ਸਕੂਲੀ ਵਿਦਿਆਰਥੀਆਂ ਲਈ ਮੁਫ਼ਤ ਬੱਸ ਨੂੰ ਹਰੀ ਝੰਡੀ
ਪੱਤਰ ਪ੍ਰੇਰਕ
ਟੱਲੇਵਾਲ, 5 ਜੁਲਾਈ
ਪਿੰਡ ਦੀਵਾਨਾ ਦੀਆਂ ਧਾਰਮਿਕ ਸੰਸਥਾਵਾਂ ਵਲੋਂ ਸਰਕਾਰੀ ਸਕੂਲ ਦੇ ਬੱਚਿਆਂ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਡੇਰਾ ਬਾਬਾ ਅਗੰਧ ਅਤੇ ਧਰਮਸ਼ਾਲਾ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਮਿਲ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਕਾਰਜ ਲਈ ਪਿੰਡ ਦੇ ਸਮਾਜ ਸੇਵੀ ਐਨ.ਆਰ.ਆਈਜ ਦਾ ਵੱਡਾ ਯੋਗਦਾਨ ਹੈ। ਇਸ ਬੱਸ ਨੂੰ ਗੁਰਦੁਆਰਾ ਸਾਹਿਬ ਦੀਵਾਨਾ ਤੋਂ ਬਾਬਾ ਸੂਬਾ ਸਿੰਘ ਜੀ ਚੰਦੂਆਣਾ ਸਾਹਿਬ ਵਾਲਿਆਂ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਿਆ। ਇਸ ਦੌਰਾਨ ਗ੍ਰਾਮ ਪੰਚਾਇਤ ਦੀਵਾਨਾ, ਯੁਵਕ ਸੇਵਾਵਾਂ ਕਲੱਬ, ਗੁਰੂ ਗੋਬਿੰਦ ਸਿੰਘ ਜੀ ਸਪੋਰਟਸ ਕਲੱਬ, ਭਗਤ ਰਵਿਦਾਸ ਜੀ ਪ੍ਰਬੰਧਕ ਕਮੇਟੀ ਤੇ ਬਾਬਾ ਜੀਵਨ ਸਿੰਘ ਜੀ ਪ੍ਰਬੰਧਕ ਕਮੇਟੀ, ਭਾਈ ਘਨ੍ਹਈਆ ਜੀ ਪ੍ਰਬੰਧਕ ਕਮੇਟੀ ਤੇ ਮੰਦਰ ਕਮੇਟੀ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਰਿਹਾ। ਪਿੰਡ ਵਾਸੀਆਂ ਨੇ ਦੱਸਿਆ ਕਿ ਦੀਵਾਨਾ ਦੇ ਸਰਕਾਰੀ ਸਕੂਲ ਵਿੱਚ ਬੁਰਜ ਕਲਾਲਾ ਅਤੇ ਨਰੈਣਗੜ੍ਹ ਸੋਹੀਆਂ ਤੋਂ ਬੱਚੇ ਪੜ੍ਹਨ ਆਉਂਦੇ ਹਨ ਜੋ ਇਸ ਬੱਸ ਰਾਹੀਂ ਸਕੂਲ ਆ ਸਕਣਗੇ। ਇਹ ਬੱਸ ਕਰੀਬ 3 ਲੱਖ ਦੀ ਲਾਗਤ ਨਾਲ ਤਿੰਨੇ ਧਾਰਮਿਕ ਸੰਸਥਾਵਾਂ ਨੇ ਤਿਆਰ ਕਰਵਾਈ ਹੈ।