For the best experience, open
https://m.punjabitribuneonline.com
on your mobile browser.
Advertisement

ਹਰੀ ਖਾਦ ਦੀ ਕਾਸ਼ਤ: ਮਿੱਟੀ ਦੀ ਸਿਹਤ ’ਤੇ ਅਸਰ ਤੇ ਯੂਰੀਆ ਦੀ ਬੱਚਤ

08:01 AM May 18, 2024 IST
ਹਰੀ ਖਾਦ ਦੀ ਕਾਸ਼ਤ  ਮਿੱਟੀ ਦੀ ਸਿਹਤ ’ਤੇ ਅਸਰ ਤੇ ਯੂਰੀਆ ਦੀ ਬੱਚਤ
Advertisement

ਮਨਦੀਪ ਸਿੰਘ/ਗਗਨਦੀਪ ਧਵਨ/ਹਰਿੰਦਰ ਸਿੰਘ*

Advertisement

ਪੰਜਾਬ ਦੀ ਮਿੱਟੀ ਵਿੱਚ ਕੁਦਰਤੀ ਤੌਰ ’ਤੇ ਨਾਈਟ੍ਰੋਜਨ ਤੱਤ ਦੀ ਘਾਟ ਹੈ ਕਿਉਂਕਿ ਇਹ ਇੱਕ ਗਰਮ-ਖੰਡੀ ਅਰਧ-ਖੁਸ਼ਕ ਜਲਵਾਯੂ ਵਿੱਚ ਸਥਿਤ ਹੈ। ਇਸ ਕਾਰਨ ਮਿਟੀ ਵਿੱਚ ਜੈਵਿਕ ਪਦਾਰਥ ਬਹੁਤਾ ਚਿਰ ਜ਼ਮੀਨ ਵਿੱਚ ਜਮ੍ਹਾਂ ਨਹੀਂ ਰਹਿੰਦਾ ਤੇ ਇਹ ਜੈਵਿਕ ਪਦਾਰਥ ਮੱਟੀ ਵਿੱਚ ਨਾਈਟ੍ਰੋਜਨ ਦਾ ਇੱਕ ਮੁੱਢਲਾ ਸਰੋਤ ਹੈ। ਪੰਜਾਬ ਦੀ ਫ਼ਸਲੀ ਘਣਤਾ ਲਗਪਗ 190 ਫ਼ੀਸਦੀ ਹੈ, ਜਿਸ ਦਾ ਮਤਲਬ ਸਾਰੇ ਸਾਲ ਵਿੱਚ ਘੱਟ ਤੋਂ ਘੱਟ ਦੋ ਫ਼ਸਲਾਂ ਲਈਆਂ ਜਾਂਦੀਆਂ ਹਨ। ਹਾਲਾਂਕਿ, ਇਸ ਸੰਘਣੀ ਖੇਤੀ ਵਿੱਚ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਕਾਰਨ ਮਿੱਟੀ ਦੀ ਸਿਹਤ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਨਾਲ ਫ਼ਸਲ ਦੀ ਉਤਪਾਦਕਤਾ ਘੱਟ ਹੋ ਸਕਦੀ ਹੈ। ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਉੱਚ ਫ਼ਸਲ ਉਤਪਾਦਕਤਾ ਪ੍ਰਾਪਤ ਕਰਨ ਲਈ ਮਿੱਟੀ ਦੇ ਜੈਵਿਕ ਪਦਾਰਥਾਂ ਦੀ ਮਾਤਰਾ ਨੂੰ ਵਧਾਉਣਾ ਜ਼ਰੂਰੀ ਹੈ, ਜੋ ਕਿ ਏਕੀਕ੍ਰਿਤ ਪੋਸ਼ਕ ਪ੍ਰਬੰਧਨ ਦੁਆਰਾ ਕੀਤਾ ਜਾ ਸਕਦਾ ਹੈ, ਜਿਵੇਂ ਕਿ ਰਸਾਇਣਕ ਖਾਦਾਂ ਦੇ ਨਾਲ ਜੈਵਿਕ ਖਾਦ ਦੀ ਵਰਤੋਂ। ਜੈਵਿਕ ਖਾਦਾਂ ਜਿਵੇਂ ਕਿ ਰੂੜੀ ਖਾਦ, ਪੋਲਟਰੀ ਖਾਦ, ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸ਼ਾਮਲ ਕਰਨਾ ਜਾਂ ਹਰੀ ਖਾਦ ਨੂੰ ਰਸਾਇਣਕ ਖਾਦਾਂ ਨਾਲ ਮਿਲਾਇਆ ਜਾ ਸਕਦਾ ਹੈ। ਹਾਲਾਂਕਿ ਲੋੜੀਂਦੀ ਮਾਤਰਾ ਵਿੱਚ ਰੂੜੀ ਖਾਦ ਦੀ ਘਾਟ, ਪੋਲਟਰੀ ਖਾਦ ਦੀ ਉੱਚ ਲਾਗਤ ਅਤੇ ਪਰਾਲੀ ਦੇ ਵੱਧ ਕਾਰਬਨ/ ਨਾਈਟ੍ਰੋਜਨ ਅਨੁਪਾਤ ਦੇ ਕਾਰਨ, ਹਰੀ ਖਾਦ ਮਿੱਟੀ ਦੀ ਸਿਹਤ ਅਤੇ ਫ਼ਸਲ ਦੀ ਉਤਪਾਦਕਤਾ ਵਿੱਚ ਸੁਧਾਰ ਲਈ ਵਿਹਾਰਕ ਵਿਕਲਪ ਹੋ ਸਕਦੀ ਹੈ।
ਹਰੀ ਖਾਦ ਦੀ ਮਹੱਤਤਾ: ਹਰੀ ਖਾਦ ਤੋਂ ਮਤਲਬ ਹੈ ਘੱਟ ਕਾਰਬਨ, ਨਾਈਟ੍ਰੋਜਨ ਅਨੁਪਾਤ ਵਾਲੀ ਕੋਈ ਵੀ ਯੋਗ ਫਲੀਦਾਰ ਫ਼ਸਲ ਜਿਵੇਂ ਕਿ ਜੰਤਰ/ਢੈਂਚਾ, ਸਣ, ਰਵਾਂਹ ਉਗਾਉਣਾ ਅਤੇ ਠੀਕ ਸਮੇਂ ’ਤੇ ਉਸ ਨੂੰ ਖੇਤ ਵਿੱਚ ਵਾਹ ਕੇ ਦਬਾ ਦੇਣਾ। ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਲਗਾਤਾਰ ਕਾਸ਼ਤ ਕਰਨ ਲਈ ਲੋੜੀਂਦੀ ਮਾਤਰਾ ਵਿੱਚ ਦੇਸੀ ਖਾਦਾਂ ਦੀ ਉਪਲਬਧਤਾ ਨਾ ਹੋਣ ਕਾਰਨ ਹਰੀਆਂ ਖਾਦਾਂ ਦੀ ਵਰਤੋਂ ਕਰਨਾ ਸਮੇਂ ਦੀ ਮੁੱਖ ਲੋੜ ਹੈ। ਹਰੀਆਂ ਖਾਦਾਂ ਦੀ ਵੱਖ-ਵੱਖ ਫ਼ਸਲੀ ਚੱਕਰਾਂ ਵਿੱਚ ਵਰਤੋਂ ਖ਼ੁਰਾਕੀ ਤੱਤਾਂ ਦੀ ਮਿੱਟੀ ਵਿੱਚ ਸੰਭਾਲ ਕਰਨ ਅਤੇ ਮੱਲੜ ਉਪਰੰਤ ਨਾਈਟ੍ਰੋਜਨ ਦੀ ਮਾਤਰਾ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਉਪਲਬਧਤਾ ਵੀ ਵਧਾਉਂਦੀ ਹੈ। ਸਾਲ ਦੇ ਕਈ ਮਹੀਨਿਆਂ (ਕਣਕ ਦੀ ਵਾਢੀ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਦਾ ਸਮਾਂ) ਵਿੱਚ ਜਦੋਂ ਕੋਈ ਵੀ ਫ਼ਸਲ ਨਹੀਂ ਬੀਜੀ ਹੁੰਦੀ ਤਾਂ ਹਰੀ ਖਾਦ ਦੀ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ-ਨਾਲ ਮਿੱਟੀ ਦੀ ਉਪਰਲੀ ਤਹਿ ਨੂੰ ਸੁਰੱਖਿਅਤ ਰੱਖਦੀ ਹੈ। ਹਰੀਆਂ ਖਾਦਾਂ ਵਿੱਚ ਜੈਵਿਕ ਮਾਦਾ ਅਤੇ ਨਾਈਟ੍ਰੋਜਨ ਦਾ ਅਨੁਪਾਤ ਘੱਟ ਹੋਣ ਕਾਰਨ ਜ਼ਮੀਨ ਵਿਚਲੇ ਸੂਖਮ ਜੀਵ ਇਸ ਦੇ ਕੋਮਲ ਤਣੇ ਅਤੇ ਪੱਤਿਆਂ ਨੂੰ ਛੇਤੀ ਗਲਾਉਣ ਵਿੱਚ ਮਦਦ ਕਰਦੇ ਹਨ ਅਤੇ ਇਸ ਦੀਆਂ ਜੜ੍ਹਾਂ ਵਿਚਲੇ ਬੈਕਟੀਰੀਆ ਹਵਾ ਵਿੱਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿੱਚ ਨਾਈਟ੍ਰੋਜਨ ਤੱਤ ਦਾ ਵਾਧਾ ਕਰਦਾ ਹੈ। ਹਰੀਆਂ ਖਾਦਾਂ ਜ਼ਮੀਨ ਵਿੱਚ ਵਾਹੁਣ ਦੇ ਨਾਲ ਜ਼ਮੀਨ ਦਾ ਜੈਵਿਕ ਮਾਦਾ ਵਧਦਾ ਹੈ ਜੋ ਕਿ ਮਿੱਟੀ ਦੇ ਭੌਤਿਕ ਗੁਣ ਜਿਵੇਂ ਕਿ ਮਿੱਟੀ ਦੀ ਬਣਤਰ, ਵਧੇਰੇ ਪਾਣੀ ਸੰਭਾਲਣ ਅਤੇ ਮਿੱਟੀ ਵਿੱਚ ਪਾਣੀ ਜੀਰਨ ਦੀ ਸਮਰੱਥਾ ਨੂੰ ਵਧਾਉਣ ਵਿੱਚ ਸਹਾਈ ਹੁੰਦਾ ਹੈ। ਮੁੱਖ ਫ਼ਸਲ ਨਾਲੋਂ ਹਰੀ ਖਾਦ ਦੀ ਫ਼ਸਲ ਫਾਸਫੋਰਸ ਅਤੇ ਲਘੂ ਤੱਤ ਘੱਟ ਲੈਂਦੀ ਹੈ ਅਤੇ ਜ਼ਮੀਨ ਵਿੱਚ ਵਾਹੁਣ ਮਗਰੋਂ ਗਲਣ ਸੜਨ ਉਪਰੰਤ ਇਹ ਖ਼ੁਰਾਕੀ ਤੱਤ ਮੁੱਖ ਫ਼ਸਲ ਨੂੰ ਉਪਲੱਬਧ ਹੋ ਜਾਂਦੇ ਹਨ। ਗਲਣ-ਸੜਨ ਦੀ ਪ੍ਰਕਿਰਿਆ ਦੇ ਦੌਰਾਨ ਕੁਝ ਹਲਕੇ ਤੇਜ਼ਾਬ ਜ਼ਮੀਨ ਵਿਚਲੇ ਅਘੁਲਣਸ਼ੀਲ ਤੱਤਾਂ ਨੂੰ ਘੁਲਣਸ਼ੀਲ ਬਣਾ ਕੇ ਫ਼ਸਲਾਂ ਨੂੰ ਮੁਹੱਈਆ ਕਰਵਾਉਂਦੇ ਹਨ, ਜਿਵੇ ਕੀ ਵੱਧ ਕੈਲਸ਼ੀਅਮ ਵਾਲੀਆਂ ਜ਼ਮੀਨਾਂ ਵਿੱਚ ਹਰੀ ਖਾਦ ਦੀ ਵਰਤੋਂ ਫਾਸਫੋਰਸ ਦੀ ਮਾਤਰਾ ਨੂੰ ਵਧਾਉਂਦੀ ਹੈ। ਇਸ ਲਈ ਸਾਰੇ ਖ਼ੁਰਾਕੀ ਤੱਤਾਂ ਨੂੰ ਸਹੀ ਅਨੁਪਾਤ ਵਿੱਚ ਜ਼ਮੀਨ ਵਿੱਚ ਪਾਉਣ ਲਈ ਜ਼ਰੂਰੀ ਹੈ ਕਿ ਰਸਾਇਣਿਕ ਖਾਦਾਂ ਦੇ ਨਾਲ-ਨਾਲ ਜੈਵਿਕ ਖਾਦਾਂ ਵੀ ਵਰਤੀਆਂ ਜਾਣ। ਹਰੀ ਖਾਦ ਦੀ ਫ਼ਸਲ ਦੀ ਚੋਣ ਕਰਨ ਵੇਲੇ ਇਹ ਗੱਲ ਧਿਆਨ ਵਿੱਚ ਰੱਖਣੀ ਜ਼ਰੂਰੀ ਹੈ ਕਿ ਹਰੀ ਖਾਦ ਦੀਆਂ ਫ਼ਸਲਾਂ ਦੀਆ ਜੜ੍ਹਾਂ ਵਿੱਚ ਵੱਧ ਤੋਂ ਵੱਧ ਗੰਢਾਂ ਹੋਣ ਤਾਂ ਜੋ ਹਵਾ ਵਿੱਚੋਂ ਨਾਈਟ੍ਰੋਜਨ ਜ਼ਮੀਨ ਵਿੱਚ ਜਮ੍ਹਾਂ ਕਰ ਸਕਣ, ਫਲੀਦਾਰ ਹੋਣ, ਛੇਤੀ ਵਧਣ ਅਤੇ ਜ਼ਿਆਦਾ ਝਾੜ ਦੇਣ ਵਾਲੀਆਂ ਹੋਣ। ਮਿੱਟੀ ਵਿੱਚ ਜੜ੍ਹਾਂ ਦੀ ਪਹੁੰਚ ਤੋਂ ਦੂਰ ਗਏ ਤੱਤਾਂ ਨੂੰ ਲੈਣ ਲਈ ਜੜ੍ਹਾਂ ਡੂੰਘੀਆਂ ਹੋਣ। ਇਸ ਤੋਂ ਇਲਾਵਾ ਬੀਜ ਸੌਖਾ ਅਤੇ ਸਸਤਾ ਮਿਲਦਾ ਹੋਵੇ, ਪਾਣੀ ਦੀ ਵਰਤੋਂ ਘੱਟ ਕਰਨ ਅਤੇ ਸੋਕੇ ਨੂੰ ਸਹਾਰਨ ਵਿੱਚ ਜ਼ਿਆਦਾ ਕਾਰਗਰ ਹੋਣ ਜਿਵੇਂ ਕਿ ਸਣ ਅਤੇ ਰਵਾਂਹ, ਢੈਂਚੇ ਨਾਲੋਂ ਘੱਟ ਪਾਣੀ ਨੂੰ ਸਹਾਰ ਲੈਂਦੇ ਹਨ।
ਹਰੀ ਖਾਦ ਦਾ ਮਿੱਟੀ ਦੀ ਸਿਹਤ ਉੱਪਰ ਪ੍ਰਭਾਵ: ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਹਰੀ ਖਾਦ ਦੀ ਵਰਤੋਂ ਪ੍ਰਭਾਵਸ਼ਾਲੀ ਅਤੇ ਸਸਤਾ ਤਰੀਕਾ ਹੈ। ਹਰੀ ਖਾਦ ਮਿੱਟੀ ਦਾ ਭੌਂ-ਖੋਰ ਘਟਾਉਣ ਦੇ ਨਾਲ-ਨਾਲ ਮਿੱਟੀ ਦੀ ਬਣਤਰ ਠੀਕ ਕਰਨ ਅਤੇ ਜ਼ਮੀਨ ਦੀ ਪਾਣੀ ਨੂੰ ਜਜ਼ਬ ਕਰਨ ਦੀ ਸਮਰੱਥਾ ਵੀ ਵਧਾਉਂਦੀ ਹੈ। ਹਰੀ ਖਾਦ ਦੀ ਵਰਤੋਂ ਕਰਨ ਨਾਲ ਝੋਨੇ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ਖਾਦ) ਪ੍ਰਤੀ ਏਕੜ ਦੀ ਬਚਤ ਹੁੰਦੀ ਹੈ ਅਤੇ ਝੋਨੇ ਦੀ ਫ਼ਸਲ ਵਿੱਚ ਲੋਹੇ ਦੀ ਘਾਟ ਆਉਣ ਦੇ ਆਸਾਰ ਵੀ ਘਟ ਜਾਂਦੇ ਹਨ। ਹਰੀ ਖਾਦ ਨੂੰ ਖੇਤ ਵਿੱਚ ਵਾਹੁਣ ਨਾਲ ਬਾਸਮਤੀ ਵਿੱਚ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ। ਕਣਕ ਤੋਂ ਬਾਅਦ ਬੀਜੀ ਗਰਮ ਰੁੱਤ ਦੀ ਮੂੰਗੀ ਦੀਆਂ ਫਲੀਆਂ ਤੋੜਨ ਉਪਰੰਤ ਮੂੰਗੀ ਦਾ ਹਰਾ ਟਾਂਗਰ ਝੋਨਾ ਲਾਉਣ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਦਬਾਉਣ ਨਾਲ ਝੋਨੇ ਦਾ ਝਾੜ ਵਧ ਜਾਂਦਾ ਹੈ ਅਤੇ ਨਾਈਟ੍ਰੋਜਨ ਦਾ ਤੀਜਾ ਹਿੱਸਾ ਘੱਟ ਪਾਉਣਾ ਪੈਂਦਾ ਹੈ। ਹਰੀ ਖਾਦ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਚੋਖਾ ਵਾਧਾ ਹੁੰਦਾ ਹੈ ਕਿਉਂਕਿ ਇਹ ਜ਼ਮੀਨ ਵਿੱਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਹੋਰ ਲਘੂ ਤੱਤਾਂ ਦੀ ਮਾਤਰਾ ਵਿੱਚ ਵਾਧਾ ਕਰਦੀ ਹੈ। ਹਰੀ ਖਾਦ ਤੋਂ ਬਾਅਦ ਬੀਜੀ ਜਾਣ ਵਾਲੀ ਫ਼ਸਲ ਵਿੱਚ ਨਦੀਨਾਂ ਦੀ ਸਮੱਸਿਆ ਘੱਟ ਆਉਂਦੀ ਹੈ ਕਿਉਂਕਿ ਹਰੀ ਖਾਦ ਵਾਲੀ ਫ਼ਸਲ ਜਲਦੀ ਵਧਣ ਕਰ ਕੇ ਨਦੀਨਾਂ ਨੂੰ ਦੱਬ ਲੈਂਦੀ ਹੈ ਅਤੇ ਜੋ ਨਦੀਨ ਖੇਤ ਵਿੱਚ ਉੱਗਦੇ ਪਏ ਹੋਣ ਉਹ ਬੀਜ ਬਣਨ ਤੋਂ ਪਹਿਲਾਂ ਹਰੀ ਖਾਦ ਨੂੰ ਖੇਤ ਵਿੱਚ ਵਾਹੁਣ ਸਮੇਂ ਖੇਤ ਵਿੱਚ ਦਬ ਜਾਂਦੇ ਹਨ। ਹਰੀ ਖਾਦ ਜ਼ਮੀਨ ਵਿੱਚ ਲਾਭਦਾਇਕ ਜੀਵਾਣੂੰਆਂ ਦੀ ਸੰਖਿਆ ਵਧਾਉਣ ਦੇ ਨਾਲ ਨਿਮਾਟੋਡ ਦੀ ਸਮੱਸਿਆ ਨੂੰ ਵੀ ਹੱਲ ਕਰਨ ਵਿੱਚ ਸਹਾਈ ਹੁੰਦੀ ਹੈ। ਹਰੀ ਖਾਦ ਦੀ ਵਰਤੋਂ ਨਾਲ ਖਾਰੀਆਂ ਜ਼ਮੀਨਾਂ ਵਿੱਚ ਮੁੜ ਸੁਧਾਰ ਕੀਤਾ ਜਾ ਸਕਦਾ ਹੈ।
ਹਰੀ ਖਾਦ ਦੀ ਕਾਸ਼ਤ: ਪੰਜਾਬ ਵਿੱਚ ਮੁੱਖ ਤੌਰ ’ਤੇ ਜੰਤਰ/ਢੈਚਾ, ਸਣ, ਰਵਾਂਹ ਆਦਿ ਫ਼ਸਲਾਂ ਹਰੀ ਖਾਦ ਦੇ ਤੌਰ ’ਤੇ ਵਰਤੀਆਂ ਜਾਂਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਹਰੀ ਖਾਦ ਲਈ ਜੰਤਰ ਦੀ ਪੰਜਾਬ ਢੈਂਚਾ-1, ਸਣ ਦੀ ਪੀਏਯੂ 1691 ਅਤੇ ਨਰਿੰਦਰ ਸਨਈ-1, ਰਵਾਂਹ ਲਈ ਸੀਐੱਲ 367 ਅਤੇ ਰਵਾਂਹ-88 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਖਾਦਾਂ ਵਿੱਚ ਨਾਈਟ੍ਰੋਜਨ ਦੇ ਸੁੱਕੇ ਮਾਦੇ ਦੀ ਮਾਤਰਾ ਪ੍ਰਤੀ ਏਕੜ (ਸਾਰਨੀ ਨੰਬਰ-1) ਵਿੱਚ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਸੁੱਕੇ ਮਾਦੇ ਦੇ ਵਿੱਚ ਫਾਸਫੋਰਸ 0.15 ਤੋਂ 0.20 ਫ਼ੀਸਦੀ, ਪੋਟਾਸ਼ 