For the best experience, open
https://m.punjabitribuneonline.com
on your mobile browser.
Advertisement

ਖੇਤੀਬਾੜੀ ਰਹਿੰਦ-ਖੂੰਹਦ ਨੂੰ ਅਸਾਸੇ ’ਚ ਤਬਦੀਲ ਕਰਨ ਲਈ ਗਰੀਨ ਹਾਈਡ੍ਰੋਜਨ ਨੀਤੀ ਲਾਹੇਵੰਦ ਸਾਬਤ ਹੋਵੇਗੀ: ਅਮਨ ਅਰੋੜਾ

04:46 PM Dec 08, 2023 IST
ਖੇਤੀਬਾੜੀ ਰਹਿੰਦ ਖੂੰਹਦ ਨੂੰ ਅਸਾਸੇ ’ਚ ਤਬਦੀਲ ਕਰਨ ਲਈ ਗਰੀਨ ਹਾਈਡ੍ਰੋਜਨ ਨੀਤੀ ਲਾਹੇਵੰਦ ਸਾਬਤ ਹੋਵੇਗੀ  ਅਮਨ ਅਰੋੜਾ
Advertisement

ਚੰਡੀਗੜ੍ਹ, 8 ਦਸੰਬਰ
ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਅੱਜ ਕਿਹਾ ਕਿ ਪੰਜਾਬ ਨੂੰ ਦੇਸ਼ ਭਰ ਵਿੱਚ ਗਰੀਨ ਅਤੇ ਸਾਫ਼-ਸੁਥਰੀ ਊਰਜਾ ਦੇ ਉਤਪਾਦਨ ਵਿੱਚ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਤਿਆਰ ਕੀਤੀ ਗਰੀਨ ਹਾਈਡ੍ਰੋਜਨ ਨੀਤੀ ਖੇਤੀਬਾੜੀ ਰਹਿੰਦ-ਖੂੰਹਦ ਨੂੰ ਅਸਾਸੇ ਵਿੱਚ ਤਬਦੀਲ ਕਰਨ ਵਾਸਤੇ ਲਾਹੇਵੰਦ ਸਾਬਤ ਹੋਵੇਗੀ। ਖਰੜਾ ਗਰੀਨ ਹਾਈਡ੍ਰੋਜਨ ਨੀਤੀ 'ਤੇ ਇੱਥੇ ਸੀਆਈਆਈ ਵਿਖੇ ਕਰਵਾਏ ਅੱਧੇ ਦਿਨ ਦੇ ਓਪਨ-ਹਾਊਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਇਸ ਨੀਤੀ ਦਾ ਉਦੇਸ਼ ਸਾਲ 2030 ਤੱਕ 100 ਕਿੱਲੋ ਟਨ ਉਤਪਾਦਨ ਸਮਰੱਥਾ ਦੇ ਨਾਲ ਪੰਜਾਬ ਨੂੰ ਗਰੀਨ ਹਾਈਡ੍ਰੋਜਨ/ਅਮੋਨੀਆ ਦੇ ਉਤਪਾਦਨ ਵਿੱਚ ਮੋਹਰੀ ਸੂਬਾ ਬਣਾਉਣਾ ਹੈ। ਇਸ ਤੋਂ ਇਲਾਵਾ ਹਾਈਡ੍ਰੋਜਨ ਪੈਦਾ ਕਰਨ ਦੀਆਂ ਨਵੀਨਤਮ ਉਤਪਾਦਨ ਸਮਰੱਥਾਵਾਂ ਜਿਵੇਂ ਬਾਇਓਮਾਸ ਗੈਸੀਫ਼ਿਕੇਸ਼ਨ, ਸਟੀਮ ਮੀਥੇਨ ਰਿਫਾਰਮਿੰਗ, ਵੇਸਟ ਵਾਟਰ ਦੀ ਇਲੈਕਟ੍ਰੋਲਾਈਸਿਸ, ਹਾਈਡ੍ਰੋਜਨ ਫਿਊਲ ਬਲੈਂਡਿੰਗ ਆਦਿ ਵਿਕਸਤ ਕਰਨਾ ਹੈ। ਇਹ ਪਹਿਲਕਦਮੀ ਬਾਇਓਮਾਸ ਤੋਂ ਗਰੀਨ ਹਾਈਡ੍ਰੋਜਨ ਪੈਦਾ ਕਰਨ ਲਈ ਤਕਨੀਕਾਂ ਖੋਜਣ ਲਈ ਰਾਹ ਪੱਧਰਾ ਕਰੇਗੀ।
ਪੰਜਾਬ ਮੁੱਖ ਤੌਰ 'ਤੇ ਬਾਇਓਮਾਸ ਤੋਂ ਗਰੀਨ ਹਾਈਡ੍ਰੋਜਨ ਦੇ ਉਤਪਾਦਨ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਕਿਉਂਕਿ ਸੂਬੇ ਵਿੱਚ ਸਾਲਾਨਾ 2.0 ਕਰੋੜ ਟਨ ਪਰਾਲੀ ਪੈਦਾ ਹੁੰਦੀ ਹੈ। ਗਰੀਨ ਹਾਈਡ੍ਰੋਜਨ ਦੀ ਮਹੱਤਤਾ ਅਤੇ ਇਸ ਦੀ ਵਰਤੋਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਪੇਡਾ ਦੇ ਚੇਅਰਮੈਨ ਐੱਚਐੱਸ ਹੰਸਪਾਲ ਨੇ ਕਿਹਾ ਕਿ ਇਸ ਨੀਤੀ ਜ਼ਰੀਏ ਸਿਰਫ਼ ਟੀਚੇ ਹੀ ਨਿਰਧਾਰਿਤ ਨਹੀਂ ਕੀਤੇ ਗਏ, ਸਗੋਂ ਇਹ ਸੂਬੇ ਦੇ ਭਵਿੱਖ ਲਈ ਵਚਨਬੱਧਤਾ ਦਾ ਪ੍ਰਮਾਣ ਹੈ।

