ਖਾਰੇ-ਲੂਣੇ ਪਾਣੀ ਦੀ ਮਾਰ ਤੋਂ ਬਚਾਉਂਦੀ ਹੈ ਹਰੀ ਖਾਦ
ਪ੍ਰਿਤਪਾਲ ਸਿੰਘ/ਨਵਨੀਤ ਕੌਰ/ਅੰਗਰੇਜ਼ ਸਿੰਘ*
ਪੰਜਾਬ ਵਿੱਚ ਸੰਘਣੀ ਖੇਤੀ, ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਅਤੇ ਲੰਮੇ ਸਮੇਂ ਤੋਂ ਅਪਣਾਏ ਜਾ ਰਹੇ ਝੋਨਾ-ਕਣਕ ਫ਼ਸਲੀ ਚੱਕਰ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਲਗਾਤਾਰ ਘਟ ਰਹੀ ਹੈ। ਪੰਜਾਬ ਵਿੱਚ ਲਗਪਗ 40% ਰਕਬੇ ’ਚ ਜ਼ਮੀਨ ਹੇਠਲੇ ਪਾਣੀ ਵਿੱਚ ਨਮਕ ਦੀ ਮਾਤਰਾ ਕਾਫ਼ੀ ਜ਼ਿਆਦਾ ਹੈ। ਸਿੰਜਾਈ ਲਈ ਵਰਤੇ ਜਾਂਦੇ ਧਰਤੀ ਹੇਠਲੇ ਲੂਣੇ ਜਾਂ ਖਾਰੇ ਪਾਣੀਆਂ ਕਰ ਕੇ ਵੀ ਜ਼ਮੀਨ ਦੀ ਸਿਹਤ ਅਤੇ ਫ਼ਸਲਾਂ ਦੇ ਝਾੜ ’ਤੇ ਮਾੜਾ ਅਸਰ ਪੈਂਦਾ ਹੈ। ਗਰਮੀਆਂ ਦੀ ਰੁੱਤ ਵਿਚ ਵਧੇਰੇ ਤਾਪਮਾਨ ਹੋਣ ਕਾਰਨ ਜ਼ਮੀਨ ਵਿਚਲਾ ਜੈਵਿਕ ਮਾਦਾ ਨਸ਼ਟ ਹੋ ਜਾਂਦਾ ਹੈ ਅਤੇ ਜ਼ਮੀਨ ਦੀ ਸਿਹਤ ਕਮਜ਼ੋਰ ਹੁੰਦੀ ਹੈ। ਜ਼ਮੀਨ ਦੀ ਸਿਹਤ ਖ਼ਰਾਬ ਹੋਣ ਨਾਲ ਖ਼ੁਰਾਕੀ ਤੱਤਾਂ ਦੀ ਉਪਲੱਬਧਤਾ ਘਟ ਜਾਂਦੀ ਹੈ ਅਤੇ ਸੂਖਮ ਤੱਤਾਂ ਜਿਵੇਂ ਲੋਹਾ, ਜ਼ਿੰਕ, ਮੈਂਗਨੀਜ਼ ਆਦਿ ਤੱਤਾਂ ਦੀ ਘਾਟ ਵਧ ਜਾਂਦੀ ਹੈ। ਫ਼ਸਲਾਂ ਤੋਂ ਲਗਾਤਾਰ ਚੰਗਾ ਝਾੜ ਲੈਣ ਲਈ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ (ਪੀਏਯੂ) ਦੀ ਖੋਜ ਦਰਸਾਉਂਦੀ ਹੈ ਕਿ ਹਰੀਆਂ ਖ਼ਾਦਾਂ ਦੀ ਵਰਤੋਂ ਨਾਲ ਫ਼ਸਲਾਂ ਦਾ ਝਾੜ ਵਧਦਾ ਹੈ, ਫ਼ਸਲਾਂ ਉੱਪਰ ਲੂਣੇ-ਖਾਰੇ ਪਾਣੀਆਂ ਦਾ ਮਾੜਾ ਅਸਰ ਘਟਦਾ ਹੈ ਅਤੇ ਜ਼ਮੀਨ ਦੀ ਸਿਹਤ ਵੀ ਸੁਧਰਦੀ ਹੈ। ਜ਼ਮੀਨ ਦੀ ਸਿਹਤ ਲਈ ਫ਼ਸਲੀ ਰਹਿੰਦ-ਖੂੰਹਦ, ਜੈਵਿਕ ਖ਼ਾਦਾਂ ਦੇ ਨਾਲ-ਨਾਲ ਹਰੀ ਖਾਦ ਨੂੰ ਜ਼ਮੀਨ ’ਚ ਦਬਾਉਣਾ ਜ਼ਰੂਰੀ ਹੈ।
ਹਰੀ ਖਾਦ ਲਈ ਵਰਤੀਆਂ ਜਾਣ ਵਾਲੀਆਂ ਫਲੀਦਾਰ ਫ਼ਸਲਾਂ ਰਾਈਜ਼ੋਬੀਅਮ ਨਾਂ ਦੇ ਜੀਵਾਣੂ ਦੇ ਸੁਮੇਲ ਨਾਲ ਹਵਾ ਵਿੱਚੋਂ ਨਾਈਟ੍ਰੋਜਨ ਪੌਦੇ ਦੀਆਂ ਜੜ੍ਹਾਂ ਵਿਚਲੀਆਂ ਗੰਢਾਂ ਵਿੱਚ ਜਮ੍ਹਾਂ ਕਰ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੀਆਂ ਹਨ। ਪੀਏਯੂ ਵੱਲੋਂ ਢੈਂਚਾ (ਜੰਤਰ), ਸਣ, ਗੁਆਰਾ ਅਤੇ ਰਵਾਂਹ ਦੀ ਫ਼ਸਲ ਨੂੰ ਬਤੌਰ ਹਰੀ ਖਾਦ ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ; ਹਰੀ ਖਾਦ ਲਈ ਜੰਤਰ ਅਤੇ ਸਣ ਅਜਿਹੀਆਂ ਫ਼ਸਲਾਂ ਹਨ ਜੋ ਆਸਾਨੀ ਨਾਲ ਗਲ ਜਾਂਦੀਆਂ ਹਨ ਅਤੇ ਥੋੜ੍ਹੇ ਸਮੇਂ ਵਿੱਚ ਕਾਫ਼ੀ ਮਾਤਰਾ ਵਿੱਚ ਹਰੀ ਖਾਦ ਪੈਦਾ ਕਰਦੀਆਂ ਹਨ।
ਜ਼ਮੀਨ ਵਿੱਚ ਹਰੀ ਖਾਦ ਦਬਾਉਣ ਦੇ ਲਾਭ
- ਹਰੀਆਂ ਖ਼ਾਦਾਂ ਮੁੱਖ ਤੌਰ ’ਤੇ ਜ਼ਮੀਨ ਵਿੱਚ ਨਾਈਟ੍ਰੋਜਨ ਜਮ੍ਹਾਂ ਕਰਦੀਆਂ ਹਨ ਅਤੇ ਬਾਕੀ ਤੱਤ ਜਿਵੇਂ ਫ਼ਾਸਫ਼ੋਰਸ, ਪੋਟਾਸ਼, ਲੋਹਾ ਆਦਿ ਦੀ ਫ਼ਸਲਾਂ ਨੂੰ ਉਪਲੱਬਧਤਾ ਨੂੰ ਵਧਾਉਂਦੀਆਂ ਹਨ। ਇਸ ਲਈ ਜ਼ਮੀਨ ਵਿੱਚ ਹਰੀ ਖਾਦ ਦਬਾਉਣ ਨਾਲ, ਇਸ ਮਗਰੋਂ ਬੀਜੀ ਜਾਣ ਵਾਲੀ ਫ਼ਸਲ ਨੂੰ ਨਾਈਟ੍ਰੋਜਨ ਖਾਦ ਦੀ ਲੋੜ ਵੀ ਕਾਫ਼ੀ ਘਟ ਜਾਂਦੀ ਹੈ। ਜੇ ਝੋਨੇ ਦੀ ਫ਼ਸਲ ਤੋਂ ਪਹਿਲਾਂ ਹਰੀ ਖਾਦ ਜ਼ਮੀਨ ਵਿੱਚ ਵਾਹੀ ਜਾਵੇਂ ਤਾਂ ਝੋਨੇ ਵਿੱਚ 55 ਕਿਲੋ ਯੂਰੀਆ ਖਾਦ ਦੀ ਬੱਚਤ ਹੁੰਦੀ ਹੈ।