1.5-2.0 ਫ਼ੀਸਦੀ ਅਤੇ ਲਘੂ ਤੱਤ ਜਿਵੇਂ ਜ਼ਿੰਕ, ਤਾਂਬਾ, ਲੋਹਾ ਅਤੇ ਮੈਂਗਨੀਜ਼ ਆਦਿ 25-35, 12-18, 280-320 ਅਤੇ 600-700 ਪੀਪੀਐਮ ਕ੍ਰਮਵਾਰ ਮੌਜੂਦ ਹੁੰਦੇ ਹਨ। ਹਰੀ ਖਾਦ ਲਈ ਕਣਕ ਜਾਂ ਹੋਰ ਫ਼ਸਲ ਵੱਢਣ ਤੋਂ ਬਾਅਦ ਖੇਤ ਨੂੰ ਪਾਣੀ ਲਾ ਦੇਣਾ ਚਾਹੀਦਾ ਹੈ। ਬਿਜਾਈ ਸਮੇਂ ਢੈਂਚੇ ਦਾ ਬੀਜ 20 ਕਿਲੋ ਜਾਂ ਸਣ 12 ਕਿਲੋ ਰਵਾਂਹ ਜਿਹੜਾ ਅੱਠ ਘੰਟੇ ਲਈ ਭਿੱਜਾ ਹੋਵੇ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਦੇਣਾ ਚਾਹੀਦਾ ਹੈ। ਹਰੀ ਖਾਦ ਤੋਂ ਤੱਤਾਂ ਦੀ ਘਾਟ ਵਾਲੇ ਖੇਤਾਂ ਵਿੱਚ ਵੱਧ ਲਾਹਾ ਲੈਣ ਲਈ ਝੋਨੇ ਵਿੱਚ ਵਰਤੀ ਜਾਣ ਵਾਲੀ ਫਾਸਫੋਰਸ ਦੀ ਖਾਦ ਨੂੰ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਹਰੀ ਖਾਦ ਦੀ ਬਿਜਾਈ ਵੇਲੇ ਖੇਤ ਵਿੱਚ ਪਾ ਦੇਣਾ ਚਾਹੀਦਾ ਹੈ। ਇਸ ਨਾਲ ਹਰੀ ਖਾਦ ਦਾ ਵਾਧਾ ਚੰਗਾ ਹੋਣ ਦੇ ਨਾਲ ਨਾਈਟ੍ਰੋਜਨ ਜਮ੍ਹਾਂ ਕਰਨ ਦੀ ਸਮਰੱਥਾ ਵੀ ਵਧਦੀ ਹੈ ਅਤੇ ਝੋਨੇ ਦੀ ਫ਼ਸਲ ਨੂੰ ਫਾਸਫੋਰਸ ਵਾਲੀ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ। ਹਰੀ ਖਾਦ ਵਾਲੀ ਫ਼ਸਲ ਨੂੰ ਤਕਰੀਬਨ ਤਿੰਨ ਚਾਰ ਪਾਣੀਆਂ ਦੀ ਲੋੜ ਪੈਂਦੀ ਹੈ ਤੇ ਲਗਪਗ 40-50 ਦਿਨ ਜਦੋਂ ਫ਼ਸਲ ਫੁੱਲਾਂ ’ਤੇ ਆਉਂਦੀ ਹੈ, ਤਿਆਰ ਹੋ ਜਾਂਦੀ ਹੈ। 15 ਅਪਰੈਲ ਨੂੰ ਬੀਜੀ ਜਾਣ ਵਾਲੀ ਫ਼ਸਲ ਵੀ 10-15 ਜੂਨ ਦੇ ਨੇੜੇ ਤਿਆਰ ਹੋ ਜਾਂਦੀ ਹੈ। ਮੱਕੀ ਬੀਜਣ ਤੋਂ 10 ਦਿਨ ਪਹਿਲਾਂ ਅਤੇ ਝੋਨਾ ਲਾਉਣ ਤੋਂ ਇੱਕ ਦਿਨ ਪਹਿਲਾਂ ਹਰੀ ਖਾਦ ਦੀ ਫ਼ਸਲ ਤਵੀਆਂ ਜਾ ਰੋਟਾਵੇਟਰ ਨਾਲ ਵਾਹ ਦੇਣੀ ਚਾਹੀਦੀ ਹੈ। ਆਮ ਹਾਲਤਾਂ ਵਿੱਚ ਜੰਤਰ, ਰਵਾਂਹ ਜਾਂ ਸਣ ਦੀ ਫ਼ਸਲ ਖੇਤ ਵਿੱਚ ਦਬਾ ਦੇਣ ਨਾਲ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ਖਾਦ) ਦੀ ਬੱਚਤ ਕੀਤੀ ਜਾ ਸਕਦੀ ਹੈ। ਖਾਰੀਆਂ, ਕਲਰਾਠੀਆਂ ਅਤੇ ਨਵੀਆਂ ਵਾਹੀਯੋਗ ਜ਼ਮੀਨਾਂ ਦੇ ਵਿੱਚ ਸਣ ਅਤੇ ਢੈਂਚੇ ਦੀ ਹਰੀ ਖਾਦ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਢੈਂਚੇ ਦੀ ਹਰੀ ਖਾਦ ਦੀ ਵਰਤੋਂ ਨਾਲ ਝੋਨੇ ਦੀ ਫ਼ਸਲ ਵਿੱਚ ਲਘੂ ਤੱਤਾਂ (ਲੋਹੇ ਅਤੇ ਜ਼ਿੰਕ) ਦੀ ਘਾਟ ਵੀ ਨਹੀਂ ਆਉਂਦੀ। ਝੋਨੇ ਦੀ ਪਨੀਰੀ ਲਾਉਣ ਤੋ ਇੱਕ ਦਿਨ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦਾ ਟਾਂਗਰ ਨੂੰ ਖੇਤ ਵਿੱਚ ਦੱਬਣ ਨਾਲ ਨਾਈਟ੍ਰੋਜਨ ਵਾਲੇ ਖਾਦ ਦੀ ਤੀਜਾ ਹਿੱਸਾ ਬੱਚਤ ਕੀਤੀ ਜਾ ਸਕਦੀ ਹੈ। ਮੱਕੀ ਵਿੱਚ 40-50 ਦਿਨਾਂ ਦੀ ਹਰੀ ਖਾਦ ਅਤੇ 50 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਪਾਉਣ ਨਾਲ ਵਧੇਰੇ ਝਾੜ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਵਿੱਚ ਵੀ ਕਾਫ਼ੀ ਜ਼ਿਆਦਾ ਸੁਧਾਰ ਹੁੰਦਾ ਹੈ। ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਹਰੀਆਂ ਖਾਦਾਂ ਨੂੰ ਉਗਾਉਣਾ ਸਮੇਂ ਦੀ ਮੁੱਖ ਲੋੜ ਹੈ। ਜੇ ਹਰੀ ਖਾਦ ਦੀ ਫ਼ਸਲ ਵਿੱਚ ਕੀੜੇ-ਮਕੌੜਿਆਂ ਦੀ ਸਮੱਸਿਆ ਆਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਜਾਂ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਦੇ ਮਾਹਿਰਾਂ ਦੀ ਰਾਏ ਲੈਣੀ ਚਾਹੀਦੀ ਹੈ।
*ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ।

Advertisement
Author Image

joginder kumar

View all posts

Advertisement
Advertisement
×