਂ ਵਿੱਚ ਬਿਤਾ ਕੇ ਆਨੰਦ ਲੈਂਦੇ ਸਨ। ਇਸ ਵਾਰ ਵੀ ਉਨ੍ਹਾਂ ਨੇ ਆਪਣੀ ਕਾਰ ’ਤੇ ਹੀ ਹਿਮਾਚਲ ਜਾਣ ਦਾ ਪ੍ਰੋਗਰਾਮ ਬਣਾ ਲਿਆ। ਇਸ ਵਾਰ ਉਨ੍ਹਾਂ ਦਾ ਪ੍ਰੋਗਰਾਮ ਮੈਕਲੌਡਗੰਜ ਦਾ ਬਣਿਆ। ਨਿਸ਼ਚਿਤ ਦਿਨ ’ਤੇ ਉਹ ਕਾਰ ਰਾਹੀਂ ਆਪਣੇ ਮਨਭਾਉਂਦੇ ਇਲਾਕੇ ਨੂੰ ਚੱਲ ਪਏ। ਉਹ ਬਹੁਤ ਖ਼ੁਸ਼ ਸਨ। ਨੇਹਾ ਤੇ ਰੋਹਨ ਆਸੇ ਪਾਸੇ ਦੇਖਦੇ ਜਾ ਰਹੇ ਸਨ। ਰਸਤੇ ਵਿੱਚ ਉਨ੍ਹਾਂ ਨੇ ਦੇਖਿਆ ਕਿ ਕਈ ਥਾਵਾਂ ’ਤੇ ਦੂਰ ਦੂਰ ਤੱਕ ਨਾ ਕੋਈ ਫ਼ਸਲ ਨਹੀਂ ਸੀ ਤੇ ਨਾ ਹੀ ਰੁੱਖ। ਇਹ ਦੇਖ ਕੇ ਰੋਹਨ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ, ‘‘ਪਾਪਾ ਦੇਖੋ ਸਾਰੀ ਜ਼ਮੀਨ ਖਾਲੀ ਪਈ ਐ।’’
‘‘ਹਾਂ! ਬੇਟਾ ਅਜੇ ਕੋਈ ਫ਼ਸਲ ਨਹੀਂ ਬੀਜੀ ਗਈ। ਕਣਕ ਕੱਟੀ ਗਈ ਹੈ, ਪਰ ਝੋਨਾ ਲਾਉਣ ਦਾ ਸਮਾਂ ਅਜੇ ਨਹੀਂ ਹੈ।’’
‘‘ਪਰ ਪਾਪਾ ਦਰੱਖਤ ਕਿਧਰੇ ਵੀ ਦਿਖਾਈ ਨਹੀਂ ਦਿੰਦੇ?’’
‘‘ਬੇਟਾ ਝੋਨੇ ਦੀ ਫ਼ਸਲ ਅਜਿਹੀ ਹੈ ਜਿਸ ਲਈ ਜ਼ਿਆਦਾ ਪਾਣੀ ਦੀ ਜ਼ਰੂਰਤ ਹੈ। ਦਰੱਖਤ ਇੰਨਾ ਜ਼ਿਆਦਾ ਪਾਣੀ ਸਹਿਣ ਨਹੀਂ ਕਰ ਸਕਦੇ, ਇਸ ਲਈ ਦਰੱਖਤਾਂ ਦੀ ਖੇਤਾਂ ਵਿੱਚ ਕਮੀ ਹੈ।’’
‘‘ਪਰ ਪਾਪਾ...।’’ ਰੋਹਨ ਦੇ ਬੋਲਣ ਤੋਂ ਪਹਿਲਾਂ ਅਨੀਤਾ ਨੇ ਵਿੱਚੋਂ ਹੀ ਟੋਕਦਿਆਂ ਕਿਹਾ, ‘‘ਰੋਹਨ ਤੇਰੇ ਪਾਪਾ ਡਰਾਈਵ ਕਰ ਰਹੇ ਨੇ। ਤੈਨੂੰ ਉਨ੍ਹਾਂ ਨੂੰ ਗੱਲਾਂ ਵਿੱਚ ਨਹੀਂ ਲਾਉਣਾ ਚਾਹੀਦਾ!’’
‘‘ਕਿਉਂ ਮੰਮੀ?’’
‘‘ਗੱਲਾਂ ਕਰਨ ਨਾਲ ਧਿਆਨ ਭਟਕਦਾ ਹੈ। ਇਸ ਲਈ ਡਰਾਈਵ ਕਰਨ ਵੇਲੇ ਕੋਈ ਨਾ ਕੋਈ ਗ਼ਲਤੀ ਹੋ ਜਾਂਦੀ ਹੈ।’’
‘‘ਹਾਂ ਕਈ ਵਾਰ ਐਕਸੀਡੈਂਟ ਹੋ ਜਾਂਦਾ ਹੈ।’’
‘‘ਸ਼ੁਭ ਸ਼ੁਭ ਬੋਲ ਨੇਹਾ! ਭਾਈ ਸਾਰੇ ਹੀ ਚੁੱਪ ਕਰ ਜੋ ਐਵੇਂ ਨਾ ਮਾੜੀਆਂ ਗੱਲਾਂ ਮੂੰਹ ’ਚੋਂ ਕੱਢੋ। ਕੀ ਪਤਾ ਕਦੋਂ ਸਰਸਵਤੀ ਮੂੰਹ ’ਤੇ ਆ ਜਾਵੇ।’’
ਅਨੀਤਾ ਦੀ ਗੱਲ ਸੁਣ ਕੇ ਸਾਰੇ ਚੁੱਪ ਹੋ ਗਏ। ਕੁਝ ਹੀ ਘੰਟਿਆਂ ਵਿੱਚੋਂ ਪਹਾੜੀ ਖੇਤਰ ਵਿੱਚ ਪਹੁੰਚ ਗਏ। ਪਹਾੜੀ ਰਸਤਾ ਬੜਾ ਟੇਢਾ-ਮੇਢਾ ਸੀ। ਉੱਥੋਂ ਦੀਆਂ ਸੜਕਾਂ ਵਲ ਖਾਂਦੀਆਂ ਸਨ। ਇੱਕ ਥਾਂ ’ਤੇ ਹੋਟਲ ਦੇਖ ਕੇ ਉਹ ਰੁਕ ਗਏ। ਹੋਟਲ ਵਿੱਚ ਚਾਹ ਪੀਣ ਦਾ ਆਰਡਰ ਦੇ ਕੇ ਉਹ ਆਪਸ ਵਿੱਚ ਬੈਠ ਕੇ ਗੱਲਾਂ ਕਰਨ ਲੱਗੇ।
‘‘ਪਾਪਾ ਕਿੰਨਾ ਵਧੀਆ ਮਾਹੌਲ ਐ ਇੱਥੋਂ ਦਾ!’’
‘‘ਹਾਂ ਬੇਟਾ!’’
‘‘ਮੰਮੀ! ਕਿੰਨੀ ਹਰਿਆਲੀ ਐ!’’ ਨੇਹਾ ਆਲੇ ਦੁਆਲੇ ਦੇਖ ਕੇ ਬੋਲੀ।
‘‘ਬੇਟਾ ਇਸੇ ਹਰਿਆਲੀ ਨੇ ਹੀ ਸਭ ਬਚਾ ਕੇ ਰੱਖੇ ਹੋਏ ਨੇ। ਜੇ ਹਰਿਆਲੀ ਨਾ ਹੋਵੇ ਤਾਂ ਆਪਾਂ ਵੀ ਨਾ ਹੋਈਏ। ਦੇਖ ਕਿੰਨੇ ਸੋਹਣੇ ਸੋਹਣੇ ਦਰੱਖਤ ਲੱਗੇ ਹੋਏ ਨੇ।’’
‘‘ਇਹ ਲੋਕ ਸਿਆਣੇ ਨੇ ਜਿਨ੍ਹਾਂ ਨੇ ਇੰਨੇ ਦਰੱਖਤ ਲਾ ਰੱਖੇ ਨੇ, ਆਪਣੇ ਤਾਂ ਹੁਣ ਸਫ਼ਾਈ ਹੀ ਕੀਤੀ ਪਈ ਹੈ।’’
‘‘ਆਪਣੇ ਤਾਂ ਦਰੱਖਤ ਲਾਉਣ ਵਾਲੇ ਪਹਿਲਾਂ ਲਾ ਦਿੰਦੇ ਨੇ ਤੇ ਫਿਰ ਆਪ ਹੀ ਵੱਢ ਕੇ ਲੈ ਜਾਂਦੇ ਨੇ।’’ ਰੋਹਨ ਬੋਲਿਆ।
