ਪ੍ਰਦੂਸ਼ਣ ਨਾਲ ਨਜਿੱਠਣ ਲਈ ‘ਗਰੀਨ ਵਾਰ ਰੂਮ’ ਸਥਾਪਤ
ਨਵੀਂ ਦਿੱਲੀ, 30 ਸਤੰਬਰ
ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਨੂੰ ਰੋਕਣ ਦੇ ਮਕਸਦ ਨਾਲ ਆਪਣੀ 21 ਨੁਕਾਤੀ ਸਰਦ ਰੁੱਤ ਕਾਰਜ ਯੋਜਨਾ ਲਾਗੂ ਕਰਨ ਲਈ ਚੌਵੀ ਘੰਟੇ ਸਰਗਰਮ ਰਹਿਣ ਵਾਲਾ ‘ਗਰੀਨ ਵਾਰ ਰੂਮ’ ਸਥਾਪਤ ਕੀਤਾ ਹੈ। ਦਿੱਲੀ ਸਰਕਾਰ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਇਹ ਜਾਣਕਾਰੀ ਦਿੱਤੀ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਏ ਨੇ ਕਿਹਾ ਕਿ ਅੱਠ ਵਾਤਾਵਰਨ ਮਾਹਿਰਾਂ ਦੀ ਟੀਮ ਵਾਰ ਰੂਮ ਦਾ ਪ੍ਰਬੰਧਨ ਕਰੇਗੀ, ਜਿਨ੍ਹਾਂ ’ਚੋਂ ਸੱਤ ਨੂੰ ਮੁੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਰਾਏ ਨੇ ਕਿਹਾ ਕਿ ਇਸ ਸਾਲ ਵਾਰ ਰੂਮ ਨੂੰ ਸੌਂਪੇ ਗਏ ਨਵੇਂ ਕੰਮਾਂ ਵਿੱਚ ਡਰੋਨ ਮੈਪਿੰਗ ਦਾ ਵਿਸ਼ਲੇਸ਼ਣ ਕਰਨਾ ਅਤੇ ਅਸਲ ਸਮੇਂ ਵਿੱਚ ਸਰੋਤ ਵੰਡ ਅਧਿਐਨ ਕਰਨਾ ਸ਼ਾਮਲ ਹੈ।
ਮੰਤਰੀ ਨੇ ਕਿਹਾ, ‘ਵਾਰ ਰੂਮ 13 ਪ੍ਰਦੂਸ਼ਣ ਹੌਟਸਪੌਟਸ ਤੋਂ ਜਾਣਕਾਰੀ ਦੇ ਨਾਲ-ਨਾਲ ਪਰਾਲੀ ਸਾੜਨ ਬਾਰੇ ਸੈਟੇਲਾਈਟ ਡੇਟਾ ਦਾ ਵਿਸ਼ਲੇਸ਼ਣ ਕਰੇਗਾ।’ ਇਸ ਤੋਂ ਇਲਾਵਾ ਇਹ ਹਵਾ ਦੀ ਗੁਣਵੱਤਾ ਸੂਚਕਾਂਕ ਡੇਟਾ ਦੀ ਨਿਗਰਾਨੀ ਕਰੇਗਾ ਅਤੇ ਦਿੱਲੀ ਸਰਕਾਰ ਵੱਲੋਂ ਪ੍ਰਬੰਧਿਤ 24 ਪ੍ਰਦੂਸ਼ਣ ਨਿਗਰਾਨੀ ਸਟੇਸ਼ਨਾਂ ਤੋਂ ਜਾਣਕਾਰੀ ਦਾ ਮੁਲਾਂਕਣ ਕਰੇਗਾ। ਪ੍ਰਦੂਸ਼ਣ ਘਟਾਉਣ ਲਈ ਨਕਲੀ ਬਾਰੇ ਰਾਏ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਦੁਬਾਰਾ ਮਨਜ਼ੂਰੀ ਮੰਗਣਗੇ ਕਿਉਂਕਿ ਉਨ੍ਹਾਂ ਦੀ ਪਿਛਲੀ ਅਪੀਲ ਦਾ ਕੋਈ ਜਵਾਬ ਨਹੀਂ ਮਿਲਿਆ ਸੀ। ਪਹਿਲੀ ਸਤੰਬਰ ਨੂੰ ਰਾਏ ਨੇ ਕੇਂਦਰ ਨੂੰ ਸਰਦੀਆਂ ਦੌਰਾਨ ਉਸ ਵੇਲੇ ਨਕਲੀ ਮੀਂਹ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ, ਜਦੋਂ ਸ਼ਹਿਰ ਦੀ ਹਵਾ ਦੀ ਗੁਣਵੱਤਾ ਕਾਫੀ ਖਰਾਬ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਰਾਏ ਨੇ ਸ਼ਹਿਰ ਦੀ ਸਰਦ ਰੁੱਤ ਕਾਰਜ ਯੋਜਨਾ ਦਾ ਖੁਲਾਸਾ ਕੀਤਾ ਜਿਸ ਵਿੱਚ ਡਰੋਨ ਨਿਗਰਾਨੀ, ਐਂਟੀ-ਡਸਟ ਮੁਹਿੰਮ, ਟਾਸਕ ਫੋਰਸ ਕਾਇਮ ਕਰਨੀ, ਸੜਕ-ਸਫਾਈ ਮਸ਼ੀਨਾਂ ਅਤੇ ‘ਮਿਲ ਕੇ ਚੱਲੋ, ਪ੍ਰਦੂਸ਼ਣ ਨਾਲ ਲੜੋ’ ਥੀਮ ਤਹਿਤ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ 200 ਮੋਬਾਈਲ ਐਂਟੀ-ਸਮੋਗ ਗੰਨਾਂ ਦੀ ਤਾਇਨਾਤੀ ਸਮੇਤ 21 ਫੋਕਸ ਪੁਆਇੰਟ ਸ਼ਾਮਲ ਹਨ। -ਪੀਟੀਆਈ
ਦਿੱਲੀ ਵਾਸੀਆਂ ਨੂੰ ‘ਗ੍ਰੀਨ ਦਿੱਲੀ’ ਐਪ ਦੀ ਵਰਤੋਂ ਕਰਨ ਦੀ ਅਪੀਲ
ਗੋਪਾਲ ਰਾਏ ਨੇ ਦਿੱਲੀ ਵਾਸੀਆਂ ਨੂੰ ਗ੍ਰੀਨ ਦਿੱਲੀ ਐਪ ਦੀ ਵਰਤੋਂ ਕਰਕੇ ਪ੍ਰਦੂਸ਼ਣ ਖ਼ਿਲਾਫ਼ ਲੜਾਈ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਪ੍ਰਦੂਸ਼ਣ ਵਿੱਚ ਯੋਗਦਾਨ ਪਾਉਣ ਵਾਲੀ ਕਿਸੇ ਵੀ ਗਤੀਵਿਧੀ ਦੀਆਂ ਫੋਟੋਆਂ ਅਪਲੋਡ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ, ‘ਮੈਂ ਦਿੱਲੀ ਦੇ ਲੋਕਾਂ ਨੂੰ ਐਪ ਰਾਹੀਂ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਘਟਨਾਵਾਂ ਦੀ ਰਿਪੋਰਟ ਕਰਨ ਦੀ ਬੇਨਤੀ ਕਰਦਾ ਹਾਂ।’