- ਜਿਨ੍ਹਾਂਂ ਜ਼ਮੀਨਾਂ ਵਿੱਚ ਹਰ ਸਾਲ ਲੋਹਾ ਤੱਤ ਦੀ ਘਾਟ ਆਉਂਦੀ ਹੋਵੇ, ਉੱਥੇ ਜੰਤਰ ਦੀ ਹਰੀ ਖਾਦ ਜ਼ਮੀਨ ਵਿੱਚ ਵਾਹੁਣ ਨਾਲ ਲੋਹਾ ਤੱਤ ਦੀ ਘਾਟ ਵੀ ਨਹੀਂ ਆਉਂਦੀ। ਛੋਟੇ ਤੱਤ ਇਸ ਰੂਪ ਵਿੱਚ ਆ ਜਾਂਦੇ ਹਨ ਜਿਸ ਨੂੰ ਪੌਦੇ ਆਸਾਨੀ ਨਾਲ ਲੈ ਸਕਦੇ ਹਨ।
- ਹਰੀ ਖਾਦ ਦੀ ਵਰਤੋਂ ਨਾਲ ਜ਼ਮੀਨ ਵਿੱਚ ਜੈਵਿਕ ਮਾਦੇ ਦਾ ਪੱਧਰ ਵਧਦਾ ਹੈ ਅਤੇ ਜ਼ਮੀਨ ਦੇ ਭੌਤਿਕ, ਰਸਾਇਣਕ ਅਤੇ ਜੈਵਿਕ ਗੁਣਾਂ ਵਿੱਚ ਸੁਧਾਰ ਹੁੰਦਾ ਹੈ।
- ਹਰੀ ਖਾਦ ਦੀ ਵਰਤੋਂ ਨਾਲ ਜ਼ਮੀਨ ਵਿੱਚ ਹਵਾ ਅਤੇ ਪਾਣੀ ਦਾ ਸੰਚਾਰ ਵੀ ਸਹੀ ਢੰਗ ਨਾਲ ਹੋਣ ਲਗਦਾ ਹੈ ਜਿਸ ਨਾਲ ਰੇਤਲੀਆਂ ਜ਼ਮੀਨਾਂ ਦੀ ਪਾਣੀ ਸੰਭਾਲ ਕੇ ਰੱਖਣ ਦੀ ਸਮਰੱਥਾ ਵਧਦੀ ਹੈ ਅਤੇ ਭਾਰੀਆਂ ਜ਼ਮੀਨਾਂ ਵਿੱਚ ਪਾਣੀ ਖੜ੍ਹਨ ਦੀ ਸਮੱਸਿਆ ਘਟਦੀ ਹੈ।
- ਇਸ ਨਾਲ ਜ਼ਮੀਨ ਦੀ ਉਪਰਲੀ ਉਪਜਾਊ ਤਹਿ ਦਾ ਹਵਾ ਅਤੇ ਪਾਣੀ ਨਾਲ ਰੁੜ੍ਹਨ ਦੀ ਸਮੱਸਿਆ ਵੀ ਘਟਦੀ ਹੈ।
- ਹਰ ਸਾਲ ਜ਼ਮੀਨ ਵਿੱਚ ਢੈਂਚੇ ਦੀ 6-8 ਹਫ਼ਤਿਆਂ ਦੀ ਫ਼ਸਲ ਦਬਾਉਣ ਨਾਲ ਝੋਨੇ ਵਿੱਚ ਲੋਹੇ ਦੀ ਘਾਟ ਵੀ ਨਹੀਂ ਆਉਂਦੀ।
- ਗਲਣ-ਸੜਨ ਉਪਰੰਤ ਹਰਾ ਮਾਦਾ ਜ਼ਮੀਨ ਵਿੱਚ ਕਈ ਤਰ੍ਹਾਂ ਦੇ ਤੇਜ਼ਾਬ ਪੈਦਾ ਕਰਦਾ ਹੈ ਜੋ ਜ਼ਮੀਨ ਦੇ ਕਲਰਾਠੇਪਣ ਨੂੰ ਘਟਾਉਂਦੇ ਹਨ।
ਹਰੀ ਖਾਦ ਦੀ ਕਾਸ਼ਤ ਲਈ ਨੁਕਤੇ
ਪੀਏਯੂ ਵੱਲੋਂ ਅਜਿਹੀਆਂ ਫ਼ਸਲਾਂ ਦੀ ਹਰੀ ਖਾਦ ਵਜੋਂ ਸਿਫ਼ਾਰਸ਼ ਕੀਤੀ ਗਈ ਹੈ ਜਿਨ੍ਹਾਂ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ ਅਤੇ ਵਧੇਰੇ ਬਨਾਸਪਤ ਮਾਦੇ ਸਦਕਾ ਇਹ ਫ਼ਸਲਾਂ ਜ਼ਮੀਨ ਵਿੱਚ ਵਧੇਰੇ ਜੈਵਿਕ ਮਾਦਾ ਪਾ ਸਕਦੀਆਂ ਹਨ। ਇਨ੍ਹਾਂ ਫ਼ਸਲਾਂ ਦੀਆਂ ਜੜ੍ਹਾਂ ਵਿੱਚ ਵੱਧ ਤੋਂ ਵੱਧ ਗੰਢ੍ਹਾਂ ਹੋਣ ਕਰ ਕੇ ਇਹ ਵਾਤਾਵਰਨ ਵਿਚਲੀ ਨਾਈਟ੍ਰੋਜਨ ਨੂੰ ਵਧੇਰੇ ਜਮ੍ਹਾਂ ਕਰਦੀਆਂ ਹਨ। ਇਨ੍ਹਾਂ ਫ਼ਸਲਾਂ ਨੂੰ ਕੀੜੇ-ਮਕੌੜਿਆਂ ਦਾ ਹਮਲਾ ਘੱਟ ਹੁੰਦਾ ਹੈ ਅਤੇ ਪਾਣੀ ਦੀ ਮੰਗ ਵੀ ਘੱਟ ਹੈ। ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਸਣ ਅਤੇ ਜੰਤਰ
ਵਿੱਚ ਖਾਰੀਆਂ ਅਤੇ ਤੇਜ਼ਾਬੀ ਹਾਲਤਾਂ ਨੂੰ ਸਹਿਣ ਕਰਨ ਦੀ ਸਮਰੱਥਾ ਹੋਣ ਕਰ ਕੇ ਇਹ ਫ਼ਸਲਾਂ ਖਾਰੀਆਂ ਅਤੇ ਤੇਜ਼ਾਬੀ ਜ਼ਮੀਨਾਂ ਦੀ ਸਿਹਤ ਸੁਧਾਰ ਲਈ ਜ਼ਿਆਦਾ ਢੁੱਕਵੀਆਂ ਹਨ।
ਢੈਂਚਾ: ਢੈਂਚੇ ਦੀ ਛੇਤੀ ਵਧਣ ਵਾਲੀ ਕਿਸਮ ਪੰਜਾਬ ਢੈਂਚਾ-1 ਦੀ ਕਾਸ਼ਤ ਅਪਰੈਲ ਤੋਂ ਜੁਲਾਈ ਤੱਕ ਕੀਤੀ ਜਾ ਸਕਦੀ ਹੈ। ਬਿਜਾਈ ਤੋਂ 45-60 ਦਿਨਾਂ ਬਾਅਦ ਇਸ ਦਾ ਕੱਦ 3-5 ਫੁੱਟ ਦੇ ਕਰੀਬ ਹੋ ਜਾਂਦਾ ਹੈ। ਜੇ 20 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਵੇ ਤਾਂ ਇਸ ਫ਼ਸਲ ਨੂੰ ਜ਼ਮੀਨ ਵਿੱਚ ਮਿਲਾਉਣ ਨਾਲ ਲਗਪਗ 50 ਕੁਇੰਟਲ ਤੋਂ 85 ਕੁਇੰਟਲ ਪ੍ਰਤੀ ਏਕੜ ਹਰ ਮਾਦਾ ਜ਼ਮੀਨ ਵਿੱਚ ਜਮ੍ਹਾਂ ਹੁੰਦਾ ਹੈ। ਢੈਂਚੇ ਦੀ ਬਿਜਾਈ 20 ਤੋਂ 22 ਸੈਂਟੀਮੀਟਰ ਦੀ ਦੂਰੀ ’ਤੇ ਕਤਾਰਾਂ ਵਿੱਚ ਬੀਜਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਫ਼ਸਲ ਦੀ ਬਿਜਾਈ ਸਮੇਂ 75 ਕਿਲੋ ਸਿੰਗਲ ਸੁਪਰ ਫਾਸਫੋਰਸ ਪਾ ਦਿਉ। ਜੇ ਹਾੜ੍ਹੀ ਦੀ ਫ਼ਸਲ ਵਿੱਚ ਸਿਫ਼ਾਰਸ਼ ਮੁਤਾਬਕ ਫਾਸਫੋਰਸ ਦੀ ਵਰਤੋਂ ਕੀਤੀ ਗਈ ਹੋਵੇ ਤਾਂ ਢੈਂਚੇ ਨੂੰ ਇਹ ਖਾਦ ਨਾ ਪਾਉ। ਫ਼ਸਲ ਨੂੰ ਜ਼ਮੀਨ ਦੀ ਕਿਸਮ ਅਤੇ ਤਾਪਮਾਨ ਮੁਤਾਬਕ 3-4 ਵਾਰੀ ਪਾਣੀ ਲਾਓ। ਅਪਰੈਲ ਵਿੱਚ ਬੀਜੇ ਢੈਂਚੇ ਨੂੰ ਅੱਧ ਜੂਨ ਤੱਕ ਖੇਤ ਵਿੱਚ ਵਾਹ ਦਿਉ। ਇਸ ਸਮੇਂ ਤੱਕ ਇਹ ਫ਼ਸਲ ਕਾਫ਼ੀ ਵਾਧਾ ਕਰ ਜਾਂਦੀ ਹੈ ਅਤੇ ਝੋਨੇ ਦੀ ਲੁਆਈ ਵੀ ਸਹੀ ਸਮੇਂ ’ਤੇ ਹੋ ਜਾਂਦੀ ਹੈ। ਖੇਤ ਵਿੱਚ ਝੋਨੇ ਜਾਂ ਬਾਸਮਤੀ ਦੀ ਲੁਆਈ ਤੋਂ 1-2 ਦਿਨ ਪਹਿਲਾਂ ਢੈਂਚੇ ਨੂੰ ਜ਼ਮੀਨ ਵਿੱਚ ਵਾਹ ਦਿਉ ਪਰ ਮੱਕੀ ਦੀ ਬਿਜਾਈ ਤੋਂ ਲਗਪਗ 10 ਦਿਨ ਪਹਿਲਾਂ ਹਰੀ ਖਾਦ ਨੂੰ ਜ਼ਮੀਨ ਵਿੱਚ ਵਾਹ ਦੇਣਾ ਚਾਹੀਦਾ ਹੈ ਤਾਂ ਜੋ ਉਹ ਚੰਗੀ ਤਰ੍ਹਾਂ ਗਲ-ਸੜ ਜਾਵੇ।
ਸਣ: ਸਣ ਹਰੀ ਖਾਦ ਵਜੋਂ ਵਰਤੀ ਜਾਣ ਵਾਲੀ ਫ਼ਲੀਦਾਰ ਫ਼ਸਲ ਹੈ ਜੋ ਛੇਤੀ ਵਧਣ ਦੀ ਯੋਗਤਾ ਰੱਖਦੀ ਹੈ। ਇਹ ਫ਼ਸਲ ਖਾਰੀਆਂ ਅਤੇ ਤੇਜ਼ਾਬੀ ਜ਼ਮੀਨੀ ਹਾਲਤਾਂ ਨੂੰ ਸਹਿਣ ਦੀ ਵੀ ਸਮੱਰਥਾ ਰੱਖਦੀ ਹੈ। ਇਹ ਫ਼ਸਲ ਲਗਪਗ 45-90 ਕੁਇੰਟਲ ਹਰਾ ਮਾਦਾ ਜ਼ਮੀਨ ਵਿੱਚ ਜਮ੍ਹਾਂ ਕਰਨ ਦੇ ਸਮਰੱਥ ਹੈ। ਸਣ ਦੀਆਂ ਪੀਏਯੂ-1691 ਅਤੇ ਨਰਿੰਦਰ ਸਨਈ-1 ਕਿਸਮਾਂ ਦੀ ਕਾਸ਼ਤ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀ ਗਈ ਹੈ। ਬਿਜਾਈ ਮਗਰੋਂ ਡੇਢ-ਦੋ ਮਹੀਨਿਆਂ ਦੌਰਾਨ ਹੀ ਇਹ ਕਿਸਮਾਂ ਲਗਪਗ 130-190 ਸੈਂਟੀਮੀਟਰ ਤੱਕ ਕੱਦ ਕਰ ਜਾਂਦੀਆਂ ਹਨ। ਇਨ੍ਹਾਂ ਕਿਸਮਾਂ ਦੀ ਕਾਸ਼ਤ ਅਪਰੈਲ ਤੋਂ ਜੁਲਾਈ ਦੌਰਾਨ ਕੀਤੀ ਜਾ ਸਕਦੀ ਹੈ। ਖੇਤ ਦੀ ਤਿਆਰੀ ਮਗਰੋਂ ਬਿਜਾਈ ਲਈ 20 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ 22.5 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿੱਚ ਜਾਂ ਛੱਟੇ ਨਾਲ ਕਰੋ। ਚੰਗੇ ਜੰਮ ਲਈ ਬੀਜ ਨੂੰ ਬਿਜਾਈ ਤੋਂ ਪਹਿਲਾਂ ਕੁੱਝ ਦੇਰ ਲਈ ਪਾਣੀ ਵਿੱਚ ਭਿਉਣ ਨਾਲ ਜੰਮ੍ਹ ਚੰਗਾ ਹੁੰਦਾ ਹੈ। ਫ਼ਸਲ ਦੀ ਬਿਜਾਈ ਸਮੇਂ ਪ੍ਰਤੀ ਏਕੜ 16 ਕਿਲੋ ਫਾਸਫੋਰਸ (100 ਕਿਲੋ ਸਿੰਗਲ ਸੁਪਰ ਫਾਸਫੋਰਸ) ਪਾਉਣ ਦੀ ਜ਼ਰੂਰਤ ਪੈਂਦੀ ਹੈ। ਇਸ ਫ਼ਸਲ ਨੂੰ ਜੰਤਰ ਦੇ ਮੁਕਾਬਲੇ ਘੱਟ ਸਿੰਜਾਈਆਂ ਦੀ ਜ਼ਰੂਰਤ ਹੈ; ਸੋ, ਜ਼ਮੀਨ ਦੀ ਕਿਸਮ ਅਤੇ ਮੌਸਮ ਅਨੁਸਾਰ 2-3 ਪਾਣੀ ਹੀ ਕਾਫ਼ੀ ਹਨ।
ਕਣਕ ਝੋਨੇ ਦੇ ਫ਼ਸਲੀ ਚੱਕਰ ’ਚ ਕਿਸਾਨਾਂ ਕੋਲ ਕਣਕ ਦੀ ਵਾਢੀ ਤੋਂ ਬਾਅਦ 20 ਜੂਨ ਤੱਕ ਦੋ ਮਹੀਨਿਆਂ ਦਾ ਸਮਾਂ ਹੁੰਦਾ ਹੈ ਜਿਸ ਦੌਰਾਨ ਜੰਤਰ ਜਾਂ ਸਣ ਦੀ ਹਰੀ ਖਾਦ ਕੀਤੀ ਜਾ ਸਕਦੀ ਹੈ। ਹਰੀ ਖਾਦ ਲਈ ਸਿਫ਼ਾਰਸ਼ ਕਿਸਮਾਂ ਦੀ ਕਾਸ਼ਤ ਕਰ ਕੇ ਅਤੇ ਹਰੀ ਖਾਦ ਨੂੰ ਜ਼ਮੀਨ ਵਿਚ ਮਿਲਾ ਕੇ ਕਿਸਾਨ ਨਾ ਸਿਰਫ਼ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਸਕਦੇ ਹਨ ਸਗੋਂ ਫ਼ਸਲਾਂ ਦਾ ਚੰਗਾ ਝਾੜ ਵੀ ਪ੍ਰਾਪਤ ਕਰ ਸਕਦੇ ਹਨ।
*ਫਾਰਮ ਸਲਾਹਕਾਰ ਸੇਵਾ ਕੇਂਦਰ, ਬਠਿੰਡਾ।