‘‘ਹਾਂ! ਬਿਲਕੁਲ ਠੀਕ।’’
ਇੰਨੇ ਨੂੰ ਚਾਹ ਤਿਆਰ ਹੋ ਕੇ ਆ ਗਈ। ਉਨ੍ਹਾਂ ਨੇ ਚਾਹ ਨਾਲ ਕੁਝ ਖਾਣ ਪੀਣ ਦਾ ਸਾਮਾਨ ਵੀ ਲਿਆ ਅਤੇ ਆਨੰਦ ਨਾਲ ਚਾਹ ਪੀਣ ਲੱਗੇ। ਸਾਰੇ ਖ਼ੁਸ਼ ਸਨ ਕਿਉਂਕਿ ਗਰਮੀ ਨਾਂਮਾਤਰ ਹੀ ਸੀ ਪਰ ਪੱਖੇ ਹਲਕੇ ਹਲਕੇ ਚੱਲ ਰਹੇ ਸਨ। ਹੋਰ ਲੋਕ ਵੀ ਚਾਹ ਦਾ ਆਨੰਦ ਲੈ ਰਹੇ ਸਨ। ਉਨ੍ਹਾਂ ਨੇ ਹੋਰ ਸਾਮਾਨ ਵੀ ਲਿਆ ਤਾਂ ਕਿ ਰਸਤੇ ਵਿੱਚ ਖਾਧਾ ਪੀਤਾ ਜਾ ਸਕੇ। ਇਸ ਵਿੱਚ ਬਿਸਕੁਟ, ਨਮਕੀਨ ਆਦਿ ਸਾਮਾਨ ਸੀ। ਸਾਮਾਨ ਵਾਲਾ ਥੈਲਾ ਫੜਾਉਂਦੇ ਹੋਏ ਦੁਕਾਨਦਾਰ ਨੇ ਪੁੱਛਿਆ, ‘‘ਸਰ ਕਿੱਥੋਂ ਆਏ ਹੋ?’’
‘‘ਪੰਜਾਬ ਸੇ।’’
‘‘ਸਰ ਮੈਨੂੰ ਪੰਜਾਬੀ ਵਧੀਆ ਆਉਂਦੀ ਹੈ। ਜੇਕਰ ਤੁਸੀਂ ਪੰਜਾਬੀ ਵਿੱਚ ਗੱਲ ਕਰੋਗੇ ਤਾਂ ਮੈਨੂੰ ਵਧੀਆ ਲੱਗੇਗਾ।’’
ਰੋਹਨ ਹੱਸ ਪਿਆ ਤੇ ਬਾਕੀ ਪਰਿਵਾਰ ਵੀ ਹੱਸਣ ਲੱਗਾ।
‘‘ਅੰਕਲ ਇੱਥੇ ਪੰਜਾਬੀ ਵੀ ਚੱਲਦੀ ਐ?’’
‘‘ਹਾਂ ਬੇਟੇ, ਪੰਜਾਬੀ ਹਰ ਥਾਂ ਮਿਲ ਜਾਂਦੇ ਨੇ ਅਤੇ ਸਾਡੀ ਮਾਂ ਬੋਲੀ ਪੰਜਾਬੀ ਹੈ। ਸਾਨੂੰ ਪੰਜਾਬੀ ਹੋਣ ’ਤੇ ਮਾਣ ਕਰਨਾ ਚਾਹੀਦਾ ਹੈ।’’ ਹੋਟਲ ਦਾ ਮਾਲਕ ਬੋਲਿਆ।
ਰੋਹਨ ਅਤੇ ਬਾਕੀ ਪਰਿਵਾਰ ਨੂੰ ਹੋਟਲ ਵਾਲੇ ਦੀਆਂ ਗੱਲਾਂ ਵਧੀਆ ਲੱਗੀਆਂ ਅਤੇ ਉਹ ਹੱਸ ਹੱਸ ਗੱਲਾਂ ਕਰਨ ਲੱਗ ਪਏ। ਹੋਟਲ ਦੇ ਮਾਲਕ ਨੇ ਉਨ੍ਹਾਂ ਨੂੰ ਪੁੱਛਿਆ, ‘‘ਸਰ ਤੁਸੀਂ ਪਹਿਲੀ ਵਾਰ ਆਏ ਹੋ?’’
