ਹਰੀ ਨੌਂ ਕਤਲ ਕਾਂਡ: ਐੱਨਆਈਏ ਵੱਲੋਂ ਸ਼ੂਟਰਾਂ ਤੋਂ ਪੁੱਛ-ਪੜਤਾਲ
ਜਸਵੰਤ ਜੱਸ
ਫਰੀਦਕੋਟ, 14 ਨਵੰਬਰ
ਪਿੰਡ ਹਰੀ ਨੌਂ ਵਿੱਚ ਕਰੀਬ ਮਹੀਨਾ ਪਹਿਲਾਂ ਵਾਰਸ ਪੰਜਾਬ ਦੀ ਜਥੇਬੰਦੀ ਦੇ ਆਗੂ ਭਾਈ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਕਤਲ ਕਾਂਡ ਸਬੰਧੀ ਗ੍ਰਿਫਤਾਰ ਕੀਤੇ ਦੋ ਸ਼ੂਟਰਾਂ ਤੋਂ ਅੱਜ ਇੱਥੋਂ ਦੇ ਸੀਆਈਏ ਸਟਾਫ ਫਰੀਦਕੋਟ ਵਿੱਚ ਕੌਮੀ ਜਾਂਚ ਏਜੰਸੀ ਦੇ ਉੱਚ ਅਧਿਕਾਰੀਆਂ ਨੇ ਪੁੱਛ-ਪੜਤਾਲ ਕੀਤੀ।
ਦੱਸਣਯੋਗ ਹੈ ਕਿ ਨਵਜੋਤ ਸਿੰਘ ਅਤੇ ਅਨਮੋਲ ਪ੍ਰੀਤ ਸਿੰਘ ਵਾਸੀ ਬਰਨਾਲਾ ਨੂੰ ਜ਼ਿਲ੍ਹਾ ਪੁਲੀਸ ਫਰੀਦਕੋਟ ਅਤੇ ਸਟੇਟ ਅਪਰੇਸ਼ਨ ਸੈੱਲ ਪੰਜਾਬ ਨੇ 10 ਅਕਤੂਬਰ ਨੂੰ ਖਰੜ ਤੋਂ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੋਵਾਂ ਸ਼ੂਟਰਾਂ ਕੋਲੋਂ ਅਸਲਾ ਵੀ ਬਰਾਮਦ ਹੋਇਆ ਹੈ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਯੂਪੀ ਵਿੱਚ ਵੀ ਇੱਕ ਕਤਲ ਕੀਤਾ ਸੀ। ਇਹ ਦੋਵੇਂ ਸ਼ੂਟਰ ਫਰੀਦਕੋਟ ਪੁਲੀਸ ਕੋਲ ਰਿਮਾਂਡ ’ਤੇ ਹਨ ਅਤੇ ਇਨ੍ਹਾਂ ਤੋਂ ਗੁਰਪ੍ਰੀਤ ਕਤਲ ਕਾਂਡ ਬਾਰੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਦਰਮਿਆਨ ਕੌਮੀ ਜਾਂਚ ਏਜੰਸੀ ਦੇ ਦੋ ਉੱਚ ਅਧਿਕਾਰੀਆਂ ਨੇ ਅੱਜ ਸੀਆਈਏ ਸਟਾਫ ਵਿੱਚ ਇਨ੍ਹਾਂ ਸ਼ੂਟਰਾਂ ਤੋਂ ਪੁੱਛ ਪੜਤਾਲ ਕੀਤੀ। ਫੜੇ ਗਏ ਦੋਵੇਂ ਸ਼ੂਟਰ ਗੈਂਗਸਟਰ ਅਰਸ਼ ਢੱਲਾ ਨਾਲ ਸਬੰਧਿਤ ਹਨ ਜੋ ਇਸ ਵੇਲੇ ਕੈਨੇਡਾ ਵਿੱਚ ਹੈ। ਇਸ ਕਤਲ ਕਾਂਡ ਵਿੱਚ ਹੁਣ ਤੱਕ ਪੁਲੀਸ ਪੰਜ ਜਣਿਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਦੋਂ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਕਤਲ ਕਾਂਡ ਵਿੱਚ ਖਡੂਰ ਸਾਹਿਬ ਦੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਕਥਿਤ ਸਾਜਿਸ਼ਘਾੜੇ ਵਜੋਂ ਨਾਮਜ਼ਦ ਕੀਤਾ ਗਿਆ ਹੈ।