Advertisement

ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਭਵਿੱਖ ਵਿੱਚ ਗਰੀਨ ਊਰਜਾ ਦੇ ਉਤਪਾਦਨ ਵਿੱਚ ਅਹਿਮ ਯੋਗਦਾਨ ਪਾਉਣ ਵਾਸਤੇ ਦੇਸ਼ ਦਾ ਮੋਹਰੀ ਬਣਨ ਲਈ ਵਚਨਬੱਧ ਹੈ ਜਿਸ ਨਾਲ ਨਾ ਸਿਰਫ਼ ਖੁਸ਼ਹਾਲੀ ਆਵੇਗੀ ਸਗੋਂ ਦੇਸ਼ ਦੀ ਊਰਜਾ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾ ਸਕੇਗਾ। ਡਾਇਰੈਕਟਰ ਐੱਮਪੀ ਸਿੰਘ ਨੇ ਪੇਡਾ ਦੀਆਂ ਵੱਖ-ਵੱਖ ਪਹਿਲਕਦਮੀਆਂ ਨੂੰ ਸਾਂਝਾ ਕੀਤਾ ਜੋ ਸੂਬੇ ਦੀਆਂ ਊਰਜਾ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਪਰਾਲੀ ਦੀ ਵਰਤੋਂ ਕਰਕੇ ਲਾਹੇਵੰਦ ਈਂਧਨ/ਊਰਜਾ ਵਿੱਚ ਤਬਦੀਲ ਕਰਨ ਸਬੰਧੀ ਰਣਨੀਤੀ 'ਤੇ ਆਧਾਰਿਤ ਹਨ। ਇੰਟਰਡਿਸਿਪਲਨਰੀ ਸੈਂਟਰ ਫਾਰ ਐਨਰਜੀ ਐਂਡ ਰਿਸਰਚ, ਆਈਆਈਐੱਸਸੀ, ਬੰਗਲੌਰ ਦੇ ਚੇਅਰਮੈਨ ਪ੍ਰੋ. ਡਾ. ਐੱਸ. ਦਸੱਪਾ ਅਤੇ ਡਾਇਰੈਕਟਰ ਜਨਰਲ ਨੈਸ਼ਨਲ ਇੰਸਟੀਚਿਊਟ ਆਫ਼ ਬਾਇਓ-ਐਨਰਜੀ, ਐੱਮਐੱਨਆਰਈ, ਭਾਰਤ ਸਰਕਾਰ ਡਾ. ਜੀ. ਸ੍ਰੀਧਰ ਨੇ ਗਰੀਨ ਅਤੇ ਸਾਫ਼-ਸੁਥਰੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਪੇਡਾ ਵੱਲੋਂ ਕੀਤੀਆਂ ਪਹਿਲਕਦਮੀਆਂ ਦੀ ਸ਼ਲਾਘਾ ਵੀ ਕੀਤੀ। ਡਾ. ਐੱਸ. ਦਸੱਪਾ ਨੇ ਬਾਇਓਮਾਸ ਤੋਂ ਹਾਈਡ੍ਰੋਜਨ ਪੈਦਾ ਕਰਨ ਲਈ ਨਵੀਨਤਮ ਤਕਨਾਲੋਜੀ ਬਾਰੇ ਇੱਕ ਪੇਸ਼ਕਾਰੀ ਦਿੱਤੀ। ਪੇਡਾ ਤੋਂ ਰੋਹਿਤ ਕੁਮਾਰ ਨੇ ਵੀ ਪੰਜਾਬ ਰਾਜ ਲਈ ਡਰਾਫਟ ਗਰੀਨ ਹਾਈਡ੍ਰੋਜਨ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਪੇਸ਼ਕਾਰੀ ਦਿੱਤੀ। ਇਸ ਸੈਸ਼ਨ ਵਿੱਚ ਐੱਨਐੱਲਟੀ, ਐੱਚਐੱਮਈਐੱਲ, ਐੱਚਪੀਸੀਐੱਲ, ਗੇਲ, ਇੰਡੀਅਨ ਆਇਲ, ਐੱਨਐੱਫਐੱਲ, ਵਰਧਮਾਨ, ਸਪੋਰਟਕਿੰਗ, ਐੱਚਐੱਮਈਐੱਲ, ਨਾਹਰ ਗਰੁੱਪ ਅਤੇ ਉਦਯੋਗਿਕ ਐਸੋਸੀਏਸ਼ਨਾਂ, ਕੰਸਲਟੈਂਸੀ ਫਰਮਾਂ, ਅਕਾਦਮਿਕ ਸੰਸਥਾਵਾਂ, ਐਨਰਜੀ ਆਡੀਟਰਾਂ/ਪ੍ਰਬੰਧਕਾਂ ਸਮੇਤ ਉਦਯੋਗਾਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।

Advertisement
Author Image

Advertisement
Advertisement
×