‘‘ਹਾਂ ਇਧਰ ਤਾਂ ਪਹਿਲੀ ਵਾਰੀ ਆਏ ਹਾਂ।’’
‘‘ਮੇਰੀ ਗੱਲ ਧਿਆਨ ਨਾਲ ਸੁਣੋ!’’
‘‘ਦੱਸੋ ਜਿਹੜੀ ਗੱਲ ਦੱਸਣੀ ਐਂ!’’
‘‘ਗੱਲ ਇਹ ਹੈ ਕਿ ਤੁਸੀਂ ਇੱਥੇ ਹਰ ਸਮੇਂ ਕੈਮਰੇ ਦੀ ਨਿਗਰਾਨੀ ਵਿੱਚ ਹੋ। ਇੱਥੇ ਥਾਂ ਥਾਂ ਕੈਮਰੇ ਲੱਗੇ ਹੋਏ ਨੇ। ਗ਼ਲਤੀ ਨਾਲ ਵੀ ਗ਼ਲਤ ਪਾਰਕਿੰਗ ਨਹੀਂ ਕਰਨੀ ਅਤੇ ਨਾ ਹੀ ਕੂੜਾ ਕਰਕਟ ਸੁੱਟਣਾ ਹੈ। ਇੱਥੋਂ ਦੇ ਕਾਨੂੰਨ ਬਹੁਤ ਸਖ਼ਤ ਨੇ। ਜੋ ਸਾਮਾਨ ਤੁਸੀਂ ਖ਼ਰੀਦਿਆ ਹੈ, ਇਹ ਸਾਰੇ ਖ਼ਾਲੀ ਲਿਫਾਫਿਆਂ ਨੂੰ ਕੂੜੇਦਾਨਾਂ ਵਿੱਚ ਹੀ ਸੁੱਟਣਾ ਹੈ, ਨਹੀਂ ਤਾਂ ਭਾਰੀ ਜੁਰਮਾਨਾ ਭਰਨਾ ਪਊ।’’
‘‘ਅੱਛਾ ਜੀ।’’
‘‘ਬਿਲਕੁਲ। ਜੇ ਅਜਿਹੀ ਗ਼ਲਤੀ ਹੁੰਦੀ ਹੈ ਤਾਂ ਨਾਲੇ ਤਾਂ ਮੂਡ ਖ਼ਰਾਬ ਹੋਵੇਗਾ ਅਤੇ ਨਾਲ ਹੀ ਇਹ ਪ੍ਰਣ ਕਰੋਗੇ ਕਿ ਮੁੜਕੇ ਇੱਧਰ ਨੂੰ ਨੱਕ ਨਹੀਂ ਕਰਾਂਗੇ।’’
‘‘ਅਜਿਹੀ ਗੱਲ ਨਹੀਂ ਅਸੀਂ ਵੀ ਘਰਾਂ ਵਿੱਚ ਕੂੜੇ ਲਈ ਅਲੱਗ-ਅਲੱਗ ਡਸਟਬਿਨ ਲਾਏ ਹੋਏ ਨੇ।’’
‘‘ਫਿਰ ਤਾਂ ਬਹੁਤ ਵਧੀਆ ਹੈ।’’
‘‘ਹਾਂ! ਜੀ। ਫਿਰ ਵੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।’’
‘‘ਜੇ ਤੁਸੀਂ ਚਾਹੋ ਤਾਂ ਇੱਥੋਂ ਥੋੜ੍ਹੀ ਦੂਰ ਇੱਕ ਜਗ੍ਹਾ ਹੈ ਜੋ ਬਹੁਤ ਹੀ ਸੁੰਦਰ ਹੈ। ਉਸ ਨੂੰ ਦੇਖ ਕੇ ਵੀ ਤੁਸੀਂ ਆਨੰਦ ਮਾਣ ਸਕਦੇ ਹੋ।’’ ਹੋਟਲ ਵਾਲੇ ਨੇ ਹੱਥ ਦੇ ਇਸ਼ਾਰੇ ਨਾਲ ਹੀ ਉਨ੍ਹਾਂ ਨੂੰ ਉਸ ਥਾਂ ਵੱਲ ਜਾਣ ਲਈ ਕਿਹਾ।
ਗੱਡੀ ਬੰਦ ਕਰਕੇ ਉਹ ਪੈਦਲ ਹੀ ਉਸ ਜਗ੍ਹਾ ਵੱਲ ਤੁਰ ਪਏ। ਜਦੋਂ ਉਸ ਥਾਂ ’ਤੇ ਪਹੁੰਚੇ ਤਾਂ ਉਨ੍ਹਾਂ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ। ਉਸ ਰਮਣੀਕ ਥਾਂ ਉੱਤੇ ਬਹੁਤ ਸਾਰੇ ਲੋਕ ਪਹੁੰਚੇ ਹੋਏ ਸਨ। ਕੁਝ ਲੋਕ ਉੱਥੇ ਬੈਠੇ ਯੋਗ ਕਰ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਗੌਰਵ, ਉਸ ਦੀ ਪਤਨੀ ਅਨੀਤਾ ਅਤੇ ਦੋਵੇਂ ਬੱਚੇ ਵੀ ਘਾਹ ਉੱਤੇ ਬੈਠ ਕੇ ਯੋਗ ਕਰਨ ਲੱਗੇ। ਉੱਥੋਂ ਦੇ ਫੁੱਲ ਦੇਖ ਕੇ ਸਭ ਦਾ ਮਨ ਖ਼ੁਸ਼ ਹੋ ਗਿਆ। ਰੋਹਨ ਨੇ ਫੁੱਲਾਂ ਦੀ ਸੁੰਦਰਤਾ ਦੇਖ ਕੇ ਆਪਣੇ ਪਿਤਾ ਨੂੰ ਪੁੱਛਿਆ, ‘‘ਫੁੱਲ ਤੋੜ ਲਵਾਂ?’’
‘‘ਨਹੀਂ ਬੇਟੇ, ਫੁੱਲ ਸੁੰਘਣ ਅਤੇ ਮਾਨਣ ਦੀ ਵਸਤੂ ਹੁੰਦੇ ਨੇ। ਬਾਕੀ ਉਹ ਸਾਹਮਣੇ ਦੇਖ ਕੀ ਲਿਖਿਆ ਹੈ, ‘‘ਫੁੱਲ ਤੋੜਨਾ ਮਨ੍ਹਾਂ ਹੈ।’’
ਰੋਹਨ ਥੋੜ੍ਹਾ ਜਿਹਾ ਉਦਾਸ ਹੋ ਗਿਆ, ਪਰ ਬੋਲਿਆ ਕੁਝ ਨਾ। ਉਨ੍ਹਾਂ ਨੇ ਥੋੜ੍ਹੀ ਜਿਹੀ ਦੂਰ ਦੇਖਿਆ ਤਾਂ ਉੱਥੇ ਇੱਕ ਨਦੀ ਵੀ ਵਹਿੰਦੀ ਸੀ। ਉਸ ਦਾ ਸੁੰਦਰ ਅਤੇ ਸਵੱਛ ਨੀਲਾ ਪਾਣੀ ਬਹੁਤ ਹੀ ਸੋਹਣਾ ਲੱਗ ਰਿਹਾ ਸੀ। ਪ੍ਰਦੂਸ਼ਣ ਰਹਿਤ ਪਾਣੀ ਦੇਖ ਕੇ ਉਹ ਬਹੁਤ ਖ਼ੁਸ਼ ਹੋਏ ਤਾਂ ਅਨੀਤਾ ਨੇ ਗੌਰਵ ਨੂੰ ਨਦੀ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਦੇਖੋ ਜੀ ਕਿੰਨਾ ਸਾਫ਼ ਪਾਣੀ ਹੈ ਤੇ ਕਿੰਨਾ ਸੋਹਣਾ ਲੱਗਦਾ ਹੈ।’’
