For the best experience, open
https://m.punjabitribuneonline.com
on your mobile browser.
Advertisement

ਸਿਟੀ ਬਿਊਟੀਫੁਲ ਦੇ 11 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ

07:11 AM Aug 21, 2024 IST
ਸਿਟੀ ਬਿਊਟੀਫੁਲ ਦੇ 11 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ
ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਮੀਟਿੰਗ ’ਚ ਚਰਚਾ ਕਰਦੇ ਹੋਏ ਮੈਂਬਰ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 20 ਅਗਸਤ
ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਅੱਜ ਹੋਈ ਅਹਿਮ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਲਗਪਗ 11 ਕਰੋੜ ਰੁਪਏ ਤੋਂ ਵੱਧ ਦੇ ਅਨੁਮਾਨਤ ਖ਼ਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਲਗਪਗ ਸਾਢੇ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਐੱਲਪੀਜੀ ਸ਼ਮਸ਼ਾਨਘਾਟ ਸੈਕਟਰ-25 ਚੰਡੀਗੜ੍ਹ ਵਿਖੇ ਅਣਪਛਾਤੀਆਂ ਤੇ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ। ਕਮੇਟੀ ਮੈਂਬਰਾਂ ਨੇ ਮੀਟਿੰਗ ਵਿੱਚ ਪੇਸ਼ ਪੰਜ ਟੀਪੀਡੀ ਬਾਇਓ-ਮੀਥੇਨੇਸ਼ਨ ਪਲਾਂਟ, ਇੰਡਸਟਰੀਅਲ ਏਰੀਆ ਫੇਜ਼-1, ਚੰਡੀਗੜ੍ਹ ਲਈ ਅਨੁਮਾਨਿਤ ਲਾਗਤ 30.87 ਲੱਖ ਰੁਪਏ, ਵਾਹਨਾਂ ਦੀ ਆਵਾਜਾਈ ਲਈ ਵਿੰਡੋ ਪੈਡ ਤੇ ਐਡਮਿਨ ਬਲਾਕ ਦੇ ਦਰਮਿਆਨ ਆਰਸੀਸੀ ਫੁਟਪਾਥ ਦੀ ਉਸਾਰੀ ਅਤੇ ਸੈਕਟਰ-25 ਵੈਸਟ ਚੰਡੀਗੜ੍ਹ ਵਿੱਚ ਵਾਹਨ ਧੋਣ ਲਈ ਫੁਟਪਾਥ ਦੀ ਉਸਾਰੀ ਲਈ ਅਨੁਮਾਨਿਤ ਲਾਗਤ 22.32 ਲੱਖ ਰੁਪਏ, ਸੈਕਟਰ 9 ਤੇ 10 ਦੇ ਸਾਹਮਣੇ ਪੇਵਰ ਬਲਾਕਾਂ ਦੀ ਅਨੁਮਾਨਿਤ ਲਾਗਤ 47.91 ਲੱਖ ਰੁਪਏ, ਸਾਰੰਗਪੁਰ ਪਿੰਡ ਦੇ ਸ਼ਮਸ਼ਾਨਘਾਟ ਦੀ ਵਿਸ਼ੇਸ਼ ਮੁਰੰਮਤ ਦੀ ਅਨੁਮਾਨਿਤ ਲਾਗਤ 41.43 ਲੱਖ ਰੁਪਏ, ਸੈਕਟਰ-44 ਏ, ਬੀ ਅਤੇ ਡੀ ਵਿੱਚ ਵੀ-5 ਸੜਕ ਦੇ ਨਾਲ ਪੈਦਲ ਪਥ ਦੀ ਉਸਾਰੀ ਲਈ 40.10 ਲੱਖ ਰੁਪਏ ਮਨਜ਼ੂਰ ਕੀਤੇ ਹਨ। ਇਸੇ ਤਰ੍ਹਾਂ ਸੈਕਟਰ-26 ਦੀ ਬਾਪੂਧਾਮ ਕਲੋਨੀ ਵਿੱਚ ਵੱਖ-ਵੱਖ ਥਾਵਾਂ ’ਤੇ ਮਸ਼ੀਨ ਹੋਲ ਚੈਂਬਰ ਬਣਾਉਣ ਦੇ ਨਾਲ-ਨਾਲ ਸੀਵਰੇਜ ਸਿਸਟਮ ਦੀ ਮਜ਼ਬੂਤੀ ਲਈ 46.42 ਲੱਖ ਰੁਪਏ, ਇੰਡਸਟਰੀਅਲ ਫੇਜ਼-1 ਵਿੱਚ ਸਿਟਕੋ ਢਾਬੇ ਨੇੜੇ ਦੀਆਂ ਸੜਕਾਂ ’ਤੇ ਸਟਰੀਟ ਲਾਈਟ ਵਿਵਸਥਾ ਲਈ ਅਨੁਮਾਨਿਤ 31.28 ਲੱਖ ਰੁਪਏ, ਸੈਕਟਰ-48 ਤੇ ਸੈਕਟਰ-32 ਵਿੱਚ ‘ਵੇਸਟ ਟੂ ਵੰਡਰ ਪਾਰਕ’ ਵਿੱਚ ਅਪਾਹਜਾਂ ਲਈ ਅਨੁਕੂਲ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਅਨੁਮਾਨਿਤ ਲਾਗਤ 32.49 ਲੱਖ ਰੁਪਏ, ਸੈਕਟਰ 33 ਵਿੱਚ ਟੈਰਸਡ ਗਾਰਡਨ ਵਿੱਚ ਹਾਈ ਮਾਸਟ ਅਤੇ ਸੋਲਰ ਲਾਈਟ ਦੀ ਵਿਵਸਥਾ ਲਈ 45.66 ਲੱਖ ਰੁਪਏ, ਈਡਬਲਿਊਐੱਸ ਕਲੋਨੀ ਰਾਮਦਰਬਾਰ ਵਿੱਚ ਹਾਈ ਮਾਸਟ ਲਾਈਟ ਤੇ ਸੋਲਰ ਲਾਈਟ ਲਈ 33.72 ਲੱਖ ਦੀ ਅਨੁਮਾਨਿਤ ਲਾਗਤ ਸਮੇਤ ਹੋਰ ਏਜੰਡੇ ਵਿਚਾਰ-ਵਟਾਂਦਰੇ ਮਗਰੋਂ ਪਾਸ ਕੀਤੇ ਗਏ ਹਨ।
ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਸੈਕਟਰਾਂ, ਪਿੰਡਾਂ ਅਤੇ ਕਲੋਨੀਆਂ ਵਿੱਚ ਜਨਤਕ ਪਖਾਨਿਆਂ ਦੀ ਸਾਂਭ-ਸੰਭਾਲ ਸਬੰਧੀ ਪੇਸ਼ ਕੀਤੇ ਗਏ ਮਤੇ ਨੂੰ ਭਲਕੇ ਹੋਣ ਵਾਲੀ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਚਰਚਾ ਲਈ ਭੇਜਣਾ ਦਾ ਫ਼ੈਸਲਾ ਕੀਤਾ ਗਿਆ। ਕਮੇਟੀ ਦੀ ਮੀਟਿੰਗ ਦੌਰਾਨ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਸਮੇਤ ਕਮੇਟੀ ਦੇ ਮੈਂਬਰ ਕੌਂਸਲਰ ਜਸਵਿੰਦਰ ਕੌਰ, ਮਹੇਸ਼ਇੰਦਰ ਸਿੰਘ ਸਿੱਧੂ, ਰਾਮ ਚੰਦਰ ਯਾਦਵ, ਤਰੁਣਾ ਮਹਿਤਾ ਅਤੇ ਨਗਰ ਨਿਗਮ ਦੇ ਹੋਰ ਉੱਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।

ਚੰਡੀਗੜ੍ਹ ਨਿਗਮ ਹਾਊਸ ਦੀ ਮੀਟਿੰਗ ਅੱਜ

ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮਹੀਨਾਵਾਰ ਮੀਟਿੰਗ ਭਲਕੇ ਹੋਣ ਜਾ ਰਹੀ ਹੈ। ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਸਮੇਤ ਪੇਸ਼ ਕੀਤੇ ਜਾਣ ਵਾਲੇ ਹੋਰ ਮਤਿਆਂ ਬਾਰੇ ਚਰਚਾ ਕੀਤੀ ਜਾਵੇਗੀ। ਸੱਤਾਧਾਰੀ ‘ਇੰਡੀਆ’ ਗੱਠਜੋੜ ਦੀਆਂ ਭਾਈਵਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਅਤੇ ਵਿਰੋਧੀ ਪਾਰਟੀ ਭਾਜਪਾ ਦੇ ਕੌਂਸਲਰਾਂ ਨੇ ਇਸ ਸਬੰਧੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਦੋਵੇਂ ਧਿਰਾਂ ਭਲਕੇ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ’ਤੇ ਇੱਕ-ਦੂਜੇ ਨੂੰ ਘੇਰਨ ਦੀ ਤਿਆਰੀ ਵਿੱਚ ਹਨ। ਮੀਟਿੰਗ ਦੌਰਾਨ ਜਿਥੇ ਭਾਜਪਾ ਵੱਲੋਂ ਮੁਫ਼ਤ ਬਿਜਲੀ ਅਤੇ ਪਾਣੀ ਦੇ ਮੁੱਦੇ ਨੂੰ ਲੈ ਕੇ ‘ਇੰਡੀਆ’ ਗੱਠਜੋੜ ਤੋਂ ਜਵਾਬ ਮੰਗਿਆ ਜਾ ਸਕਦਾ ਹੈ, ਉਥੇ ਸੱਤਾਧਾਰੀ ਧਿਰ ਵੱਲੋਂ ਸ਼ਹਿਰ ਦੇ ਭਾਜਪਾ ਪਾਰਟੀ ਦੇ ਸਾਬਕਾ ਮੇਅਰ ’ਤੇ ਪਾਰਕਿੰਗ ਠੇਕੇ ਨੂੰ ਲੈ ਕੇ ਲੱਗੇ ਦੋਸ਼ਾਂ ਅਤੇ ਮੈਟਰੋ ਪ੍ਰਾਜੈਕਟ ਬਾਰੇ ਸ਼ਹਿਰ ਵਾਸੀਆਂ ਨੂੰ ਕਥਿਤ ਧੋਖੇ ਵਿੱਚ ਰੱਖਣ ਸਬੰਧੀ ਵੀ ਜਵਾਬ ਮੰਗਿਆ ਜਾ ਸਕਦਾ ਹੈ। ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਚੰਡੀਗੜ੍ਹ ਦੇ ਨਵੇਂ ਪ੍ਰਸ਼ਾਸਕ ਲਾਏ ਜਾਣ ਮਗਰੋਂ ਨਿਗਮ ਹਾਊਸ ਦੀ ਇਹ ਪਹਿਲੀ ਮੀਟਿੰਗ ਹੈ। ਇਸ ਤੋਂ ਪਹਿਲਾਂ ਬਨਵਾਰੀ ਲਾਲ ਪੁਰੋਹਿਤ ਚੰਡੀਗੜ੍ਹ ਦੇ ਪ੍ਰਸ਼ਾਸਕ ਸਨ।

Advertisement

Advertisement
Author Image

Advertisement