‘‘ਹਾਂ ਬਹੁਤ ਹੀ ਵਧੀਆ ਹੈ।’’ ਗੌਰਵ ਬੋਲਿਆ
‘‘ਆਪਣੇ ਸ਼ਹਿਰ ਵਾਲੇ ਸੂਏ ਵਿੱਚ ਪਾਣੀ ਬਹੁਤ ਗੰਦਾ ਹੁੰਦਾ ਹੈ।’’
‘‘ਬੇਟੇ ਪਾਣੀ ਤਾਂ ਸਾਫ਼ ਹੀ ਹੁੰਦਾ ਹੈ ਪਰ ਕੁਝ ਲੋਕ ਗੰਦਾ ਕਰ ਦਿੰਦੇ ਨੇ।’’
‘‘ਕਿਵੇਂ?’’ ਨੇਹਾ ਨੇ ਪੁੱਛਿਆ।
‘‘ਕਾਰਖਾਨਿਆਂ ਦਾ ਕੂੜਾ ਕਰਕਟ ਅਤੇ ਹੋਰ ਚੀਜ਼ਾਂ ਪਾਣੀ ਵਿੱਚ ਸੁੱਟਣ ਨਾਲ ਪਾਣੀ ਗੰਦਾ ਹੋ ਜਾਂਦਾ ਹੈ।’’
ਗੌਰਵ ਦੀ ਗੱਲ ਸੁਣ ਕੇ ਸਾਰੇ ਚੁੱਪ ਕਰ ਗਏ, ਪਰ ਰੋਹਨ ਨੇ ਪੁੱਛਿਆ, ‘‘ਕੀ ਹਰਿਆਲੀ ਤੇ ਸੁੰਦਰਤਾ ਆਪਣੇ ਇਲਾਕੇ ਵਿੱਚ ਨਹੀਂ ਹੋ ਸਕਦੀ?’’
‘‘ਬਿਲਕੁਲ ਹੋ ਸਕਦੀ ਹੈ, ਜੇਕਰ ਸਾਰੇ ਚਾਹੁਣ?’’ ਅਨੀਤਾ ਬੋਲੀ।
‘‘ਵਾਤਾਵਰਨ ਨੂੰ ਸਾਫ਼ ਰੱਖਣਾ ਸਾਡਾ ਸਭ ਦਾ ਫਰਜ਼ ਹੈ ਅਤੇ ਸਾਡੇ ਲਈ ਫਾਇਦੇਮੰਦ ਵੀ ਹੈ ਕਿਉਂਕਿ ਸਾਫ਼ ਸੁਥਰੇ ਵਾਤਾਵਰਨ ਵਿੱਚ ਹੀ ਸਾਨੂੰ ਸ਼ੁੱਧ ਆਕਸੀਜਨ ਮਿਲੇਗੀ। ਸਭ ਤੋਂ ਪਹਿਲਾਂ ਅਸੀਂ ਆਪ ਕਸਮ ਖਾਈਏ ਕਿ ਅਸੀਂ ਤਨੋਂ ਮਨੋਂ ਹਰਿਆਲੀ ਤੇ ਸੁੰਦਰਤਾ ਲਿਆਉਣ ਲਈ ਯਤਨ ਕਰਾਂਗੇ।’’
ਉਨ੍ਹਾਂ ਚਾਰਾਂ ਨੇ ਇੱਕ ਦੂਜੇ ਦੇ ਹੱਥ ਉੱਤੇ ਹੱਥ ਮਾਰ ਕੇ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ।

Advertisement

ਸੰਪਰਕ: 94630-20766

Advertisement

Advertisement
Author Image

sukhwinder singh

View all posts

Advertisement